ਸ਼ਿਕਾਇਤੇਂ ਭੀ ਵਹੀਂ ਹੈਂ ਜਹਾਂ ਮੁਹੱਬਤ ਹੈ!
- ਨੀਲਮ ਸ਼ਰਮਾ ‘ਅੰਸ਼ੂ’
ਰਸ਼ਮੀ ਸੋਚ ਰਹੀ ਸੀ—ਆਖਿਰ ਅਜਿਹਾ ਕੀ ਹੋ
ਗਿਆ? ਬਹੁਤ ਜ਼ੋਰ ਲਗਾ ਕੇ
ਵੀ ਉਹ ਸਮਝ ਨਹੀਂ ਸਕੀ ਕਿ ਇਹ ਸਭ ਕਿਉਂ ਹੋਇਆ। ਦਿਵਾਕਰ ਨੇ ਅਚਾਨਕ ਇਸ ਤਰ੍ਹਾਂ ਪੈਂਤਰਾ ਕਿਉਂ ਬਦਲ
ਲਿਆ? ਉਹ ਇੰਝ ਕਿਵੇਂ ਕਰ ਸਕਿਆ?
ਕਰਨਾ ਤਾਂ ਦੂਰ
ਦੀ ਗੱਲ, ਉਹ ਤਾਂ ਸੋਚ ਵੀ ਨਹੀਂ
ਸਕਦੀ ਸੀ। ਅਚਾਨਕ ਉਸ ਨੂੰ ਕੀ ਹੋ ਗਿਆ ਸੀ? ਉਹ ਆਪਣੇ ਹੀ ਮਨ ਨੂੰ ਤਰਜੀਹ ਦੇਣ ਲੱਗ ਪਿਆ ਸੀ—ਅੱਜ ਮੇਰਾ ਜੀ ਨਹੀਂ ਕਰਦਾ, ਮੇਰਾ ਦਿਲ ਨਹੀਂ ਚਾਹੁੰਦਾ, ਵਗੈਰਾ, ਵਗੈਰਾ। ਉਸਦੇ ਮਨ ਦੀ
ਖ਼ਾਹਿਸ਼ ਦੇ ਸਾਹਮਣੇ ਰਸ਼ਮੀ ਦੇ ਮਨ ਦੀ ਖ਼ਾਹਿਸ਼ ਕੋਈ ਮਾਇਨੇ ਨਹੀਂ ਰੱਖਦੀ ਨਜ਼ਰ ਆਉਂਦੀ ਸੀ। ਅਣਖ ਤਾਂ
ਦੋਹਾਂ ਵਿੱਚ ਸੀ। ਰਸ਼ਮੀ ਨੇ ਕਦੇ ਆਪਣੀ ਅਣਖ ਨੂੰ ਤਰਜੀਹ ਨਹੀਂ ਦਿੱਤੀ ਸੀ। ਹਮੇਸ਼ਾ ਦਿਵਾਕਰ
ਦੀ ਖ਼ਾਹਿਸ਼ ਨੂੰ ਤਰਜੀਹ ਦਿੱਤੀ, ਆਪਣੀ ਖ਼ਾਹਿਸ਼ ਦਾ ਗਲ ਘੁੱਟਿਆ। ਉਸਨੂੰ
ਲੱਗਦਾ ਸੀ ਕਿ ਦੋਸਤੀ ਵਿੱਚ ਹੰਕਾਰ ਨਾਂ ਦੀ ਚੀਜ਼ ਕਦੇ ਰੁਕਾਵਟ ਨਹੀਂ ਬਣਨੀ ਚਾਹੀਦੀ।
ਕਦੇ-ਕਦੇ
ਰਸ਼ਮੀ ਨੂੰ ਲੱਗਦਾ ਸੀ ਕਿ ਦਿਵਾਕਰ ਦੀ ਗੱਲ ਸਹੀ ਸੀ। ਉਹ ਕਹਿੰਦਾ, ‘ਮੇਰੀ ਪਤਨੀ ਕਹਿੰਦੀ ਹੈ ਕਿ ਤੁਹਾਨੂੰ ਔਰਤਾਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ ਆਉਂਦਾ। ਤੁਹਾਡੇ ਪਰਿਵਾਰ ਵਿੱਚ ਧੀ, ਭੈਣ, ਭੂਆ ਜੋ ਨਹੀਂ ਸੀਗਿਆਂ। ਤੁਸੀ ਔਰਤਾਂ ਨੂੰ ਸਮਝ ਨਹੀਂ ਪਾਂਦੇ।’
ਰਸ਼ਮੀ ਨਾਲ
ਦੋਸਤੀ ਦੀ ਗੱਲ ਸੁਣਕੇ ਉਸਦੀ ਪਤਨੀ ਰਾਜ ਬਹੁਤ ਖੁਸ਼ ਹੋਈ ਸੀ। ਹੈਰਾਨੀ ਵੀ ਹੋਈ ਕਿ ਆਮ ਔਰਤਾਂ ਵਾਂਗ
ਈਰਖਾ ਨਾ ਹੋਕੇ,
ਉਸਨੂੰ ਸਗੋਂ ਖੁਸ਼ੀ ਹੀ ਹੋਈ ਸੀ ਕਿ ਕੋਈ ਜ਼ਹੀਨ ਔਰਤ ਉਸਦੇ ਪਤੀ ਦੀ ਦੋਸਤ ਵੀ ਹੈ।
ਰਸ਼ਮੀ ਨੂੰ
ਬਹੁਤ ਬੁਰਾ ਲੱਗਿਆ, ਜਦੋਂ ਹੋਲੀ ਵਰਗੇ ਤਿਉਹਾਰ ਦੇ ਦਿਨ ਸ਼ਾਮ ਨੂੰ ਦਿਵਾਕਰ ਨੇ ਖੁਦ ਹੀ
ਮਿਲਣ ਦਾ ਸਮਾਂ ਮੁਕੱਰਰ ਕੀਤਾ। ਫਿਰ ਮਿਲਣ ’ਤੇ…… ਉਸਦਾ ਰਵੱਈਆ
ਪਹੇਲੀ ਵਾਂਗ ਲੱਗ ਰਿਹਾ ਸੀ। ਆਉਂਦੇ ਹੀ ਕਹਿਣ ਲੱਗਾ,‘ਜੋ ਵੀ ਗੱਲ-ਬਾਤ
ਕਰਨੀ ਹੈ,
ਜਲਦੀ ਕਰੋ,
ਮੈਨੂੰ ਜਰੂਰੀ ਕੰਮ ਹੈ, ਕਿਤੇ ਜਾਣਾ ਹੈ।’
ਰਸ਼ਮੀ ਹੈਰਾਨ
ਸੀ ਕਿ ਦੋ ਘੜੀ ਗੱਲਾਂ ਵੀ ਨਹੀਂ ਕੀਤੀਆਂ ਅਤੇ
ਆਉਂਦੇ ਹੀ ਫ਼ਰਮਾਨ ਸੁਣਾ ਦਿੱਤਾ ਕਿ ਮੈਂ ਕਿਤੇ ਜਾਣਾ ਹੈ। ਰਸ਼ਮੀ ਨੂੰ ਇਹ ਤੁਕ ਸਮਝ ਨਹੀਂ ਆਈ। ਜੇ ਆਉਂਦੇ
ਹੀ ਤੁਰੰਤ ਜਰੂਰੀ ਕੰਮ ਤੋਂ ਕਿਤੇ ਜਾਣਾ ਸੀ, ਤਾਂ ਫਿਰ ਉਸਨੂੰ ਕਿਉਂ ਸੱਦਿਆ ਸੀ? ਕੀ ਲੋੜ ਸੀ?
