सुस्वागतम्

"संस्कृति सेतु" पर पधारने हेतु आपका आभार। आपकी उपस्थिति हमारा उत्साहवर्धन करती है, कृपया अपनी बहुमूल्य टिप्पणी अवश्य दर्ज़ करें। -- नीलम शर्मा 'अंशु'

बुधवार, मई 13, 2026

उपन्यास अंश (बांग्ला से पंजाबी)

 

ਬੰਗਾਲੀ ਨਾਵਲ ਅਂਸ਼                      

                     ਕਾਲ ਮੀ ਲਾਇਕਾ (Call Me  Laika)

 

                                                                       0 ਮੁਜੱਫਰ ਹੁਸੈਨ

                                                    ਬੰਗਲਾ ਤੋਂ ਅਨੁਵਾਦ - ਨੀਲਮ ਸ਼ਰਮਾ ਅੰਸ਼ੂ                   

 

          ਤੂੰ ਹੋਰ ਵੱਡਾ ਨਾ ਹੋ ਪੁੱਤਰਖੁਦਾ ਕੋਲੋਂ ਮੈਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ ਮੰਗਣ ਨੂੰ ਤਾਂ ਬਹੁਤ ਕੁਝ ਹੈ, ਪਰ ਜਿਵੇਂ -  ਜਿਵੇਂ ਤੂੰ ਵੱਡਾ ਹੁੰਦਾ ਜਾ ਰਿਹਾ ਹੈਂ, ਉੰਨਾ ਹੀ ਡਰ ਵੱਧਦਾ ਜਾ ਰਿਹਾ ਹੈ; ਇਸ ਕਰਕੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਹੌਲੀ-ਹੌਲੀ ਘਟਦੀਆਂ ਜਾ ਰਹਿਆਂ ਹਨ ਅਤੇ ਆਖ਼ਿਰ ਇਕੋ ਖ਼ਾਹਿਸ਼ ਤੇ ਕੇ ਟਿਕ ਗਈਆਂ ਹਨ। ਅੱਧੀ ਰਾਤ ਨੂੰ ਛੱਤ ਤੇ ਬੈਠ ਕੇ ਚੰਦਰਗ੍ਰਹਣ ਵੇਖਦੇ ਹੋਏ ਮਾਂ ਮੇਰੀ ਪਿੱਠ ਤੇ ਹੱਥ ਫੇਰਦੀ ਹੋਈ ਇਹ ਗੱਲ ਕਹਿੰਦੀ ਹੈ, ਜਿਵੇਂ ਮੈਂ ਚਾਹਾਂ ਤਾਂ ਖੁਦ ਨੂੰ ਵੱਡੇ ਹੋਣ ਤੋਂ ਰੋਕ ਸਕਦਾ ਹੋਵਾਂ ਉਸ ਰਾਤ ਮੈਂ ਪਹਿਲੀ ਵਾਰ ਚੰਦਰਗ੍ਰਹਣ ਵੇਖਿਆ ਸੀ। ਦੇਰ ਰਾਤ ਤੱਕ ਛੱਤ ਤੇ ਇਕੱਲਾ ਬੈਠਿਆ ਰਿਹਾ। ਮਾਂ ਉਸ ਰਾਤ ਇਹ ਵੇਖਣ ਆਈ ਸੀ ਕਿ ਮੈਂ ਮੱਛਰਦਾਨੀ ਚੰਗੀ ਤਰ੍ਹਾਂ ਲਗਾਈ ਹੈ ਜਾਂ ਨਹੀਂ। ਅਚਾਨਕ ਪਿੱਛਾਂਹ ਮੁੜ ਕੇ ਤੱਕਿਆ ਤਾਂ ਮਾਂ ਚੰਨ ਦੀ ਆਖ਼ਰੀ ਰੌਸ਼ਨੀ ਵਾਂਗ ਚੁੱਪਚਾਪ ਖੜੀ ਸੀ। ਉਹ ਮੇਰੇ ਕੋਲ ਕੇ ਬੈਠ ਗਈ। ਗ੍ਰਹਿਣ ਲੱਗੇ ਚੰਨ ਵੱਲ ਤੱਕਦਿਆਂ ਉਸ ਨੇ ਇਹ ਗੱਲ ਕਹੀ। ਅਸੀਂ ਕਾਫ਼ੀ ਦੇਰ ਤੱਕ ਬੈਠੇ ਰਹੇ; ਉੰਨੀ ਦੇਰ ਵਿੱਚ ਚੰਨ ਧਰਤੀ ਦੀ ਹੱਦ ਤੋਂ ਪਰੇ ਡੁੱਬ ਗਿਆ। ਸਾਨੂੰ ਕੁਝ ਪਤਾ ਹੀ ਨਾ ਲੱਗਿਆ, ਸਾਡੇ ਵਿਚਕਾਰ ਬਹੁਤੀ ਕੋਈ ਗੱਲ-ਬਾਤ ਵੀ ਨਾ ਹੋਈ। ਮਾਂ ਨੇ ਮੈਨੂੰ ਇੰਝ ਫੜਿਆ ਹੋਇਆ ਸੀ, ਜਿਵੇਂ ਛੱਡ ਦੇਣ ਨਾਲ ਮੈਂ ਛੱਤ ਤੋਂ ਹੇਠਾਂ ਕਿਸੇ ਡੂੰਘੇ ਖੱਡ ਵਿੱਚ ਡਿੱਗ ਪਵਾਂਗਾ ਜਿਵੇਂ ਚੰਦਰਗ੍ਰਹਿਣ ਵਾਂਗ ਮੇਰੇ ਆਲੇ-ਦੁਆਲੇ ਵੀ ਗ੍ਰਹਿਣ ਲੱਗ ਗਿਆ ਹੋਵੇ, ਅਤੇ ਹਨੇਰਾ ਹੁਣੇ ਹੀ ਮੈਨੂੰ ਸਦਾ ਲਈ ਗ੍ਰਸ ਲਵੇਗਾ। ਮਾਂ ਨੇ ਮੈਨੂੰ ਇੰਝ ਫੜਿਆ ਹੋਇਆ ਸੀ ਕਿ ਜਿਵੇਂ ਕੁਝ ਪਲਾਂ ਲਈ ਮੈਂ ਮਾਂ ਦੀ ਕੁੱਖ ਵਿੱਚ ਵਾਪਸ ਚਲਾ ਗਿਆ ਹੋਵਾਂ, ਮੈਨੂੰ ਮੁੜ ਆਪਣੀ ਕੁੱਖ ਵਿੱਚ ਵਾਪਸ ਲੈ ਜਾਣ ਦੀ ਉਸਦੀ ਪੂਰੀ ਕੋਸ਼ਿਸ਼ ਨੂੰ ਮੈਂ ਮਹਿਸੂਸ ਕੀਤਾ ਜਨਮ ਪੀੜ ਵਾਂਗ ਹੀ ਮਾਂ ਤੜਫ ਰਹੀ ਸੀ; ਮੌਤ ਦੀ ਤਕਲੀਫ਼ ਵਿਚੋਂ ਲੰਘ ਕੇ ਮੈਨੂੰ ਨਵੇਂ ਰੂਪ ਵਿੱਚ ਦੁਬਾਰਾ ਜਨਮ ਦੇਣ ਦੀ ਨਾਕਾਮ ਕੋਸ਼ਿਸ਼ ਵਿੱਚ ਮਾਂ ਦੀ ਸਾਰੀ ਦੇਹ ਕੰਬ ਰਹੀ ਸੀ।

            ਮੈਨੂੰ ਕੁੱਖ ਵਿੱਚ ਵਾਪਸ ਨਾ ਲੈ ਜਾ ਸਕਣ ਅਤੇ ਨਾ ਹੀ ਨਵੇਂ ਰੂਪ ਵਿੱਚ ਜਨਮ ਦੇ ਸਕਣ ਦੀ ਉਸਦੀ ਇਸ ਬੇਬਸੀ ਤੇ ਮੇਰਾ ਮਰ ਜਾਣ ਨੂੰ ਜੀ ਕਰਦਾ ਸੀ। ਲੱਗਦਾ ਸੀ ਕਿ ਮਾਂ ਦੀ ਇਸ ਆਤਮ-ਦਹਿਨ ਦੀ ਹਨੇਰੀ ਨੂੰ ਮੈਂ ਹੀ ਰੋਕ ਸਕਦਾ ਹਾਂ, ਮੇਰਾ ਫੈਸਲਾ ਹੁਣ ਨੂਹ ਦੀ ਕਿਸ਼ਤੀ ਵਾਂਗ ਇਸ ਪਰਿਵਾਰ ਦੇ ਲੋਕਾਂ ਨੂੰ ਉਹਨਾਂ ਦੇ ਅਦਿੱਖੀ, ਅਨੰਤ ਹੜ੍ਹ ਤੋਂ ਬਚਾ ਸਕਦਾ ਹੈ।