ਰਸ਼ਮੀ ਨੂੰ
ਹੋਲੀ ਦਾ ਕਿੰਨਾ ਚਾਅ ਸੀ। ਸੋਚਿਆ ਸੀ, ‘ਚਲੋ, ਇਸੇ ਬਹਾਨੇ ਹੋਲੀ ਮਨ ਜਾਵੇਗੀ, ਵਰਨਾ ਵਰ੍ਹੇ ਬੀਤ ਗਏ ਸਨ ਅਬੀਰ ਅਤੇ
ਗੁਲਾਲ ਦੀ ਛੋਹ ਨੂੰ ਤਰਸਦਿਆਂ। ਦਿਵਾਕਰ ਦੀ ਕਾਹਲ ਦੇਖ ਕੇ ਮਨ ਮਸੋਸ ਕੇ ਕਹਿ ਦਿੱਤਾ, ‘ਤੁਹਾਨੂੰ ਕਾਹਲ ਹੈ ਤਾਂ ਤੁਸੀ ਚਲੇ ਜਾਉ, ਕਿਤੇ ਦੇਰ
ਨਾ ਹੋ ਜਾਵੇ।’ ਅਤੇ ਉਹ
ਉਸਨੂੰ ਉੱਥੇ ਕੱਲੀ ਛੱਡ ਕੇ ਅਗਾਂਹ ਵਧ ਗਿਆ।
ਰਸ਼ਮੀ ਹੈਰਾਨ
ਸੀ। ਕਿਸੇ ਤਰ੍ਹਾਂ ਆਪਣੇ ਆਪ ਨੂੰ ਸਾਂਭਿਆ। ਬੜੇ ਚਾਅ ਨਾਲ ਫੁੱਲ ਲੈਕੇ ਗਈ ਸੀ ਕਿ ਫੁੱਲਾਂ ਨਾਲ ਔਰਗੈਨਿਕ
ਹੋਲੀ ਮਨਾਵਾਂਗੇ ਅਤੇ ਦਿਵਾਕਰ ਦੇ ਜਾਂਦਿਆਂ ਹੀ ਗੁੱਸੇ ਵਿੱਚ ਸਾਰੇ ਫੁੱਲ ਪਰੇ ਸੁੱਟ ਮਾਰੇ। ਭਲਾ ਫੁੱਲਾਂ
ਦਾ ਕੀ ਕਸੂਰ ਹੋਇਆ? ਕਿਸੇ ਤਰ੍ਹਾਂ ਆਪਣੇ ਆਪ ਨੂੰ ਘਸੀਟਦੇ ਹੋਏ ਘਰ ਆਈ। ਮਨ ਹੀ ਮਨ ਫੈਸਲਾ
ਕੀਤਾ ਕਿ ਹੁਣ ਦੋਹਾਂ ਵਿੱਚ ਕੁਝ ਨਹੀਂ ਬਚਿਆ। ਸ਼ੀਸ਼ੇ ਵਿੱਚ ਇੱਕ ਵਾਰ ਤਰੇੜ ਪੈ ਜਾਵੇ ਤਾਂ ਫਿਰ ਉਹ
ਜੁੜਦਾ ਨਹੀਂ। ਨਹੀਂ, ਜੋ ਵੀ ਹੋਵੇ, ਇਹ ਰਿਸ਼ਤਾ ਨਹੀਂ ਨਿਭਣ ਵਾਲਾ।
ਪਹਿਲੀ ਵਾਰ
ਸੋਚਿਆ ਕਿ ਕਿਉਂ ਨਰਮ ਪੈ ਜਾਂਦੀ ਹਾਂ ਦਿਵਾਕਰ ਦੇ ਸਾਹਮਣਏ। ਆਪਣੀ ਅਣਖ
ਨੂੰ ਸਿਰ ਚੁੱਕਣ ਕਿਉਂ ਨਹੀਂ ਦਿੰਦੀ? ਜਵਾਬ ਮਿਲਦਾ, ਇਹੋ ਹੀ ਤਾਂ ਚਾਹਤ ਹੈ, ਸਮਰਪਣ ਹੈ। ਚਾਹਤ ਦਾ ਤਕਾਜ਼ਾ ਹੈ, ਜਿਸਨੂੰ ਤੁਸੀਂ ਦਿਲ-ਓ-ਜਾਨ ਨਾਲ ਚਾਹੋ, ਉਸਦੇ ਲਈ
ਕਠੋਰ ਕਿਵੇਂ ਹੋ ਸਕਦੇ ਹੋ? ਫਿਰ ਉਹ ਤੁਹਾਡਾ ਆਪਣਾ ਕਿੰਨਾ ਕਰੀਬੀ ਹੀ ਕੋਈ ਕਿਉਂ ਨਾ ਹੋਵੇ।
ਨਹੀਂ, ਕਠੋਰ ਤਾਂ
ਬਣਨਾ ਹੀ ਪਵੇਗਾ। ਅਤੇ ਹੁਣ ਰਸ਼ਮੀ ਨੇ ਦ੍ਰਿੜ ਨਿਸ਼ਚੈ ਕਰ ਲਿਆ ਸੀ
ਕਿ ਉਹ ਆਪਣੇ ਵਲ੍ਹੋਂ ਕੋਈ ਪਹਿਲ ਨਹੀਂ ਕਰੇਗੀ, ਕੋਈ ਰਾਬਤਾ ਨਹੀਂ ਕਰੇਗੀ ਉਸਦੇ ਨਾਲ। ਨਾ ਚਾਹੁੰਦਿਆਂ ਹੋਇਆਂ ਵੀ ਉਹ ਆਪਣੇ ਇਸ ਦ੍ਰਿੜ ਨਿਸ਼ਚੈ ’ਤੇ ਟਿਕੀ ਰਹੀ। ਲਗਭਗ ਦੋ ਹਫ਼ਤੇ ਤੱਕ ਦੋਹਾਂ ਵਿੱਚ ਸੰਵਾਦਹੀਨਤਾ ਬਣੀ ਰਹੀ।
ਰਸ਼ਮੀ ਨੇ ਆਪਣੇ ਆਪ ਨੂੰ ਰੋਕਿਆ ਕਿਸੇ ਵੀ ਕਿਸਮ ਦੇ ਸੰਵਾਦ ਤੋਂ।
ਇੱਕ ਦਿਨ
ਉਸਨੇ ਵੇਖਿਆ ਕਿ ਮੋਬਾਈਲ ’ਤੇ ਦਿਵਾਕਰ
ਦੀ ਇੱਕ ਮਿਸਡ ਕਾਲ ਹੈ। ਆਪਣੇ ਆਪ ’ਤੇ ਕਾਬੂ
ਰੱਖਦੇ ਹੋਏ ਰਸ਼ਮੀ ਨੇ ਕੌਲਬੈਕ ਨਹੀਂ ਕੀਤਾ।
ਉਸਦੀ
ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਗਲੇ ਹੀ ਦਿਨ ਸਵੇਰੇ ਲਗਭਗ ਸਾਢੇ ਗਿਆਰਾਂ ਵਜੇ ਮੋਬਾਈਲ ਵੱਜ ਪਿਆ। ਸਕਰੀਨ ’ਤੇ ਦਿਵਾਕਰ ਦਾ ਨੰਬਰ। ਜੱਕੋ ਤਕੀ ਵਿੱਚ ਉਸਨੇ ਹੈਲੋ ਕਹਿ ਹੀ ਦਿੱਤਾ।
ਉਧਰੋਂ ਆਵਾਜ਼ ਸੁਣਾਈ ਦਿੱਤੀ, ‘ਹੈਲੋ, ਕੀ ਹਾਲ-ਚਾਲ?’
‘ਜੀ, ਬਹੁਤ ਵਧੀਆ। ਔਲ ਇਜ਼ ਵੈਲ, ਔਲਵੇਜ਼ ਵੈਲ।’
‘ਕਿਹੜੀ ਗੋਲੀ ਵੱਜ ਗਈ... ਕੀ ਗੱਲ
ਕਰਨ ਦੀ ਵੀ ਮਨਾਹੀ ਹੈ?’
‘ਕੀ ਪਤਾ, ਚੱਲੀ ਹੋਵੇ...’
‘ਚਲੋ, ਛੱਡੋ। ਤੁਹਾਡੇ ਇਲਾਕੇ ’ਚੋ ਲੰਘ ਰਿਹਾ ਸੀ, ਸੋਚਿਆ ਫ਼ੋਨ ਹੀ ਕਰ ਲਵਾਂ।’
ਅਤੇ ਫਿਰ ਅਗਲੇ ਹੀ ਇੱਕ ਘੰਟੇ ਵਿੱਚ ਦੋਵੇਂ ਇੱਕ ਰੈਸਟੋਰੈਂਟ ਵਿੱਚ ਚਾਹ ਦੀਆਂ
ਚੁੱਸਕੀਆਂ ਲੈ ਰਹੇ ਸਨ। ਸਭ ਕੁਝ ਭੁਲਾ ਕੇ ਰਸ਼ਮੀ ਫਿਰ ਨਾਰਮਲ ਹੋ ਗਈ ਸੀ।
ਖੁਦ ਦਿਵਾਕਰ ਹੀ ਇਸ
ਤੋਂ ਪਹਿਲਾਂ ਦੋ-ਤਿੰਨ ਵਾਰੀ ਕਹਿ ਚੁੱਕਿਆ ਸੀ ਕਿ ‘ਵੇਖੋ, ਸਾਨੂੰ ਵੇਖ ਕੇ ਤਾਂ ਲੱਗਦਾ ਹੀ
ਨਹੀਂ ਕਿ ਕਦੇ ਲੜੇ ਹੋਈਏ। ਇੰਨੇ-ਇੰਨੇ ਦਿਨ ਗੱਲਬਾਤ ਬੰਦ ਰਹੀ ਹੋਵੇ। ਕੌਣ ਕਹੇਗਾ ਕਿ ਅਸੀਂ ਇੰਨੇ
ਦਿਨਾਂ ਬਾਅਦ ਮਿਲੇ ਹਾਂ।’
ਜਿਵੇਂ ਇੰਨੇ ਦਿਨਾਂ ਤੱਕ ਸੰਵਾਦਹੀਨਤਾ ਰਹਿਣੀ ਉਸ ਲਈ ਬਹੁਤ ਹੀ ਮਾਮੂਲੀ ਗੱਲ
ਹੋਵੇ ਅਤੇ ਰੁਟੀਨ ਦਾ ਹੀ ਹਿੱਸਾ ਹੋਵੇ। ਉਹ ਦਫ਼ਤਰੀ ਵਿਆਸਤਤਾ ਦੀ ਸਫ਼ਾਈ ਦਿੰਦਾ ਰਿਹਾ। ਰਸ਼ਮੀ ਦਾ ਮੰਨਣਾ ਸੀ ਕਿ ਕੰਮ
ਕਰਨ ਦਾ ਕੋਈ ਬਹਾਨਾ ਨਹੀਂ ਹੁੰਦਾ, ਪਰ ਕੰਮ ਨਾ ਕਰਨ ਦੇ ਸੌ ਬਹਾਨੇ ਹੁੰਦੇ ਹਨ। ਦਫ਼ਤਰੀ ਵਿਅਸਤਤਾ ਤੋਂ ਬਾਅਦ
ਵੀ ਕੀ ਇਨਸਾਨ ਘਰ ਨਹੀਂ ਜਾਂਦਾ? ਘਰ ਜਾ ਕੇ ਖਾਂਦਾ-ਪੀਂਦਾ, ਸੌਂਦਾ ਨਹੀਂ? ਹੋਰ ਕੋਈ ਜ਼ਰੂਰੀ ਕੰਮ ਨਹੀਂ ਕਰਦਾ? ਕੀ ਉਸ ਨਾਲ ਫ਼ੋਨ ’ਤੇ ਗੱਲ ਕਰਨ ਲਈ ਹੀ ਸਾਰੀਆਂ ਵਿਅਸਤਤਾਵਾਂ
ਸਾਂਭ ਰੱਖੀਆਂ ਹਨ?