            ਮੌਤ ਨੂੰ ਲੈ ਕੇ ਮੇਰੇ ਅੰਦਰ ਕੋਈ ਵੱਖਰੀ ਸੋਚ ਨਹੀਂ ਸੀ। ਇਸ ਘਰ ਵਿੱਚ ਮੌਤਾਂ ਕਾਫ਼ੀ ਹੋਈਆਂ ਹਨ। ਪਰ ਖੁਦਕੁਸ਼ੀ  ਦੀ ਘਟਨਾ ਇੱਕ ਵੀ ਨਹੀਂ ਹੋਈ। ਖੁਦਕੁਸ਼ੀ  ਦੀ ਗੱਲ ਕਦੇਕਦੇ ਮਾਂ ਦੇ ਮੂੰਹੋਂ ਸੁਣੀ ਹੈ। ਅੱਜ ਲੱਗਿਆ ਕਿ ਮਾਂ ਦੀ ਮੁਕਤੀ ਖੁਦਕੁਸ਼ੀ  ਵਿੱਚ ਹੈ, ਪਰ ਉਸਦੀ ਆਪਣੀ ਨਹੀਂ, ਮੇਰੀ। ਮੌਤ ਕਦੀ- ਕਦੀ ਜਿਉਂਦੇ ਰਹਿਣ ਨੂੰ ਬਹੁਤ ਸਹਿਜ ਬਣਾ ਦਿੰਦੀ ਹੈ। ਇਸ ਤੋਂ ਬਾਅਦ ਫੈਸਲਾ ਲੈਣ ਵਿੱਚ ਮੈਨੂੰ ਕੋਈ ਮੁਸ਼ਕਲ ਨਹੀਂ ਹੋਈ ਪਰ ਮੌਤ ਤੋਂ ਪਹਿਲਾਂ ਮੌਤ ਨਾਲ ਇੱਕ ਹਿਸਾਬ-ਕਿਤਾਬ ਜ਼ਰੂਰੀ ਹੈ। ਇਹ ਮੌਤ ਚਹੁੰ ਪਾਸੇ ਹੈ, ਪਰ ਮਰਣ ਦਾ ਫੈਸਲਾ ਕਰਦੇ ਹੋਏ ਵੇਖਿਆ ਕਿ ਮੌਤ ਬਾਰੇ ਹੀ ਸਭ ਤੋਂ ਘੱਟ ਜਾਣਦਾ ਹਾਂ ਮੈਂ ਵੱਡੀ ਭੈਣ ਕੋਲ ਜਾਂਦਾ ਹਾਂ। ਇਸ ਘਰ ਵਿੱਚ ਮੌਤ ਨੂੰ ਹਰ ਵੇਲੇ ਜਿਉਣ  ਵਾਲੀ ਜਿਹੜੀ ਇਕ ਮਾਤਰ ਇਨਸਾਨ ਹੈ, ਉਹ ਮੇਰੀ ਵੱਡੀ ਭੈਣ ਹੈ। ਦੂਲ੍ਹਾ ਭਾਈ ਦੇ ਗਾਇਬ ਹੋਣ ਤੋਂ ਬਾਅਦ ਕਿਤੇ ਵੀ ਕੋਈ ਕ੍ਰਾਸਫਾਇਰ ਜਾਂ ਕਤਲ ਦੀ ਘਟਨਾ ਹੋਵੇ, ਤਾਂ ਉਹ ਸੋਚਦੀ ਹੈ ਕਿ ਸ਼ਾਇਦ ਇਸ ਵਾਰੀ ਦੂਲ੍ਹਾ ਭਾਈ ਦੀ ਲਾਸ਼ ਮਿਲ ਜਾਵੇ। ਜਦੋਂ ਮੈਂ ਉਸ ਕੋਲ ਗਿਆ, ਵੇਖਿਆ ਕਿ ਉਹ ਆਟਾ ਘੋਲ ਕੇ ਕੱਪੜੇ ਵਿੱਚ ਪਾ ਕੇ ਮੋਰੀ ਕਰਕੇ ਨਵੇਂ ਜੰਮੇ ਬਤਖ਼ ਦੇ ਚੂਜ਼ਿਆਂ ਨੂੰ ਖਵਾ ਰਹੀ ਸੀ।

            ਅੱਛਾ ਬੁਬੂ, ਜੇ ਦੂਲ੍ਹਾ ਭਾਈ ਵਾਪਸ ਜਾਵੇ, ਅਚਾਨਕ ਪਤਾ ਲੱਗੇ ਕਿ ਉਸਨੂੰ ਕਤਲ ਹੀ ਨਹੀਂ ਕੀਤਾ ਗਿਆ ਸੋਚ, ਅੱਜ ਹੀ ਤੈਨੂੰ ਨਾਲ ਲੈ ਜਾਣ ਵਾਸਤੇ ਜਾਵੇ ਤਾਂ!

            ਮੇਰੀ ਗੱਲ ਸੁਣ ਕੇ ਉਸਦਾ ਮੂੰਹ ਸੁੰਗੜ ਗਿਆ। ਮੈਂ ਸੋਚਿਆ ਸੀ ਖੁਸ਼ੀ ਨਾਲ ਚਹਿਕ ਪਵੇਗੀ, ਪਰ ਵੇਖਿਆ ਉਹ ਹੋਰ ਵੀ ਸੁੰਗੜ ਗਈ। ਲੱਗਿਆ ਜਿਵੇਂ ਮੇਰੀ ਕਹੀ ਗੱਲ ਸੱਚਮੁੱਚ ਹੀ ਵਾਪਰ ਗਈ ਹੋਵੇ।

            ਕਿਉਂ, ਮੈਂ ਉਸ ਨਾਲ ਕਿਉਂ ਜਾਵਾਂ! ਕੀ ਮੈਂ ਇੱਥੇ ਮਾੜੇ ਹਾਲ ਵਿੱਚ ਹਾਂ? ਮੈਂ ਉਸਦੀ ਗ੍ਰਹਿਸਥੀ ਵਿੱਚ ਕਿਉਂ ਜਾਵਾਂ! ਮੈਂ ਤੁਹਾਡੇ ਘਰ ਦਾ ਖਾਂਦੀ ਹਾਂ ਇਸ ਲਈ ਤੁਸੀਂ ਕੀ ਸਮਝਦੇ ਹੋ? ਕੀ ਇਹ ਘਰ ਮੇਰਾ ਨਹੀਂ?’ ਮੂੰਹ ਵੱਟ ਕੇ ਵੱਡੀ ਭੈਣ ਨੇ ਇਹ ਗੱਲਾਂ  ਇੰਝ ਕਹਿਆਂ ਕਿ ਮੈਂ ਚੁੱਪ ਵੱਟ ਗਿਆ।

            ਬੁਬੂ, ਜੋ ਜੀ ਚਾਹੇ ਬਕਵਾਸ ਕਰੀ ਜਾਂਦੀ ! ਦੂਲ੍ਹਾ ਭਾਈ ਨੂੰ ਤਾਂ ਚੁੱਕ ਕੇ ਲੈ ਗਏ ਨੇ ਜਿਹਨੂੰ ਚੁੱਕ ਕੇ ਲੈ ਜਾਣ, ਕੀ ਕਦੇ  ਉਹਨਾਂ ਨੂੰ ਵਾਪਸ ਮੋੜਿਆ ਹੈ? ਜਿਉਂਦਾ ਛੱਡਿਆ ਹੋਵੇ ਤਾਂ ਆਵੇ ਨਾ! ਮੈਂ ਤਾਂ ਗੱਲ ਦੀ ਗੱਲ ਕੀਤੀ ਸੀ।ਮੈਂ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ। ਸਮਝ ਰਿਹਾਂ ਹਾਂ ਕਿ ਜਿਸਦੀ ਉਹ ਉਡੀਕ ਕਰ ਰਹੀ ਹੈ, ਉਹ ਜਿਉਂਦਾ ਨਹੀਂਮੋ ਚੁੱਕਿਆ ਹੈ ਅਜੀਬ ਹੈ ਮਨੁੱਖ ਦਾ ਮਨ!

            ਹੂੰ, ਤੇਰਾ ਦੂਲ੍ਹਾ ਭਾਈ ਜਿਉਂਦਾ ਹੁੰਦਾ ਤਾਂ ਤੂੰ ਮੈਨੂੰ ਇੰਝ ਕਹਿੰਦਾ? ਅੱਜ ਉਹ ਨਹੀਂ ਰਿਹਾ, ਇਸ ਲਈ ਤੁਸੀਂ ਸਾਰੇ ਮੇਰਾ ਮਜ਼ਾਕ ਉਡਾਉਂਦੇ ਹੋ। ਮੈਂ ਸਭ ਸਮਝਦੀ ਹਾਂ।ਇਹ ਕਹਿ ਕੇ ਉਸ ਨੇ ਮੈਨੂੰ ਹੈਰਾਨ ਕਰਦਿਆਂ ਜੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਉਸਦੇ ਰੋਣ ਦੀ ਅਵਾਜ਼ ਸੁਣ ਕੇ ਮਾਂ ਨੱਸੀ ਆਈ। ਗੱਲ ਠੀਕ ਤਰ੍ਹਾਂ ਸੁਣੇ ਬਗੈਰ ਹੀ ਮਾਂ ਨੇ ਮੇਰੀ ਪਿੱਠ ਤੇ ਦੋ ਰੱਖ ਦਿੱਤਿਆਂ ਮੈਨੂੰ ਧੱਕ ਕੇ ਪਰੇ ਹਟਾ ਕੇ, ਬਿਲਕੁਲ ਬਰਾਬਰ ਦੀ ਭੈਣ ਵਾਂਗ ਉਸਦੇ ਸਿਰ ਤੇ ਹੱਥ ਪਲੋਸਦੇ ਹੋਇਆਂ ਮਾਂ ਨੇ ਕਿਹਾ, ‘ਜਾ, ਜਾ ਕੇ ਨ੍ਹਾ ਆ। ਅਸੀਂ ਕੱਦੂ ਦੀਆਂ ਵੜੀਆਂ ਬਣਾਵਾਂਗੇ। ਅੱਜ ਅਸਮਾਨ ਸਾਫ਼ ਹੈ। ਪਿਛਲੀ ਵਾਰੀ ਅਸਮਾਨ ਸਾਫ਼ ਨਾ ਹੋਣ ਕਾਰਨ ਵੜੀਆਂ  ਬੋ ਮਾਰ ਰਹੀਆਂ ਸੀ।’’