ਰਸ਼ਮੀ ਨੇ ਕਿਹਾ, ‘ਤੁਹਾਡਾ ਕੀ ਭਰੋਸਾ, ਕਦੋਂ ਫਿਰ ਭੁੜਕ ਜਾਓ। ਜੇਕਰ ਹੁਣ
ਰੁਆਇਆ ਤਾਂ ਮੈਂ ਸ਼ਹਿਰ ਛੱਡ ਕੇ ਚਲੀ ਜਾਵਾਂਗੀ। ਸ਼ਹਿਰ ਹੀ ਕਿਉਂ, ਦੇਸ਼ ਵੀ ਛੱਡ ਜਾਵਾਂਗੀ। ਵੇਖਣਾ
ਤਾਂ ਦੂਰ, ਅਵਾਜ਼ ਸੁਣਨ ਲਈ ਵੀ ਤਰਸ ਜਾਓਗੇ। ਇੰਨੀ ਦੂਰ ਕਿ ਫ਼ੋਨ ਕਰਨ ਵਿੱਚ ਜੇਬ
ਦੀ ਫ਼ਿਕਰ ਕਰਿਆ ਕਰੋਗੇ।’
ਹਾਂ, ਬਿਲਕੁਲ ਠੀਕ ਸੋਚਿਆ ਸੀ ਰਸ਼ਮੀ ਨੇ। ਦਸ-ਬਾਰਾਂ ਦਿਨਾਂ ਬਾਅਦ ਫਿਰੋਂ ਓਹੋ
ਜਿਹਾ ਮੌਕਾ ਸਾਹਮਣੇ ਆਣ ਖੜ੍ਹਾ ਹੋਇਆ। ਦਿਵਾਕਰ ਦਾ ਇੱਕ ਆਰਟੀਕਲ ਸਥਾਨਕ ਅਖ਼ਬਾਰ ਵਿੱਚ ਛਪਿਆ ਸੀ।
ਰਸ਼ਮੀ ਨੇ ਸਵੇਰੇ-ਸਵੇਰੇ ਰਸਮੀ ਤੌਰ ’ਤੇ ਅਖ਼ਬਾਰ ਵੇਖੀ ਸੀ।
ਫਿਰ ਰਸੋਈ ਦੇ ਕੰਮਾਂ ਵਿੱਚ ਰੁੱਝ ਗਈ। ਅਚਾਨਕ ਧਿਆਨ ਆਇਆ ਕਿ ਦਿਵਾਕਰ ਨੇ ਗੱਲੀਂ - ਗੱਲੀਂ ਆਰਟੀਕਲ
ਭੇਜੇ ਜਾਣ ਬਾਬਤ ਦੱਸਿਆ ਸੀ। ਮੁੜ ਅੱਧੇ ਘੰਟੇ ਬਾਅਦ ਅਖ਼ਬਾਰ ਫਰੋਲੀ ਤਾਂ ਵੇਖਿਆ ਕਿ ਆਰਟੀਕਲ ਉਸ ਵਿੱਚ
ਸੀ। ਸੋਚਿਆ ਦਿਵਾਕਰ ਨੂੰ ਫ਼ੋਨ ਕਰੇ। ਫਿਰ ਸੋਚਿਆ—ਹੁਣ ਤੱਕ ਤਾਂ ਜਨਾਬ ਸੁੱਤੇ ਹੀ
ਪਏ ਹੋਣਗੇ। ਕੱਲ੍ਹ ਰਾਤ ਟੂਰ ਤੋਂ ਦੇਰ ਨਾਲ ਵਾਪਸ ਮੁੜਣ ਦੀ ਗੱਲ ਕਹੀ ਸੀ। ਉਸਨੂੰ ਵੀ ਦਫ਼ਤਰ ਲਈ ਦੇਰ
ਹੋ ਰਹੀ ਸੀ। ਸੋਚਿਆ ਦਫ਼ਤਰ ਪਹੁੰਚ ਕੇ ਅਰਾਮ ਨਾਲ ਗੱਲ ਕਰ ਲਵੇਗੀ, ਪਰ ਅਜੇ ਉਹ ਰਸਤੇ ਵਿੱਚ ਹੀ ਸੀ
ਕਿ ਦਿਵਾਕਰ ਦਾ ਫ਼ੋਨ ਆ ਗਿਆ।
‘ਅੱਜ ਦੀ ਅਖ਼ਬਾਰ ਵੇਖੀ?’
‘ਹਾਂ, ਵੇਖੀ।’
‘ਤਾਂ ਫ਼ੋਨ ਕਿਉਂ ਨਹੀਂ ਕੀਤਾ?’
ਰਸ਼ਮੀ ਨੇ ਬਗੈਰ ਕੁਝ ਸੋਚੇ-ਵਿਚਾਰੇ ਕਹਿ ਦਿੱਤਾ, ‘ਅਖ਼ਬਾਰ ਵਾਲਿਆਂ ਨੂੰ ਕੋਈ ਹੋਰ
ਕੰਮ - ਧੰਧਾ ਤਾਂ ਹੈ ਨਹੀਂ। ਜਨਾਬ ਦਾ ਆਰਟੀਕਲ ਮਿਲਿਆ ਤੇ ਤੁਰੰਤ ਛਾਪ ਦਿੱਤਾ। ਹੋਰਾਂ ਨੂੰ ਤਾਂ ਕੰਮ-ਧੰਧਾ
ਹੈ ਨਾ ਬਾਬਾ। ਅਜੇ ਰਸਤੇ ਵਿੱਚ ਹਾਂ, ਦਫ਼ਤਰ ਪਹੁੰਚ ਕੇ ਗੱਲ ਕਰਦੇ ਹਾਂ।’
ਦਫ਼ਤਰ ਪਹੁੰਚ ਕੇ ਰਸ਼ਮੀ ਨੇ ਫ਼ੋਨ ਕੀਤਾ ਤਾਂ ਦਿਵਾਕਰ ਤਾਂ ਜਿਵੇਂ ਉਸ ਦੀ
ਕਲਾਸ ਲੈਣ ਲਈ ਤਪਿਆ ਬੈਠਾ ਸੀ। ‘ਤੂੰ ਮੈਂਨੂੰ ਸਮਝਦੀ
ਕੀ ਏਂ? ਹਰ ਦੂਜੇ-ਤੀਜੇ ਦਿਨ ਕਦੇ ਨਾ ਕਦੇ ਅਖ਼ਬਾਰਾਂ ਵਿੱਚ ਮੇਰਾ ਨਾਂ ਛਪਿਆ ਵੇਖ
ਕੇ ਤੂੰ ਸੜਦੀ ਏਂ। ਤੈਨੂੰ ਮੇਰੀ ਖੁਸ਼ੀ ਵਿੱਚ ਖੁਸ਼ੀ
ਨਹੀਂ ਹੁੰਦੀ। ਜੋ ਦੋਸਤ ਦੀ ਖੁਸ਼ੀ ਵਿੱਚ ਖੁਸ਼ ਨਾ ਹੋਵੇ, ਉਹ ਦੋਸਤ ਹੋ ਹੀ ਨਹੀਂ ਸਕਦਾ।’
ਰਸ਼ਮੀ ਨੇ ਕਿਹਾ, ‘ਮੈਂ ਸੋਚਿਆ ਤੁਸੀਂ ਰਾਤੀਂ ਦੇਰ
ਨਾਲ ਘਰ ਪਰਤੇ ਹੋਵੋਗੇ ਅਤੇ ਦੇਰ ਨਾਲ ਸੁੱਤੇ ਹੋਵੋਗੇ, ਇਸ ਲਈ ਸਵੇਰੇ-ਸਵੇਰੇ ਕੀ ਜਗਾਉਣਾ, ਦਫ਼ਤਰ ਪਹੁੰਚ ਕੇ ਗੱਲ ਕਰ ਲਵਾਂਗੀ।’
‘ਝੂਠ ਬੋਲਣ ਦੀ ਵੀ ਹੱਦ ਹੁੰਦੀ
ਹੈ। ਵੱਡੀ ਆਈ ਮੇਰੀ ਨੀਂਦ ਦੀ ਪਰਵਾਹ ਕਰਨ ਵਾਲੀ। ਸਵੇਰ ਤੋਂ ਮੈਨੂੰ ਵਥੇਰੇ ਫ਼ੋਨ ਅਤੇ ਮੈਸੇਜ ਆ ਚੁੱਕੇ
ਹਨ। ਇੱਕ ਤੇਰਾ ਹੀ ਨਹੀਂ ਆਇਆ ਤਾਂ ਕੀ ਫ਼ਰਕ ਪੈ ਗਿਆ। ਤੈਨੂੰ ਤਾਂ ਮੇਰੀ ਖੁਸ਼ੀ ਹਜ਼ਮ ਨਹੀਂ ਹੁੰਦੀ, ਤੈਨੂੰ ਈਰਖਾ ਹੁੰਦੀ ਹੈ।’
ਅਤੇ ਪਤਾ ਨਹੀਂ ਕੀ-ਕੀ ਇਕੋ ਸਾਹ ਵਿੱਚ ਕਹਿ ਗਿਆ। ਕੁਝ ਵੀ ਸੁਣਨ ਨੂੰ ਤਿਆਰ
ਨਹੀਂ ਸੀ।
‘ਅਰੇ, ਕਾਹਦੀ ਈਰਖਾ? ਦੋਵਾਂ ਦੇ ਆਪਣੇ-ਆਪਣੇ ਵੱਖਰੇ
ਫੀਲਡ ਸਨ। ਕੋਈ ਕੰਪੀਟੀਸ਼ਨ ਦੀ ਭਾਵਨਾ ਹੀ ਨਹੀਂ ਸੀ। ਫਿਰ ਭਲਾ ਉਹ ਉਸ ਨਾਲ ਈਰਖਾ ਕਿਉਂ ਕਰੇਗੀ? ਦੋਵੇਂ ਆਪੋ - ਆਪਣੇ ਫੀਲਡ ਵਿੱਚ
ਚੰਗੇ ਅਹੁਦਿਆਂ ’ਤੇ ਨਿਯੁਕਤ ਸਨ। ਸਾਹਿਤਕ ਰੁਚੀਆਂ
ਵੀ ਮਿਲਦੀਆਂ-ਜੁਲਦੀਆਂ ਸਨ। ਫਿਰ ਈਰਖਾ ਦੀ ਕਿਹੜੀ ਗੁੰਜਾਇਸ਼? ਇਹ ਗੱਲ ਰਸ਼ਮੀ ਅੱਜ ਤੱਕ ਉਸਨੂੰ
ਸਮਝਾ ਨਹੀਂ ਸਕੀ ਕਿ ਉਸਨੂੰ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਈਰਖਾ ਜਾਂ ਜਲਨ ਨਹੀਂ। ਜੋ ਵੀ ਹੋਵੇ, ਗੱਲ ਹਮੇਸ਼ਾਂ ਰਸ਼ਮੀ ਦੇ ਖ਼ਿਲਾਫ਼
ਹੀ ਜਾਂਦੀ ਸੀ।
ਫਿਰ ਉਸਨੇ ਸੋਚਿਆ—ਸ਼ਾਇਰ ਬਸ਼ੀਰ ਬਦਰ ਸਾਹਿਬ
ਠੀਕ ਹੀ ਫਰਮਾਂਦੇ ਹਨ-
‘ਜ਼ਰਾ ਸੀ ਬਾਤ ਕਾ ਇਤਨਾ ਮਲਾਲ
ਕਰਤੇ ਹੋ, ਸ਼ਿਕਾਇਤੇਂ ਭੀ ਵਹੀਂ ਹੈਂ ਜਹਾਂ ਮੁਹੱਬਤ ਹੈ।’