            ਮਾਂ ਦੀ ਗੱਲ ਸੁਣ ਕੇ ਵੱਡੀ ਭੈਣ ਇੰਝ ਉੱਠ ਖੜੀ ਹੋਈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਾਂ ਨੇ ਜਦੋਂ ਬਤਖ਼ ਦੇ ਬੱਚੇ ਛੱਡੇ, ਉਹ ਨਲਕੇ ਵੱਲ ਭੱਜੇ ਗਏ। ਬਬੂਲ ਦੇ ਫੁੱਲ ਵਰਗੇ ਪੀਲੇ ਚੂਜ਼ਿਆਂ ਦੇ ਸਰੀਰ ਤੇ ਦੋ ਦਿਨਾਂ ਬਾਅਦ ਰੰਗ ਚੜ੍ਹਣ ਲੱਗ ਪਵੇਗਾ। ਇਸਦਾ ਹੀ ਨਾਂ ਜ਼ਿੰਦਗੀ ਹੈ। ਇੱਕ ਵਾਰੀ ਜ਼ਿੰਦਗੀ ਹੱਥੋਂ ਨਿਕਲ ਜਾਵੇ, ਤਾਂ ਉਸ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਰਹਿੰਦੀ। ਜੋ ਮਰ ਜਾਂਦਾ ਹੈ, ਉਸ ਲਈ ਹਾਹਾਕਾਰ ਮਚਿਆ ਰਹਿੰਦਾ ਹੈ - ਉਮੀਦ ਨਹੀਂ ਰਹਿੰਦੀ ਜੇ ਮੈਂ ਮਰ ਜਾਵਾਂ, ਕੀ ਮਾਂ ਵੀ ਵੱਡੀ ਭੈਣ ਵਾਂਗ ਮੁਕਤ ਹੋ ਜਾਵੇਗੀ? ਮੌਤ ਬਾਰੇ ਇਹ ਸੋਚ ਮੈਨੂੰ ਮੌਤ ਦਾ ਫੈਸਲਾ ਕਰਨ ਵਿੱਚ ਜਿਵੇਂ ਹੌਂਸਲਾ ਦਿੰਦੀ ਹੈ, ਓਸੇ ਤਰ੍ਹਾਂ ਪੀੜ ਵੀ ਦਿੰਦੀ ਹੈ।

            ਆਪਣੀ ਮਰਜੀ ਨਾਲ ਮੌਤ ਦਾ ਫੈਸਲਾ ਕਰਦਿਆਂ ਮੌਤ ਦੇ ਤਰੀਕੇ ਬਾਰੇ ਵੀ ਸੋਚਣਾ ਪੈਂਦਾ ਹੈਇਹ ਹੋਰ ਵੀ ਔਖੀ ਗੱਲ ਹੈ। ਜ਼ਹਿਰ ਖਾ ਸਕਦਾ ਹਾਂ, ਪਰ ਇਲਾਕੇ ਵਿੱਚ ਅੱਜ ਤੱਕ ਕਿਸੇ ਨੂੰ ਜ਼ਹਿਰ ਖਾ ਕੇ ਮਰਦੇ ਨਹੀਂ ਸੁਣਿਆ; ਹਸਪਤਾਲ ਤੋਂ ਚੰਗੇ-ਭਲੇ ਪਰਤ ਆਏਇਸ ਤੋਂ ਵੱਡੀ ਬੇਇੱਜ਼ਤੀ ਹੋਰ ਕੀ ਹੋ ਸਕਦੀ ਹੈ। ਜਦੋਂ ਲੋਕ ਮਰਣ ਵਾਲੇ ਲਈ ਮਰਿਆ ਮੰਨ ਰੋ-ਪਿੱਟ ਲੈਂਦੇ ਹਨ, ਤਦ ਆਪਣਾ ਸਭ ਤੋਂ ਕਰੀਬੀ ਬੰਦਾ ਵੀ ਨਹੀਂ ਚਾਹੁੰਦੇ ਕਿ ਅਗਲਾ ਜਿੰਦਾ ਹੋ ਜਾਵੇ ਉਦੋਂ ਬਚ ਜਾਵੋ, ਤਾਂ ਦੁਨੀਆ ਹੋਰ ਫਿੱਕੀ ਲੱਗਣ ਲੱਗ ਪੈਂਦੀ ਹੈ, ਰਿਸ਼ਤੇ ਹੋਰ ਵੀ ਨਿਰਾਸ ਕਰਨ ਵਾਲੇ ਹੋ ਜਾਂਦੇ ਹਨ। ਇਹ ਗੱਲ ਸ਼ਰਾਫ਼ਤ ਦਾਦਾ ਦੀ ਹੈਦੋ ਵਾਰ ਖੁਦਕੁਸ਼ੀ  ਦੀ ਕੋਸ਼ਿਸ਼ ਕਰਕੇ ਵੀ ਮਰਿਆ ਨਹੀਂ। ਪਹਿਲੀ ਵਾਰ ਜ਼ਿੰਦਗੀ ਦੇ ਪਛਤਾਵੇ ਤੋਂ ਬਚਣ ਲਈ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ; ਦੂਜੀ ਵਾਰ ਨਾ ਮਰ ਸਕਣ ਦੇ ਪਛਤਾਵੇ ਤੋਂਪਰ ਇਸ ਵਾਰੀ ਵੀ ਮਰਿਆ ਨਹੀਂ, ਘਰ ਦੀ ਛੱਤ ਨਾਲ ਟੰਗੀ ਰੱਸੀ ਛੱਤ ਸਮੇਤ ਹੀ ਟੁੱਟ ਕੇ ਡਿੱਗ ਪਈ। ਗਰੀਬੀ ਦੀ ਹਾਲਤ ਵਿੱਚ ਇੰਝ ਬੇਵਕੂਫ਼ੀ ਨਾਲ ਛੱਤ ਤੋੜ ਦੇਣ ਕਰਕੇ ਕਮਾਊ ਪੁੱਤਰ ਦੇ ਸਾਹਮਣਾ ਵੀ ਨਹੀਂ ਕੀਤਾ ਜਾ ਸਕਦਾ। ਅਜਿਹੀ ਬੇਰਹਿਮੀ ਨਾਲ ਬਚ ਕੇ ਵਾਪਸ ਆਉਣ ਦੇ ਡਰ ਨਾਲ ਵਿਚਾਰਾ ਫਿਰ ਖੁਦਕੁਸ਼ੀ  ਦੀ ਹਿੰਮਤ ਨਹੀਂ ਕਰ ਸਕਿਆ। ਰਹੀ ਗਲ ਵਿੱਚ ਰੱਸਾ ਪਾ ਕੇ ਮਰਨ ਦੀਇਹ ਮੈਂ ਜਾਂ ਤਾਂ ਪਤੀ ਦੇ ਜ਼ੁਲਮ ਤੋਂ ਬਚਣ ਲਈ, ਜਾਂ ਪਰਾਈ ਮੁਹਬੱਤ ਵਿੱਚ ਫੜੀਆਂ ਗਈਆਂ ਔਰਤਾਂ ਨੂੰ ਕਰਦੇ ਵੇਖਿਆ ਹੈ। ਛੱਡੋ, ਮੇਰੇ ਸੁਭਾਅ ਨਾਲ ਇਹ ਬਿਲਕੁਲ ਨਹੀਂ ਫਬਦਾ।