ਰਸ਼ਮੀ ਹੱਕੀ-ਬੱਕੀ ਰਹਿ ਗਈ ਸੀ। ਹਾਸੇ-ਮਜ਼ਾਕ ਵਿੱਚ ਹਲਕੇ-ਫੁਲਕੇ ਅੰਦਾਜ਼
ਨਾਲ ਕਹੀ ਗਈ ਗੱਲ ਸੱਚਮੁੱਚ ਕਿੰਨੀ ਹਲਕੀ ਪੈ ਗਈ ਸੀ — ਅਤੇ ਰਸ਼ਮੀ ਖੁਦ ਵੀ ਉਸ ਦੀ ਨਿਗਾਹ
ਵਿੱਚ ਕਿੰਨੀ ਹਲਕੀ ਹੋ ਗਈ ਸੀ। ਜੋ ਇਨਸਾਨ ਮਜ਼ਾਕ ਬਰਦਾਸ਼ਤ ਨਹੀਂ ਕਰ ਸਕਦਾ, ਉਸਨੂੰ ਦੂਜਿਆਂ ਨਾਲ ਵੀ ਮਜ਼ਾਕ
ਨਹੀਂ ਕਰਨਾ ਚਾਹੀਦਾ। ਖੁਦ ਦਿਵਾਕਰ ਨੇ ਤਾਂ ਹਾਸੇ ਵਿੱਚ ਕਈ ਵਾਰ ਇਸ ਤੋਂ ਵੀ ਜ਼ਿਆਦਾ ਭਿਆਨਕ, ਇੱਥੋਂ ਤੱਕ ਕਿ ਹਰਟ ਕਰਣ ਵਾਲੇ ਕੁਮੇਂਟ ਕੀਤੇ ਸਨ। ਇੱਕ ਮਰਦ ਇੱਕ ਔਰਤ ਨੂੰ ਐਨੀਆਂ ਇਤਰਾਜ਼ਯੋਗ
ਗੱਲਾਂ ਕਹਿ ਸਕਦਾ ਹੈ — ਉਹ ਵੀ ਚੰਗਾ ਭਲਾ ਪੜ੍ਹਿਆ ਲਿਖਿਆ ਹੋ ਕੇ। ਖ਼ੈਰ, ਰਸ਼ਮੀ ਨੇ ਕਦੇ ਵੀ ਉਸ ਦੀਆਂ ਗੱਲਾਂ ਨੂੰ
ਤੂਲ ਨਹੀਂ ਦਿੱਤਾ। ਜੇ ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ…
ਅਤੀਤ ਨੂੰ ਫਰੋਲ ਕੇ ਕੋਈ ਫ਼ਾਇਦਾ ਨਹੀਂ ਸੀ। ਵਰਤਮਾਨ ਵਿੱਚ ਫਿਰ ਤੋਂ ਸੰਵਾਦਹੀਨਤਾ
ਚੱਲ ਰਹੀ ਸੀ, ਅਤੇ ਉਹ ਸੋਚ ਰਹੀ ਸੀ ਕਿ ਆਖਿਰ ਇਹ ਸਭ ਕਦੋਂ ਤੱਕ ਚੱਲੇਗਾ। ਕਦੋਂ ਤੱਕ
ਉਹ ਇਸ ਤਰ੍ਹਾਂ ਆਪਣੀ ਹੇਠੀ ਬਰਦਾਸ਼ਤ ਕਰਦੀ ਰਹੇਗੀ—ਅਤੇ ਕਿਉਂ? ਕਿਉਂ ਉਹ ਹਰ ਰੋਜ਼ ਇੰਝ ਹੀ ਮਰਦੀ
ਰਹੇ।
ਅਚਾਨਕ ਉਸਨੂੰ ਯਾਦ ਆਇਆ ਕਿ ਸ਼ਾਇਦ ਅੱਜ ਦਿਵਾਕਰ ਨੇ ਫਿਰ ਤੋਂ ਟੂਰ ’ਤੇ ਜਾਣਾ ਹੈ। ਇਹੀ ਸੋਚ ਕੇ ਉਸਨੇ
ਫ਼ੋਨ ਕੀਤਾ ਤਾਂ ਉਧਰੋਂ ਜਵਾਬ ਮਿਲਿਆ— ਏਅਰ ਪੋਰਟ ’ਤੇ ਹਾਂ। ਸਵਾ ਨੌਂ ਦੀ ਫਲਾਈਟ
ਹੈ।’ ਰਸ਼ਮੀ ਨੂੰ ਬਹੁਤ ਹੈਰਾਨੀ ਹੋਈ
ਕਿ ਇਹ ਇਨਸਾਨ ਕਿੰਨਾ ਸਖ਼ਤ ਤੇ ਬੇਰਹਿਮ ਹੈ। ਤਿੰਨ ਦਿਨਾਂ ਦੀ ਸੰਵਾਦਹੀਨਤਾ ਤੋਂ ਬਾਅਦ ਤਿੰਨ ਦਿਨਾਂ
ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹੈ — ਬਗੈਰ ਗੱਲ ਕੀਤੇ। ਜੇਕਰ ਮੈਂ
ਫ਼ੋਨ ਨਾ ਕੀਤਾ ਹੁੰਦਾ, ਤਾਂ ਦਿਵਾਕਰ ਦਾ ਫ਼ੋਨ ਕਿੱਥੋਂ ਆਉਣਾ ਸੀ?
ਰਿਸ਼ਤੇ ਬਣਾਉਣੇ ਅਸਾਨ ਹੁੰਦੇ ਹਨ, ਪਰ ਉਨ੍ਹਾਂ ਨੂੰ ਨਿਭਾਉਣਾ ਅਤੇ
ਲੰਮੇ ਸਮੇਂ ਤੱਕ ਜਿਉਂਦਾ ਰੱਖਣਾ ਮੁਸ਼ਕਲ ਹੁੰਦਾ ਹੈ। ਹੁਣ ਹੋਰ ਨਹੀਂ — ਬਸ ਬਹੁਤ ਹੋ ਗਿਆ।
ਹੁਣ ਉਹ ਆਪਣੇ ਆਪ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ। ਅਸੀਂ ਔਰਤਾਂ ਦਿਲੋਂ ਇਨ੍ਹਾਂ ਵਾਂਗ ਸਖ਼ਤ ਤੇ
ਬੇਰਹਿਮ ਕਿਉਂ ਨਹੀਂ ਬਣ ਸਕਦੀਆਂ? ਦਰਅਸਲ, ਕਰੀਬੀ ਦੋਸਤ ਹੋਣ ਦੇ ਬਾਵਜੂਦ