            ਉਸ ਰਾਤ ਛੱਤ ਦੇ ਕੰਢੇ ਖੜ੍ਹਾ ਹੋ ਕੇ ਲੱਗਿਆਜੇ ਮੈਂ ਚਾਹਾਂ, ਤਾਂ ਇਸੇ ਛਿਣ ਧਰਤੀ ਦਾ ਸਾਰਾ ਰੌਲਾ-ਰੱਪਾ ਰੋਕ ਸਕਦਾ ਹਾਂ। ਬੇਅਵਾਜ਼ ਖ਼ਲਾਅ ਨੇ ਮੈਨੂੰ ਹਮੇਸ਼ਾਂ ਜ਼ਿੰਦਗੀ ਵਾਂਗ ਆਪਣੇ ਵੱਲ ਖਿੱਚਿਆ ਹੈ। ਮੈਂ ਅਸੀਮ ਖ਼ਮੋਸ਼ੀ ਵਿੱਚ ਜੀਉਣਾ ਚਾਹਿਆ ਹੈ। ਦੋਵੇਂ ਲੱਤਾਂ ਖ਼ਲਾਅ ਵੱਲ ਚੁੱਕਦਿਆਂ ਹੀ ਪਿਛਲੇ ਹਫ਼ਤੇ ਸੁਣਿਆ ਇਮਾਮ ਦਾ ਖ਼ੁਤਬਾ ਦੂਰ ਅਸਮਾਨੋਂ ਕੰਨਾਂ ਵਿੱਚ ਗੂੰਜਣ ਲੱਗ ਪਿਆਧਰਤੀ ਦਾ ਸਭ ਤੋਂ ਵੱਡਾ ਪਾਪ ਖੁਦਕੁਸ਼ੀ ਹੈ, ਜਿਸਨੂੰ ਮਾਫੀਰਹਿਤ ਮਹਾਂ ਪਾਪ ਕਿਹਾ ਜਾਂਦਾ ਹੈ ਹਜ਼ੂਰ ਸੂਰਾ ਅਨ-ਨਿਸਾ ਤੋਂ ਸੁਣਾਉਂਦੇ ਹਨ, ‘ਤੁਸੀਂ ਆਪਣੇ ਆਪ ਨੂੰ ਨਾ ਮਾਰੋ। ਨਿਸ਼ਚਿਤ ਹੀ ਅੱਲਾਹ ਤੁਹਾਡੇ ਉੱਤੇ ਮਿਹਰਬਾਨ ਹੈ। ਜੋ ਖੁਦਕੁਸ਼ੀ  ਕਰੇਗਾ, ਅੱਲਾਹ ਉਸਨੂੰ ਅੱਗ ਦੇ ਕੁੰਡ ਵਿੱਚ ਸੁੱਟੇਗਾ।ਫਿਰ ਹਜ਼ੂਰ ਹੋਰ ਵੀ ਚੇਤਾਵਨੀ ਦਿੰਦੇ ਹੋਏ ਹਦੀਸ ਤੋਂ ਪੜ੍ਹ ਕੇ ਸੁਣਾਉਂਦੇ ਹਨ, ‘ਜੋ ਗਲ ਵਿੱਚ ਫਾਹਾ ਪਾ ਕੇ ਖੁਦਕੁਸ਼ੀ  ਕਰੇਗਾ, ਜਹੰਨਮ ਵਿੱਚ ਵੀ ਉਸਨੂੰ ਫਾਹੇ ਦੀ ਹੀ ਸਜ਼ਾ ਮਿਲੇਗੀ; ਜੋ ਅੱਗ ਵਿੱਚ ਛਾਲ ਮਾਰੇਗਾ, ਉਸਨੂੰ ਅੱਗ ਵਿੱਚ ਸਾੜਿਆ ਜਾਵੇਗਾ।ਹਜ਼ੂਰ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ  ਦੀ ਸਜ਼ਾ ਬਾਰੇ ਕੁਝ ਨਹੀਂ ਕਿਹਾ। ਪਰ ਇਸ ਤੋਂ ਜੋ ਅਨੁਮਾਨ ਬਣਦਾ ਹੈਅੱਜ ਜੇ ਛਾਲ ਮਾਰ ਕੇ ਮਰਿਆ, ਤਾਂ ਜਹੰਨਮ ਵਿੱਚ ਵੀ ਮੈਨੂੰ ਅਨੰਤ ਛਾਲਾਂ ਦੇ ਵਿਚਕਾਰ ਹੀ ਰਹਿਣਾ ਪਵੇਗਾ। ਇਹ ਇਕਦੋ ਵਾਰ ਹੋਵੇ ਤਾਂ ਕੋਈ ਵੱਡੀ ਸਜ਼ਾ ਨਾ ਹੁੰਦੀ। ਪਰ ਕੋਈ ਬੰਦਾ ਅਨੰਤਕਾਲ ਤੋਂ ਛੱਤ ਤੋਂ ਡਿੱਗਦਾ ਹੀ ਜਾਵੇਡਿੱਗਦਾ ਹੀ ਜਾਵੇ, ਡਿੱਗਦਾ ਹੀ ਜਾਵੇਸਰੀਰ ਚਿਥੜੇ-ਚਿਥੜੇ ਹੁੰਦਾ ਜਾਵੇ ਫਿਰ ਡਿੱਗੇ, ਫਿਰ ਚਿਥੜੇ। ਫਿਰ ਡਿੱਗੇ, ਫਿਰ ਚਿਥੜੇ। ਫਿਰ ਡਿੱਗੇ, ਫਿਰ ਚਿਥੜੇ। ਇਹ ਸੋਚਦਿਆਂ ਹੀ ਮੇਰਾ ਜੀ ਮਿਚਲਾਉਣ ਲਗ ਜਾਂਦਾ ਹੈ, ਸਿਰ ਘੁੰਮਣ ਲੱਗ ਪੈਂਦਾ ਹੈ। ਅਸੰਭਵ!

          ਪਰ ਅੱਜ ਮੈਂ ਮਰਨਾ ਹੀ ਸੀ। ਅਸਮਾਨ ਦੀਆਂ ਉੱਚਾਈਆਂ ਤੋਂ ਹੇਠਾਂ ਤੱਕਦੇ ਹੋਏ ਮੈਨੂੰ ਨੂਹ ਦੀ ਕਿਸ਼ਤੀ ਹੇਠਾਂ ਡੂੰਘਿਆਂ ਵਿਖਾਈ ਦਿੰਦੀ ਹੈਮਹਾ ਪਰਲੋ ਵਿੱਚ ਧਰਤੀ ਤੈਰ ਰਹੀ ਹੈ, ਕਿਸ਼ਤੀ ਦੇ ਆਲੇਦੁਆਲੇ ਮੇਰੀ ਮਾਂ, ਅੱਬਾ ਅਤੇ ਭੈਣਾਂ ਉਡੀਕ ਕਰ ਰਹੀਆਂ ਹਨ। ਮੇਰੇ ਕੋਲ ਛਾਲ ਨਾ ਮਾਰਨ ਦਾ ਕੋਈ ਰਾਹ ਨਹੀਂ ਰਹਿੰਦਾ। ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਉਮਰ ਦੇ ਦਰੱਖ਼ਤ ਉੱਤੇ ਮੇਰੀ ਉਮਰ ਲਿਖਿਆ ਹੋਇਆ ਪੱਤਾ ਅਜੇ ਵੀ ਤਾਜ਼ਾ ਹੈ; ਸੌ ਕੋਸ਼ਿਸ਼ਾਂ ਨਾਲ ਵੀ ਮੈਂ ਉਹ ਪੱਤਾ ਨਹੀਂ ਝਾੜ ਸਕਾਂਗਾਕਿਸੇ ਨਾ ਕਿਸੇ ਵਸੀਲੇ ਨਾਲ ਮੈਂ ਹਾਰ ਹੀ ਜਾਵਾਂਗਾ। ਉਸ ਵਸੀਲੇ ਵਜੋਂ ਆਸਮਾਨੋਂ ਇਕ ਅਜਿਹਾ ਬੋਲ ਉਚਾਰਿਆ ਗਿਆ ਕਿ ਪੈਰ ਖ਼ਲਾਅ ਵਿੱਚ ਟਿਕੇ ਹੋਣ ਦੇ ਬਾਵਜੂਦ ਮੈਂ ਛੱਤ ਦੇ ਕੰਢੇ ਖੜ੍ਹਾ ਰਹਿ ਗਿਆਨਿਰਵਿਕਾਰ, ਨਿਸ਼ਚਲ।

          ਨਿਸ਼ਚਿਤ ਹੀ ਦੁੱਖ ਦੇ ਵਿਚਕਾਰ ਸੁਖ ਹੈ। ਨਿਸ਼ਚਿਤ ਹੀ ਦੁੱਖ ਦਾ ਬੋਧ ਹੀ ਜੀਵਨ ਦੀ ਨਿਯਤੀ ਹੈ।ਅਣਜਾਣੀ ਅਵਾਜ਼ ਵਿੱਚ ਆਇਆ ਇਹ ਵਾਕ ਤਦ ਮੇਰੇ ਮਨ ਵਿੱਚ ਘੁੰਮਦਾ ਰਹਿੰਦਾ ਹੈ। ਸੈਲਾਬ ਵਿਚਕਾਰ ਨੂਹ ਦੀ ਕਿਸ਼ਤੀ ਸੁਰੱਖਿਅਤ ਤੈਰ ਜਾਂਦੀ ਹੈ। ਮਾਂ, ਅੱਬਾ ਬਾਬਤ ਸੋਚ ਕੇ ਹੁਣ ਮੈਨੂੰ ਮਾੜਾ ਨਹੀਂ ਲੱਗਦਾ। ਅਸੀਂ ਹਰੇਕ ਆਪਣੀ ਨਿਯਤੀ ਦੇ ਸ਼ਿਕਾਰ ਹਾਂਇਹ ਸਵੀਕਾਰ ਕਰ ਲੈਣ ਨਾਲ ਸਾਡੇ ਦੁੱਖ ਦਾ ਅਹਿਸਾਸ ਘੱਟਵੱਧ ਨਹੀਂ ਹੁੰਦਾ, ਪਰ ਸੈਲਾਬ ਵਿੱਚ ਕਿਸ਼ਤੀ ਵੇਖ ਕੇ ਫਿਰ ਛਾਲ ਮਾਰਨ ਦਾ ਜੀ ਨਹੀਂ ਕਰਦਾ।

          ਜਦ ਮੇਰੀ ਨਿਯਤੀ ਕਿਸੇ ਹੋਰ ਦੀ ਨਿਯਤੀ ਨਾਲ ਬੱਝੀ ਹੋਵੇ, ਜਦ ਕਿਸੇ ਹੋਰ ਦੀ ਨਿਯਤੀ ਮੇਰੀ ਮੁਕਤੀ ਦੀ ਰੁਕਾਵਟ ਬਣੇ, ਤਦ ਅਸੀਂ ਗ੍ਰਹਨਕਸ਼ਤਰਾਂ ਵਾਂਗ ਆਪਣੇਆਪਣੇ ਪ੍ਰਕੱਮਿਆ ਪਥ (ਆਰਬਿੱਟ) ਵਿੱਚ ਇਕਦੂਜੇ ਦੇ ਗਿਰਦ ਘੁੰਮਦੇ ਰਹਿ ਸਕਦੇ ਹਾਂ। ਸਾਡੀ ਮੁਕਤੀ ਹੈ ਹਨੇਰੇ ਦੇ ਅੰਦਰ ਹਨੇਰੇ ਵਿੱਚਓਹਲੇ ਵਿੱਚ, ਇਕਾਂਤ ਵਿੱਚ, ਛੁਪਾਅ ਵਿੱਚ

          ਉਸ ਦਿਨ ਖੁਦਕਿਸ਼ੀ  ਨਾ ਕਰ ਸਕਣ ਤੇ ਮੈਨੂੰ ਨਵੀਂ ਸਮਝ ਆਈਮੈਂ ਅਜ਼ਾਦ ਨਹੀਂ। ਮੈਂ ਆਪਣੀ ਜ਼ਿੰਦਗੀ ਅੱਗੇ ਸਮਰਪਿਤ ਹਾਂ, ਆਪਣੀ ਮੌਤ ਅੱਗੇ ਪਰਵੱਸ ਹਾਂ ਇਸ ਤੋਂ ਵੱਧ ਪੀੜ ਹੋਰ ਕੀ ਹੋ ਸਕਦੀ ਹੈ। ਅਜ਼ਾਦ ਹੋਣ ਲਈ ਸ੍ਰਿਸ਼ਟੀਕਰਤਾ ਦੇ ਹੁਕਮ ਅਤੇ ਕੁਦਰਤ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਪਵੇਗਾ। ਬੇਯਕੀਨੀ? ਨਹੀਂਉਸ ਨਾਲ ਵੀ ਕੁਝ ਨਿਸ਼ਚਿੰਤ ਨਹੀਂ ਹੁੰਦਾ ਚਮਗਾਦੜ ਰੰਗ ਨੂੰ ਨਕਾਰ ਦੇਵੇ, ਤਾਂ ਵੀ ਧਰਤੀ ਤੇ ਹਜ਼ਾਰਾਂ ਰੰਗ ਬਚੇ ਰਹਿੰਦੇ ਹਨ। ਇਹ ਇੱਕ ਕਿਸਮ ਦਾ ਸਮਝੌਤਾ ਹੈਆਪਣੇ ਸਭ ਕੁਝ ਦੇ ਬਦਲੇ ਇਹ ਨਿੱਜੀ ਅਜ਼ਾਦੀ ਲੈ ਲੈਣਾ, ਲਿਖਤੀ ਤੌਰ ਤੇ ਸਕੂਲ ਵਿੱਚ ਸਾਡੇ ਨਵੇਂ ਸਰ ਨੇ ਇੱਕ ਦਿਨ ਦੱਸਿਆ ਸੀਵੀਰ ਟਿਥੋਨਸ ਨੇ ਰੱਬ ਕੋਲ ਅਨੰਤ ਜੀਵਨ ਮੰਗਿਆ, ਅਨੰਤ ਜਵਾਨੀ ਗੁਆ ਕੇ ਡਾਕਟਰ ਫੌਸਟਸ ਨੇ ਆਪਣੀ ਆਤਮਾ ਦੇ ਬਦਲੇ ਸ਼ੈਤਾਨ ਤੋਂ ਸਰਵਗਿਆਨ ਮੰਗ ਲਿਆ ਸੀ ਓਸੇ ਤਰ੍ਹਾਂ ਦਾ ਇੱਕ ਸਮਝੌਤਾ ਮੈਨੂੰ ਵੀ ਕਰਨਾ ਚਾਹੀਦਾ ਸੀ

          ਇਕ ਦਿਨ ਫ਼ਜਰ ਦੀ ਅਜ਼ਾਨ ਤੋਂ ਪਹਿਲਾਂ ਉਹ ਲਿਖਤ-ਪੜ੍ਹਤ ਹੋਈ। ਕੁਝ ਪਲਾਂ ਬਾਅਦ ਮੈਂ ਅਜ਼ਾਨ ਦੇਣੀ ਸੀ। ਮਸਜਿਦ ਦੀ ਖਿੜਕੀ ਤੋਂ ਬਾਹਰ ਅਦਭੁਤ ਅਸਮਾਨ ਅੰਤਹੀਨ ਸਲੇਟ। ਉਸ ਤੇ ਦਸਤਖ਼ਤ ਕਰ ਕੇ ਰੱਬ ਨੇ ਮੈਨੂੰ ਅਨੰਤ ਅਜਾਦ ਕਰ ਦਿੱਤਾਪਰ ਇਕ ਸ਼ਰਤ ਤੇ ਮੈਂ ਮਨਜ਼ੂਰ ਕਰ ਲਿਆ। ਅਜ਼ਾਨ ਤੋਂ ਠੀਕ ਪਹਿਲਾਂ ਰੱਬ ਨੇ ਮੈਨੂੰ ਹਰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ। ਸਵੇਰ ਦੀ ਰੌਸ਼ਨੀ ਫੁੱਟਣ ਤੋਂ ਪਹਿਲਾਂ ਹੀ ਅਸਮਾਨ ਰੌਸ਼ਨ ਕਰਕੇ ਉਸਦੇ ਚਮਕਦੇ ਦਸਤਖ਼ਤ ਉਭਰ ਆਏ ਉਸ ਰੌਸ਼ਨੀ ਵਿੱਚ ਕਈਆਂ ਨੇ ਗਲਤੀ ਨਾਲ ਸਮਝ ਲਿਆ ਕਿ ਸਵੇਰ ਹੋ ਗਈ ਹੈ। ਮੈਂ ਅਜ਼ਾਨ ਨਾ ਦੇ ਕੇ ਮਸਜਿਦ ਤੋਂ ਹੇਠਾਂ ਗਿਆ। ਕੁਝ ਦੂਰ ਜਾ ਕੇ ਮਸਜਿਦ ਨੂੰ ਮੁੜ ਆਇਆਨਮਾਜ਼ ਪੜ੍ਹਨ ਲਈ ਲੱਗਿਆ, ਇੰਨੇ ਦਿਨ ਮੈਂ ਪਰਾਧੀਨ ਹੋ ਕੇ, ਜਨਮ ਦੀ ਜ਼ਿੰਮੇਵਾਰੀ, ਪਾਪਮੁਕਤੀ, ਡਰ ਅਤੇ ਪ੍ਰਾਪਤੀ ਦੇ ਲਾਲਚ ਵਿੱਚਨਮਾਜ਼ ਪੜ੍ਹਦਾ ਰਿਹਾ। ਅੱਜ ਮੈਂ ਨਮਾਜ਼ ਆਪਣੀ ਨਿੱਜੀ ਇੱਛਾ ਨਾਲ ਪੜ੍ਹਾਂਗਾਬਿਨਾਂ ਕਾਰਨਜਿਸ ਨਾਲ ਨਾ ਇਸ ਲੋਕ ਵਿੱਚ, ਨਾ ਪਰਲੋਕ ਵਿੱਚ ਕੋਈ ਨਫਾ-ਨੁਕਸਾਨ ਜੁੜਿਆ ਹੋਵੇ। ਉਸ ਦਿਨ ਪਹਿਲੀ ਵਾਰ ਮੁਕਤ ਹੋ ਕੇ, ਮੁਕਤੀ ਦੀ ਸ਼ਾਂਤੀ ਨਾਲ ਨਮਾਜ਼ ਪੜ੍ਹਿਆ ਕੁਝ ਪਲਾਂ ਲਈ ਲੱਗਿਆਭਰੋਸੇ ਦੀ ਵੀ ਇਕ ਕਿਸਮ ਦੀ ਅਵਾਜ਼ ਹੁੰਦੀ ਹੈ। ਇਹ ਅਵਾਜ਼ ਮੁੱਕ ਜਾਣ ਮਗਰੋਂ ਅੰਦਰ ਜੋ ਸਥਿਰਤਾ ਪੈਦਾ ਹੁੰਦੀ ਹੈ, ਉਹ ਸਮੁੰਦਰ ਦੀ ਗੂੰਜ ਵਰਗੀ ਖਮੋਸ਼ੀ ਪੈਦਾ ਕਰਦੀ ਹੈ। ਉਸੇ ਵੇਲੇ ਮੈਨੂੰ ਮਰ ਜਾਣਾ ਚਾਹੀਦਾ ਸੀ। ਪਰ ਮੈਂ ਹੋਰ ਸਮਾਂ ਜੀਉਣਾ ਚਾਹਿਆਅਜਾਦੀ ਨਾਲ ਜੀਉਣ ਦੇ ਮੋਹ ਵਿੱਚ।

          ਫਿਰ ਇਕ ਦਿਨ ਫੈਸਲਾ ਦੁਬਾਰਾ ਕੀਤਾ ਇਸ ਵਾਰੀ ਇੱਕ ਲੱਤ ਆਪਮੁਹਾਰੇ ਅੱਗੇ ਵੱਧ ਗਿਆ। ਜਹੰਨਮ ਦਾ ਡਰ ਨਹੀਂ ਰਿਹਾ। ਅਨੰਤਕਾਲ ਤੱਕ ਛੱਤ ਤੋਂ ਡਿੱਗਦੇ ਰਹਿਣ ਦਾ ਕੋਈ ਸੰਦੇਹ ਨਹੀਂ ਰਿਹਾ।

          ਮੈਂ ਕਦੇਕਦੇ ਮਾਂ ਦੀ ਉਹੀ ਦੁਆ ਸੁਣਦਾ ਹਾਂ। ਮਾਂ ਸ਼ਾਇਦ ਹੋਰ ਕੰਮ ਕਰ ਰਹੀ ਹੁੰਦੀ ਹੈ, ਪਰ ਮੈਂ ਉਸਨੂੰ ਦੁਆ ਕਰਦੀ ਵੇਖਦਾ ਹਾਂ। ਪਰ ਹੋਰ ਦੁਆਵਾਂ ਵਾਂਗ ਮਾਂ ਦੀ ਇਹ ਦੁਆ ਵੀ ਅੱਲਾਹ ਕਬੂਲ ਨਹੀਂ ਕਰਦਾ।