ਦਿਵਾਕਰ ਰਸ਼ਮੀ ਦੇ ਗੱਲ ਕਰਨ ਦੇ ਲਹਿਜ਼ੇ ਨੂੰ ਸਮਝਦਾ ਨਹੀਂ। ਰਸ਼ਮੀ ਕਦੇ ਵੀ ਸਿੱਧੀ-ਸਾਫ਼
ਗੱਲ ਨਹੀਂ ਕਰਦੀ; ਉਸਨੂੰ ਸ਼ਬਦਾਂ ਦੇ ਜਾਲ ਬੁਣਨ ਦੀ ਆਦਤ ਹੈ, ਅਤੇ ਇਸੇ ਕਰਕੇ ਲੋਕ ਗਲਤਫ਼ਹਿਮੀ
ਦਾ ਸ਼ਿਕਾਰ ਹੋ ਜਾਂਦੇ ਹਨ, ਬੁਰਾ ਮੰਨ ਜਾਂਦੇ ਹਨ। ਉਸ ਦੀ ਸਹਿਜਤਾ ਦਾ ਗਲਤ ਮਤਲਬ ਕੱਢ ਲੈਂਦੇ ਹਨ। ਹੁਣ ਇਹ ਵੀ ਕੀ ਗੱਲ ਹੋਈ
ਕਿ ਆਪਣੇ ਹੀ ਲੋਕਾਂ ਨਾਲ ਹਮੇਸ਼ਾਂ ਗੰਭੀਰਤਾ ਦਾ ਮੁਲੰਮਾ ਪਾ ਕੇ ਗੱਲ ਕਰੋ ਅਤੇ ਸੋਚ-ਸੋਚ ਕੇ ਨਾਪ-ਤੋਲ
ਕੇ ਬੋਲੋ।
ਇਹ ਵੱਖਰੀ ਗੱਲ ਹੈ ਕਿ ਜਦੋਂ ਰਸ਼ਮੀ ਨੂੰ ਉਸ ’ਤੇ ਬਹੁਤ ਮੋਹ ਆਉਂਦਾ ਤਾਂ ਕਹਿ
ਦਿੰਦੀ, ‘ਤੈਨੂੰ ਸ਼ੂਟ ਕਰ ਦਿਆਂਗੀ।’ ਦਿਵਾਕਰ ਕਹਿੰਦਾ, ‘ਮੈਨੂੰ ਕਦੇ ਗਲਤੀ ਨਾਲ
ਕੁਝ ਹੋ ਗਿਆ ਨਾ, ਤਾਂ ਪੁਲਿਸ ਤੈਨੂੰ ਹੀ ਫੜ ਕੇ ਲੈ ਜਾਵੇਗੀ’— ਹਰ ਗੱਲ ’ਤੇ ਸ਼ੂਟ ਕਰਨ ਦੀ ਗੱਲ ਕਹਿਣ ’ਤੇ।
ਰਸ਼ਮੀ ਨੇ ਕਈ ਵਾਰ ਉਸਨੂੰ ਕਿਹਾ ਸੀ ਕਿ ਮੇਰੇ ਨਾਲ ਇੰਝ ਨਾ ਕਰਿਆ ਕਰੋ। ਹੋ
ਸਕਦਾ ਹੈ ਤੁਹਾਨੂੰ ਕੋਈ ਫ਼ਰਕ ਨਾ ਪੈਂਦਾ ਹੋਵੇ, ਪਰ ਮੈਨੂੰ ਬਹੁਤ ਫ਼ਰਕ ਪੈਂਦਾ
ਹੈ। ਮੇਰਾ ਕੰਮ ਤੋਂ ਜੀ ਉਚਾਟ ਹੋ ਜਾਂਦਾ ਹੈ। ਇਸ ਤਰ੍ਹਾਂ ਮੇਰੇ ਕੰਮ ’ਤੇ ਬਹੁਤ ਅਸਰ ਪੈਂਦਾ ਹੈ—ਚਾਹੇ ਉਹ ਦਫ਼ਤਰੀ ਕੰਮ
ਹੋਵੇ ਜਾਂ ਹੋਰ ਲਿਖਣ - ਪੜ੍ਹਂਣ ਦਾ। ਪਰ ਹਰ ਵਾਰ ਓਹੀ ਕਹਾਣੀ.... ਦਿਵਾਕਰ ਸ਼ਾਇਦ ਆਪਣੇ ਆਪ ਨੂੰ
ਸਾੰਭ ਲੈਂਦਾ ਹੋਵੇ, ਪਰ ਰਸ਼ਮੀ ਨੂੰ ਲੱਗਦਾ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਇਨਸਾਨ ਨੂੰ ਇੰਨਾ
ਭਾਵੁਕ ਨਹੀਂ ਹੋਣਾ ਚਾਹੀਦਾ। ਇਮੋਸ਼ਨਲ ਹੋਣ ਦੀ ਬਜਾਏ ਪ੍ਰੈਕਟੀਕਲ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ
ਹੈ। ਜੋ ਬੀਤ ਗਿਆ, ਸੋ ਬਾਤ ਗਈ। ਇਹੀ ਤਾਂ ਉਸਤੋਂ ਹੁੰਦਾ ਨਹੀਂ। ਉਹ ਸੋਚਦੀ ਸੀ ਕਿ ਜਿਹੜਾ
ਬੰਦਾ ਘੰਟਿਆਂ- ਘੰਟਿਆਂ ਤਾਈਂ ਗੱਲ ਕਰਦਾ ਰਹਿੰਦਾ ਹੋਵੇ, ਉਹ ਸੰਵਾਦਹੀਨਤਾ ਦੀ ਹਾਲਤ ਵਿੱਚ
ਇੰਨਾ ਖਾਮੋਸ਼ ਕਿਵੇਂ ਰਹਿ ਲੈਂਦਾ ਹੈ। ਠੀਕ ਹੈ, ਜੇ ਦਿਵਾਕਰ ਆਪਣੇ ਆਪ ਨੂੰ ਇੰਝ
ਕਾਬੂ ਵਿੱਚ ਰੱਖ ਸਕਦਾ ਹੈ, ਤਾਂ ਉਹ ਕਿਉਂ ਨਹੀਂ? ਉਂਝ ਤਾਂ ਉਹ ਖੁਦ ਵੀ ਉਸੂਲਾਂ
ਦੀ ਬਹੁਤ ਪੱਕੀ ਹੈ, ਪਰ ਦਿਵਾਕਰ ਦੇ ਮਾਮਲੇ ਵਿੱਚ ਉਸਤੋਂ ਅਜਿਹਾ ਕਿਉਂ ਨਹੀਂ ਕਰ ਹੁੰਦਾ, ਕਿਉਂ ਉਸਦੇ ਸਾਰੇ ਉਸੂਲ ਧਰੇ ਦੇ
ਧਰੇ ਰਹਿ ਜਾਂਦੇ ਹਨ? ਆਖ਼ਿਰ ਕਿਉਂ?