          ਵਕ਼ਤ ਭਾਵੇਂ ਇੱਕੋ ਥਾਂ ਤੇ ਘੁੰਮਦਾ ਰਿਹਾ ਪਰ ਮੈਂ ਹੌਲੀਹੌਲੀ ਵੱਡਾ ਹੁੰਦਾ ਗਿਆ

          ਮੇਰਾ ਵਧਦਾ ਹੋਇਆ ਸਰੀਰ ਹੁਣ ਲੁਕਾਇਆ ਨਹੀਂ ਜਾ ਸਕਦਾ।

 

                                                                              000000

 

          ਅੱਜ ਉਹ ਫਿਰ ਆਏ ਹਨ। ਪਹਿਲਾਂ ਵੀ ਕਈ ਆਏ ਸਨ, ਪਰ ਅੱਬਾ ਨੇ ਘਰ ਵਿੱਚ ਦਾਖ਼ਲ ਹੋਣ ਨਹੀਂ ਦਿੱਤਾ। ਇੱਕ ਵਾਰ ਤਾਂ ਅੱਬਾ ਨੇ ਲਾਠੀ ਨਾਲ ਮਾਰ ਕੇ ਕਿਸੇ ਦਾ ਸਿਰ ਪਾੜ ਦਿੱਤਾ ਸੀ। ਕੁਝ ਦਿਨ ਥਾਣੇਪੁਲੀਸ ਦੇ ਚੱਕਰ ਵੀ ਲੱਗੇ। ਪਰ ਪਿਛਲੇ ਇੱਕ ਸਾਲ ਵਿੱਚ ਇੰਨਾ ਕੁਝ ਹੋ ਜਾਣ ਤੋਂ ਬਾਅਦ ਅੱਬਾ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੇ ਹਨਕਾਲਬੈਸਾਖੀ ਵਿੱਚ ਟਾਹਣੀਆਂ ਗੁਆ ਬੈਠੇ ਦਰੱਖ਼ਤ ਵਾਂਗ ਅਸਤ-ਵਿਅਸਤ ਹੁਣ ਉਹ ਦਾਦੀ ਦੇ ਵਿਛੌਣੇ ਤੇ ਸੌਂਦੇ ਹਨ। ਇਸੇ ਮੰਜੇ ਤੇ ਦਾਦਾ ਵੀ ਖ਼ਤਮ ਹੋਇਆ ਸੀ। ਜਿਹੜਾ ਕਮਰਾ ਕਦੇ ਜਣੇਪੇ ਦਾ ਕਮਰਾ ਹੋਇਆ ਕਰਦਾ ਸੀ, ਹੁਣ ਉੱਥੇ ਡੁੱਬਦੀ ਹੋਈ ਜ਼ਿੰਦਗੀ ਗੋਡੇ ਮੋੜ ਕੇ ਅਰਾਮ ਕਰਦੀ ਹੈ। ਦਾਦੀ ਦੀ ਮੌਤ ਤੋਂ ਬਾਅਦ ਮੈਂ  ਉੱਥੇ ਨਹੀਂ ਜਾਂਦਾ। ਮਾਂ ਨੇ ਅੱਬਾ ਦੇ ਸਾਹਮਣੇ ਘੱਟ ਜਾਣ ਲਈ ਕਿਹਾ ਹੈਹੁਣ ਤਾਂ ਘਰ ਦੇ ਅੰਦਰ ਵੀ ਮੇਰੀ ਜ਼ਿੰਦਗੀ ਛੋਟੀ ਹੋ ਗਈ ਹੈ। ਖੁੱਲ੍ਹੀ, ਬੇਰੋਕ ਦੁਨੀਆ ਵਿੱਚ ਆਪਣੇ ਆਪ ਨੂੰ ਬੋਨਸਾਈ ਵਰਗਾ ਮਹਿਸੂਸ ਕਰਦਾ ਹਾਂ। ਪਰ ਕਿਉਂ? ਕਿਸੇ ਨੂੰ ਪੁੱਛ ਨਹੀਂ ਹੁੰਦਾ।

          ਮੇਰੇ ਸਰੀਰ ਦੇ ਇੱਕ ਪਾਸਿਉਂ ਮੈਂ ਮਰਦ ਹਾਂ, ਦੂਜੇ ਪਾਸਿਉਂ ਔਰਤ, ਪਰ ਨਾ ਮਰਦ ਨਾ ਔਰਤ ਕੋਈ ਵੀ ਮੇਰੀ ਪਛਾਣ ਨਹੀਂ; ਤਾਂ ਫਿਰ ਮੈਂ ਕੌਣ ਹਾਂ? ਕੌਣ ਦੱਸੇਗਾ?

          ਮੁਅੱਜਲ ਦਾਦਾ ਕਹਿੰਦਾ ਸੀਕੁਝ ਸਵਾਲਾਂ ਦੇ ਜਵਾਬ ਆਪ ਹੀ ਲੱਭਣੇ ਪੈਂਦੇ ਹਨ। ਲੋਕੀ ਜੋ ਕਹਿੰਦੇ ਹਨ, ਉਹ ਸਮਾਜ ਦੀ ਗੱਲ ਹੁੰਦੀ ਹੈ, ਭੀੜ ਦੀ ਸੋਚ; ਉਸ ਵਿੱਚ ਵਿਅਕਤੀ ਦੀ ਸੱਚ ਨਹੀਂ ਹੁੰਦਾ

          ਘਰ ਦੇ ਸਾਰੇ ਜੀਅ ਮੈਨੂੰ ਲੈਕੇ ਡਰੇ ਰਹਿੰਦੇ ਹਨ, ਮੁਹੱਲੇ ਦੇ ਕਿਸੇ ਮਰਦ ਜਾਂ ਔਰਤ ਨਾਲ ਜੇ ਕੋਈ ਸਕੈਂਡਲ ਬਣ ਗਿਆ, ਕਿਸੇ ਨੇ ਕੁਝ ਅਫ਼ਵਾਹ ਫੈਲਾ ਦਿੱਤੀ, ਤਾਂ ਸੱਚਝੂਠ ਵੇਖਣ ਕੌਣ ਜਾਵੇਗਾ? ਕੁਝ ਨਾ ਕੁਝ ਹੋਵੇਗਾਇਹ ਅੰਦਾਜ਼ਾ ਲਾ ਕੇ ਲੋਕ ਪਹਿਲਾਂ ਹੀ ਬੈਠੇ ਹਨ; ਜੋ ਨਹੀਂ ਹੋਇਆ, ਪਰ ਹੋਵੇਗਾਇਹ ਮੰਨ ਕੇ ਕਈ ਲੋਕ ਘਾਤ ਲਾ ਕੇ ਉਡੀਕ ਕਰ ਰਹੇ ਹਨ। ਸਮਾਜ ਜੋ ਸੋਚ ਲੈਂਦਾ ਹੈ ਕਿ ਹੋਵੇਗਾ, ਉਹ ਕਿਸੇ ਨਾ ਕਿਸੇ ਦਿਨ ਹੋ ਵੀ ਜਾਂਦਾ ਹੈਨਾ ਵੀ ਹੋਵੇ ਤਾਂ ਵੀ ਹੋਇਆ ਮੰਨ ਲਿਆ ਜਾਂਦਾ ਹੈ। ਲੋਕਾਂ ਦਾ ਕਿਹਾ ਇੰਨਾ ਤਾਕਤਵਰ ਹੁੰਦਾ ਹੈ ਕਿ ਅਸਲ ਸੱਚ ਤੋਂ ਇਲਾਵਾ ਵੀ ਇਕ ਹੋਰ ਸੱਚ ਕਾਇਮ ਹੋ ਜਾਂਦਾ ਹੈ; ਫਿਰ ਅਸਲ ਸੱਚ ਨਾਲ ਘੜੇ ਹੋਏ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਲਈ ਘਰ ਵਿੱਚ ਡਰ ਦਾ ਜੋ ਮਾਹੌਲ ਹੈ, ਉਸ ਦੀ ਵਜ੍ਹਾ ਮੈਨੂੰ ਸਮਝ ਆਉਂਦੀ ਹੈ। ਸਮਝ ਆਉਂਦੀ ਹੈ, ਪਰ ਮੇਰੇ ਵੱਸ ਵਿੱਚ ਕੁਝ ਨਹੀਂ ਸਾਰਾ ਦੁੱਖ ਇਸੇ ਦਾ ਹੀ ਹੈ। ਇਸ ਤੋਂ ਤਾਂ ਚੰਗਾ ਹੁੰਦਾ ਜੇ ਮੈਂ ਕੋਈ ਮੂਰਖ ਜਾਨਵਰ ਹੁੰਦਾਗਾਂ, ਬੱਕਰੀ ਜਾਂ ਬਤਖਕੁੱਕੜੀਆਂ ਵਰਗਾ। ਹਾਲਾਂਕਿ ਉਹ ਮੂਰਖ ਹਨਇਹ ਵੀ ਕਿਵੇਂ ਪੱਕਾ ਕਰੀਏ? ਗੂੰਗੇ ਹੋਣ ਦਾ ਮਤਲਬ ਬੇਹਿਸ ਹੋਣਾ ਨਹੀਂ ਹੁੰਦਾ। ਮੇਰਾ ਇਹ ਅੰਤਰਬੋਧ ਹੀ ਮੈਨੂੰ ਹੋਰ ਵੱਧ ਸਰਾਪਿਆ ਬਣਾਉਂਦਾ ਹੈ।

          ਇਸ ਘਰ ਵਿੱਚ ਕਿੰਨਰ ਕਿਉਂ ਆਉਂਦੇ ਹਨਇਹ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ। ਅੱਬਾ ਕੁਝ ਨਾ ਕਹਿਕੇ ਦਾਦੀ ਦੇ ਵਿਛੌਣੇ ਤੇ ਪਏ ਰਹਿੰਦੇ ਹਨ। ਇਕ ਵਾਰੀ ਜੀ ਕੀਤਾ ਕਿ ਅੱਬਾ ਦੇ ਪੈਰੀਂ ਪੈ ਜਾਵਾਂ, ਫਿਰ ਲੱਗਿਆ ਕਿ ਇਹ ਬੰਦਾ ਤਾਂ ਪਹਿਲਾਂ ਹੀ ਗਲ ਤੱਕ ਡੁੱਬਿਆ ਹੋਇਆ ਹੈਜ਼ਰਾ ਕੁ ਛੂਹਿਆ ਤਾਂ ਫਿਸ ਪਵੇਗਾ; ਮੈਂ ਉਸਨੂੰ ਹੋਰ ਤਕਲੀਫ਼ ਦੇਣੀ ਨਹੀਂ ਚਾਹੁੰਦਾ। ਫਿਰ ਜੇ ਅੱਬਾ ਨੇ ਪੁੱਛਿਆ ਕਿ ਮੈਂ ਕੀ ਚਾਹੁੰਦਾ ਹਾਂ, ਤਾਂ ਮੈਂ ਕੀ ਜਵਾਬ ਦਿਆਂਗਾ? ਮੈਨੂੰ ਖੁਦ ਹੀ ਨਹੀਂ ਪਤਾ ਕਿ ਮੈਂ ਕੀ ਚਾਹੁੰਦਾ ਹਾਂ, ਜਾਂ ਕੀ ਚਾਹੁਣਾ ਉਚਿਤ ਹੈ। ਮੈਨੂੰ ਬਹੁਤ ਡਰ ਲੱਗਦਾ ਹੈ, ਇਹ ਗੱਲ ਅੱਬਾ ਨੂੰ ਕਹਿ ਨਹੀਂ ਸਕਦਾ। ਆਪਣੇ ਸੁਪਨੇ ਬਾਰੇ ਵੀ ਦੱਸ ਸਕਦਾ ਹਾਂ -

ਮੈਨੂੰ ਨੰਗਾ ਕਰ ਦਿੱਤਾ ਗਿਆ ਹੈ। ਮੇਰੇ ਹੱਥਪੈਰ ਬੰਨ੍ਹ ਕੇ ਮੇਰੀ ਜਾਂਚ ਕੀਤੀ ਜਾ ਰਹੀ ਹੈ। ਕਦੇ ਕਹਿੰਦੇ

ਹਨ ਨੱਚ, ਕਦੇ ਰੌਲਾ ਪਾਉਣ ਨੂੰ ਕਹਿੰਦੇ ਹਨ ਉਨ੍ਹਾਂ ਲੋਕਾਂ ਦੇ ਸਰੀਰਾਂ ਤੇ ਮਾਦਰ(ਇੱਕ ਖੱਟੇ ਫਲ ਵਾਲਾ ਕੰਡਿਆਲਾ ਦਰੱਖਤ) ਦੇ ਕੰਡੇ ਹਨ। ਉਹਨਾਂ ਦੇ ਸਰੀਰ ਮੁਨਕਰਨਕੀਰ ਵਾਂਗ ਕਾਲੇ ਹਨ, ਅੱਖਾਂ ਸੁੱਕੇ ਨੀਲ ਵਾਂਗ ਉਹ ਮੇਰੇ ਵੱਲ੍ਹ ਵਧੇ ਆ ਰਹੇ ਹਨ। ਮਾਦਰ ਦੇ ਕਾਂਟੇ ਵੱਡੇ ਹੋ ਕੇ ਕੀਲਾਂ ਬਣਦੇ ਜਾ ਰਹੇ ਹਨ। ਕੀਲਾਂ ਦੇ ਸਿਰਿਆਂ ਤੋਂ ਖੂਨ ਚੂ ਰਿਹਾ ਹੈ। ਸੈਂਕੜੇ, ਲੱਖਾਂ ਖੂਨੀ ਕੀਲਾਂ ਮੇਰੀ ਵੱਲ੍ਹ ਵਧ ਰਹੀਆਂ ਹਨ। ਮੈਂ ਡਰ ਕੇ ਚੀਖਣਾ ਚਾਹੁੰਦਾ ਹਾਂ, ਪਰ ਮੇਰਾ ਮੂੰਹ ਉਹਨਾਂ ਨੇ ਪਹਿਲਾਂ ਹੀ ਬੰਨ੍ਹਿਆ ਹੋਇਆ ਹੈਹੱਥਾਂ ਅਤੇ ਪੈਰਾਂ ਵਾਂਗ।

          ਪਰ ਨਹੀਂ, ਅੱਬਾ ਨੂੰ ਕੁਝ ਵੀ ਨਹੀਂ ਦੱਸਣਾ। ਦੁਨੀਆ ਵਿੱਚ ਕਿਸੇ ਨੂੰ ਵੀ ਹੁਣ ਮੇਰੇ ਕੋਲ ਕੁਝ ਵੀ ਕਹਿਣ ਨੂੰ ਨਹੀਂ ਹੈ ਤਿੰਨ ਵਾਰੀ ਉੱਚੀ ਅਵਾਜ਼ ਵਿੱਚ ਮੇਰੇ ਨਤਾਲਸੁ ਨਤਾਲਸੁਕਹਿਣ  ਤੇ ਟੀਪੂ ਸੁਲਤਾਨ ਜਾਂਦਾ ਹੈ, ਮੈਂ ਮੁਸੀਬਤ ਵਿੱਚ ਹਾਂ ਪਰ ਟੀਪੂ ਸੁਲਤਾਨ ਨੂੰ ਸਮਝਾ ਨਹੀਂ ਸਕਦਾ ਕਿ ਮੁਸੀਬਤ ਕੀ ਹੈ। ਟੀਪੂ ਸੁਲਤਾਨ ਸਿਰ ਤੇ ਪੱਗ ਬੰਨ੍ਹੀ, ਝੋਲੀ ਵਿੱਚ ਤਲਵਾਰ ਲਈ ਮੇਰੇ ਕੋਲ ਐਵੇਂ ਹੀ ਖੜ੍ਹਾ ਰਹਿੰਦਾ ਹੈ। ਟੀਪੂ ਸੁਲਤਾਨ ਵਰਗਾ ਬਹਾਦੁਰ ਯੋਧਾ ਮੇਰੇ ਨਾਲ ਹੈ, ਪਰ ਮੇਰੀ ਕੋਈ ਜੰਗ ਨਹੀਂਮੈਂ ਸਮਰਪਿਤ ਹਾਂ।

          ਨੱਠ ਜਾ ਤੂੰ ਰਿਹਾ ਤਾਂ ਉਹ ਲੋਕ ਤੈਨੂੰ ਲਏ ਬਗੈਰ ਨਹੀਂ ਜਾਣਗੇ। ਅੱਜ ਮੈਂ ਹੋਰ ਰੋਕ ਨਹੀਂ ਸਕਾਂਗੀ। ਹੋਰ ਕਿੰਨੀ ਵਾਰ ਰੋਕਾਂਗੀ?’ ਮਾਂ ਕਮਰੇ ਵਿੱਚ ਕੇ ਮੈਨੂੰ ਕਹਿੰਦੀ ਹੈ। ਟੀਪੂ ਸੁਲਤਾਨ ਮੇਰੇ ਹੁਕਮ ਦੀ ਉਡੀਕ ਕਰਦਾ ਹੈ। ਹੁਣ ਉਹ ਵੀ ਮੇਰੇ ਨਾਲ ਨੱਠੇਗਾ। ਇਸ ਵੇਲੇ ਨੱਠਣਾ ਹੀ ਜੰਗ ਹੈ, ਪਰ ਕਿੱਥੇ ਨੱਠਾਂ ?