ਬੱਸ, ਹੁਣ ਸੋਚ ਲਿਆ ਤਾਂ ਸੋਚ ਲਿਆ। ਦਿਵਾਕਰ ਕਿਤੇ ਦਿਸ ਪਿਆ ਤਾਂ ਚੁੱਪਚਾਪ ਕੋਲੋਂ
ਲੰਘ ਜਾਵੇਗੀ— ਬਗੈਰ ਗੱਲ ਕੀਤੇ। ਜਾਂ ਅਗਰ ਫ਼ੋਨ ਆਇਆ ਤਾਂ ਕਹਿ ਦੇਵੇਗੀ, ‘ਸੌਰੀ, ਰੌਂਗ ਨੰਬਰ।’ ਸੋਚ ਤਾਂ ਲਿਆ, ਪਰ ਕੀ ਉਹ ਆਪਣੇ ਫ਼ੈਸਲੇ ’ਤੇ ਟਿਕ ਸਕੇਗੀ? ਉਹ ਖੁਦ ਵੀ ਚੰਗੀ ਤਰ੍ਹਾਂ ਜਾਣਦੀ
ਹੈ ਕਿ ਉਹ ਕਤਈ ਅਜਿਹਾ ਨਹੀਂ ਕਰ ਸਕੇਗੀ। ਸਭ ਕੁਝ ਭੁਲਾ ਕੇ ਫਿਰ ਤੋਂ ਜਿਵੇਂ ਦਾ ਤਿਵੇਂ, ਸਹਿਜਤਾ ਨਾਲ ਬੱਸ ਇਹੀ ਕਹੇਗੀ, ‘ਬਹੁਤ ਦੁਖੀ ਕਰਦੇ ਹੋ।’ ਇਹੀ ਤਾਂ ਫ਼ਰਕ ਹੈ ਰਸ਼ਮੀ ਅਤੇ
ਦਿਵਾਕਰ ਵਿੱਚ। ਫਿਰ ਉਹ ਇਸ ਤਰ੍ਹਾਂ ਇੱਕ-ਮਿੱਕ ਹੋ ਜਾਣਗੇ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।
######
ਨੀਲਮ ਸ਼ਰਮਾ ‘ਅੰਸ਼ੁ’
ਅਲੀਪੁਰ ਦੁਆਰ ਜੰਕਸ਼ਨ (ਬੰਗਾਲ) ਵਿੱਖੇ ਜਨਮ। ਲੰਬੇ ਅਰਸੇ ਤੱਕ ਕੋਲਕਾਤਾ ਕਰਮਭੂਮੀ। ਪੰਜਾਬੀ-ਬੰਗਲਾ ਤੋਂ ਹਿੰਦੀ ਅਤੇ ਹਿੰਦੀ-ਬੰਗਲਾ ਤੋਂ ਪੰਜਾਬੀ ਵਿੱਚ ਕਈ ਮਹੱਤਵਪੂਰਨ ਸਾਹਿਤਕ ਕਿਤਾਬਾਂ ਦਾ ਅਨੁਵਾਦ। ਵੱਖ-ਵੱਖ ਲੇਖ, ਇੰਟਰਵਿਊ, ਅਨੁਵਾਦਿਤ ਕਹਾਣੀਆਂ ਅਤੇ ਕਵਿਤਾਵਾਂ ਸਥਾਨਕ ਅਤੇ ਕੌਮੀ ਪੱਤਰ–ਪਤ੍ਰਕਾਵਾਂ ਵਿੱਚ ਪ੍ਰਕਾਸ਼ਿਤ। ਕੋਲਕਾਤਾ ਦੀਆਂ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਔਰਤਾਂ ਬਾਰੇ 50 ਹਫ਼ਤਿਆਂ ਤੱਕ ਇੱਕ ਕੌਮੀ ਅਖ਼ਬਾਰ ਵਿੱਚ ਹਫ਼ਤਾਵਾਰ ਕਾਲਮ ਲਿਖਿਆ। ਫ੍ਰੀਲਾਂਸਿੰਗ ਤੋਂ ਇਲਾਵਾ, 1998 ਤੋਂ 25 ਸਾਲਾਂ ਤੱਕ ਅਕਾਸ਼ਵਾਣੀ ਕੋਲਕਾਤਾ ਅਤੇ ਦਿੱਲੀ ਐਫ. ਐੱਮ. ‘ਰੇਨਬੋ’ ਤੋਂ ਫਿਲਮੀ ਪ੍ਰੋਗ੍ਰਾਮਾਂ ਦੀ ਐਂਕਰਿਂਗ। ਭਾਰਤੀ ਸਿਨੇਮੇ ਦੀਆਂ ਮਹੱਤਵਪੂਰਨ ਸ਼ਖਸੀਅਤਾਂ ਬਾਰੇ ‘ਅੱਜ ਕੀ ਸ਼ਖਸੀਅਤ’ ਪ੍ਰੋਗਰਾਮ ਦੇ ਤਹਿਤ ਲਗਭਗ 75 ਲਾਈਵ ਐਪੀਸੋਡਾਂ ਦੀ ਪੇਸ਼ਕਾਰੀ।
ਸੁਸ਼ਮੀਤਾ ਬੰਦਯੋਪਾਧਿਆਏ
ਦੀ ਕਿਤਾਬ ਦਾ ਹਿੰਦੀ ਅਨੁਵਾਦ ‘ਕਾਬੁਲੀਵਾਲੇ ਕੀ ਬੰਗਾਲੀ ਬੀਵੀ’ 2002 ਦੇ ਕੋਲਕਾਤਾ ਬੁੱਕ ਫੇਅਰ ਵਿੱਚ ਬੈਸਟ ਸੈਲਰ ਰਿਹਾ। ਕੋਲਕਾਤਾ ਦੇ ਰੈਡ ਲਾਈਟ ਖੇਤਰ ਤੇ ਅਧਾਰਿਤ
ਲਿਖੇ ਗਏ ਪੰਜਾਬੀ ਨਾਵਲ ‘ਲਾਲ ਬੱਤੀ’ ਦਾ ਹਿੰਦੀ ਅਨੁਵਾਦ। ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਦੇਵੇਸ਼ ਰਾਏ ਦੇ ਬੰਗਾਲੀ ਨਾਵਲ ‘ਤਿਸਤਾ ਪਾਰੇਰ ਬ੍ਰਿਤਾਂਤ’ ਦਾ ਪੰਜਾਬੀ ਵਿੱਚ ਸਾਹਿਤ
ਅਕਾਦਮੀ ਲਈ ਅਨੁਵਾਦ ‘ਗਾਥਾ ਤਿਸਤਾ ਪਾਰ ਦੀ’ ਪ੍ਰਕਾਸ਼ਿਤ ਅਤੇ ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਤਪਨ ਬੰਦਯੋਪਾਧਿਆਏ ਦੀ ਕਿਤਾਬ ਬੀਰਬਲ
ਦਾ ਭਾਰਤੀ ਸਾਹਿਤ ਅਕਾਦਮੀ ਵਾਸਤੇ ਹਿੰਦੀ ਅਨੁਵਾਦ।
ਅੱਜਕੱਲ ਭਾਰਤ ਸਰਕਾਰ ਅਧੀਨ ਦਿੱਲੀ ਵਿੱਖੇ ਤੈਨਾਤ।
=====


कोई टिप्पणी नहीं:
एक टिप्पणी भेजें