          ਤੂੰ ਚਲਾ ਜਾਵੇਂ ਤਾਂ ਮੈਨੂੰ ਵੀ ਮੁਕਤੀ ਮਿਲੇਗੀ,’ ਕਹਿ ਕੇ ਮਾਂ ਮੇਰੀਆਂ ਜੇਬਾਂ ਪੈਸਿਆਂ ਨਾਲ ਭਰ ਦਿੰਦੀ ਹੈ। ਵੱਡੀ ਭੈਣ ਫੁਰਤੀ ਨਾਲ ਇੱਕ ਬੈਗ ਤਿਆਰ ਕਰ ਕੇ ਮੇਰੇ ਹੱਥ ਵਿੱਚ ਫੜਾ ਦਿੰਦੀ ਹੈ। ਉਸਦੇ ਹੱਥ ਕੰਬ ਰਹੇ ਹਨ, ਅੱਖਾਂ ਬੁੱਤ  ਵਾਂਗ ਸਖ਼ਤ ਹੋ ਕੇ ਜੰਮ ਗਈਆਂ ਹਨ। ਉਸਦੇ ਡਰ ਦੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਨਹੀਂ ਹੋਈ, ਮੈਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਮੈਂ ਇੰਝ ਹੀ ਖੜ੍ਹਾ ਰਿਹਾ, ਤਾਂ ਮੇਰੇ ਸਿਰ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ, ਅਤੇ ਜੇ ਨੱਠਣ ਲੱਗਾ, ਤਾਂ ਮੈਨੂੰ ਕ੍ਰਾਸਫ਼ਾਇਰ ਵਿੱਚ ਸੁੱਟ ਦਿੱਤਾ ਜਾਵੇਗਾ। ਮੈਂ ਨੱਠ ਸਕਦਾ ਹਾਂ ਜਾਂ ਖੜ੍ਹਾ ਰਹਿ ਸਕਦਾ ਹਾਂਫ਼ੈਸਲਾ ਮੇਰਾ ਹੈ, ਪਰ ਸਮਾਜ ਦੀ ਬੰਦੂਕ ਦੋਵੇਂ ਪਾਸਿਆਂ ਤੋਂ ਤਾਣੀ ਹੋਈ ਹੈ।

          ਫਿਰ ਵੀ ਮੈਂ ਨੱਠਾਗਾਂ ਮਾਂ ਨੇ ਕਿਹਾ ਹੈ, ਇਸੇ ਵਿੱਚ ਹੀ ਉਸਦੀ ਮੁਕਤੀ ਹੈ।

          ਪਹਿਲਾਂ ਸੋਚਿਆ ਸੀ ਕਿ ਮਾਂ ਕੁਝ ਚਿਰ ਲਈ ਲੁਕਣ ਨੂੰ ਕਹਿ ਰਹੀ ਹੈ, ਉਹ ਲੋਕ ਚਲੇ ਜਾਣਗੇ ਤਾਂ ਮੈਂ ਫਿਰ ਮੁੜ ਆਵਾਂਗਾ ਪਰ ਜਦੋਂ ਮਾਂ ਨੇ ਕਿਹਾ—‘ਜਿੱਧਰ ਦੋਵੇਂ ਨਿਗਾਹਾਂ ਜਾਣ, ਓੱਧਰ ਹੀ ਚਲਾ ਜਾ। ਹੁਣ ਤੈਨੂੰ ਘਰ ਰਹਿਣ ਦੀ ਲੋੜ ਨਹੀਂ। ਇੰਨੀ ਦੂਰ ਚਲਾ ਜਾ ਕਿ ਇਸ ਪਿੰਡ ਕਦੇ ਤੇਰਾ ਪਰਛਾਵਾਂ ਵੀ ਨਾ ਪਵੇ। ਇੰਨਾ ਦੂਰ-ਦੂਰ ਰਹੀਂ ਕਿ ਸਾਨੂੰ ਤੇਰੀ ਯਾਦ ਵੀ ਨਾ ਆਵੇ’’ ਤਦ ਸਮਝ ਆਇਆ ਕਿ ਜੇਬ ਵਿੱਚ ਇੰਨਾ ਪੈਸਾ ਕਿਉਂ ਠੂੰਸਿਆ ਗਿਆ ਹੈ। ਜਾਪਿਆ ਇਸ ਗਰੀਬੀ ਗ੍ਰਹਿਸਥੀ ਦੀ ਮਾਂ ਦੀ ਸਾਰੀ ਪੁੰਜੀ ਮੇਰੀ ਜੇਬ ਵਿੱਚ ਹੈ। ਖਬਰੇ ਉਸੇ ਭਾਰ ਕਰਕੇ ਮੇਰਾ ਸਰੀਰ ਇੰਨਾ ਭਾਰਾ ਹੋ ਗਿਆ ਕਿ ਚਾਹ ਕੇ ਵੀ ਪੈਰ ਨਹੀਂ ਚੁੱਕ ਸਕਿਆ। ਵੱਡੀ ਭੈਣ ਨੇ ਇੰਝ ਮੇਰੀ ਬਾਂਹ ਤੇ ਚੂੰਢੀ ਵੱਢੀ ਜਿਵੇਂ ਮੇਰੇ ਸਰੀਰ ਵਿੱਚ ਚਾਬੀ ਭਰ ਦਿੱਤੀ ਹੋਵੇ, ਮੈਂ ਚਾਬੀ ਨਾਲ ਚੱਲਣ ਵਾਲਾ ਖਿਡੌਣਾ ਬਣ ਗਿਆ; ਉਸਦੀ ਚਾਬੀ ਨਾਲ ਮੈਂ ਸੱਚੀ-ਮੁੱਚੀ ਤੁਰਨਾ ਸ਼ੁਰੂ ਕਰ ਦਿੱਤਾ: ਤੁਰਦਿਆਂਤੁਰਦਿਆਂ ਦੌੜਣਾ, ਘਰੋਂ ਨਿਕਲ ਕੇ ਸਿੱਧਾ ਖੇਤਾਂ ਵੱਲ। ਦਮ ਘੁੱਟਣ ਲੱਗਾ ਸੀ। ਉੱਧਰ, ਜਿੱਥੇ ਲੋਕ ਨਹੀਂ ਹੁੰਦੇ, ਉੱਥੇ ਜਿਉਣ ਲਈ ਹਮੇਸ਼ਾ ਕੁਝ ਆਕਸੀਜਨ ਹੁੰਦੀ ਹੈ।

          ਢਲਦੀ ਸ਼ਾਮ। ਸਾਰਾ ਦਿਨ ਸੜਸੜ ਕੇ ਧੁੱਪ ਥਕ ਗਈ, ਕੁਦਰਤ  ਚ ਲਾਲੀ ਪਸਰ ਗਈ ਹੈ। ਮੈਂ ਦੌੜਦਾ ਰਹਿੰਦਾ ਹਾਂਅੱਗੇ ਪਿੱਛੇ, ਬਿਨਾਂ ਮੰਜ਼ਿਲ। ਮੇਰੇ ਪਿੱਛੇ-ਪਿੱਛੇ ਟੀਪੂ ਸੁਲਤਾਨ ਭੱਜਦਾ ਰਹਿੰਦਾ ਹੈ। ਮੁਅੱਜਲ ਨੇ ਉਸ ਦਿਨ ਜਿਸ ਵੱਟ ਤੋਂ ਦੌੜ ਲਾਈ ਸੀ, ਸੁੱਕੀ ਆੜ ਰਾਹੀਂ ਮੈਂ ਵੀ ਓਸੇ ਰਾਹ ਪੈ ਜਾਂਦਾ ਹਾਂ। ਭੱਜਦਿਆਂਭੱਜਦਿਆਂ ਮੈਨੂੰ ਲੱਗਦਾ ਹੈਉਸ ਦਿਨ ਨਜ਼ਰਾਂ ਦੀ ਹੱਦ ਉਝਲ ਹੋ ਜਾਣ ਤੋਂ ਪਹਿਲਾਂ ਮੁਅੱਜਲ ਦੀ ਥਾਂ ਮੈਂ ਕਿਸੇ ਕਿਸ਼ੋਰ ਜਾਂ ਕਿਸ਼ੋਰੀ ਨੂੰ ਭੱਜਦੇ ਵੇਖਿਆ ਸੀ। ਅੱਜ ਜਾਪਦਾ ਹੈਉਹ ਅਸਲ ਵਿੱਚ ਮੈਂ ਹੀ ਸੀ। ਮੈਂ ਹੀ ਆਪਣੇ ਆਪ ਨੂੰ  ਦੌੜ੍ਹਦੇ ਵੇਖਿਆ ਸੀ, ਭੱਜਦੇ ਵੇਖਿਆ ਸੀ ਸਮਾਂ ਘੁੰਮਦਾ ਰਹਿੰਦਾ ਹੈ। ਫੂਲਬੋਨ(ਪੰਜਵੇ ਨੰਵਰ ਵਾਲੀ ਛੋਟੀ ਭੈਣ) ਨੇ ਕਿਹਾ ਸੀਅਸੀਂ ਕੋਈ ਵੀ ਭੱਜ ਨਹੀਂ ਸਕਾਂਗੇ ਸਾਡਾ ਸਮਾਂ ਬੰਨ੍ਹਿਆ ਹੋਇਆ ਹੈ; ਮੁੜਮੁੜ ਵਾਪਸ ਆਵੇਗਾ। ਜੋ ਸਾਡਾ ਭਵਿੱਖ ਹੈ, ਉਹੀ ਸਾਡਾ ਅਤੀਤ ਅਤੇ ਵਰਤਮਾਨ ਵੀ ਹੈ।

          ਦੌੜਦਿਆਂਦੌੜਦਿਆਂ ਦੁਨੀਆ ਖ਼ਤਮ ਨਹੀਂ ਹੁੰਦੀ। ਅੱਜ ਸਮਝ ਆਉਂਦਾ ਹੈਇਨਸਾਨ ਦੂਰ ਜਾਂਦਾਜਾਂਦਾ ਹੋਰਾਂ ਦੀ ਨਜ਼ਰ ਤੋਂ ਅਦਿੱਖ ਹੋ ਸਕਦਾ ਹੈ, ਪਰ ਜਿੰਨੀ ਵੀ ਦੂਰ ਕਿਉਂ ਨਾ ਚਲਾ ਜਾਵੇ ਆਪਣੇ ਆਪ ਤੋਂ ਕਦੇ ਅਦਿੱਖ ਨਹੀਂ ਹੋ ਸਕਦਾ; ਭੱਜਣਾ ਤਾਂ ਸਿਰਫ਼ ਦੂਜਿਆਂ ਦੀਆਂ ਨਜ਼ਰਾਂ ਵਿੱਚ ਹੁੰਦਾ ਹੈ।

          ਕਾਫ਼ੀ ਦੂਰ, ਵੱਡੇ ਅਸਮਾਨ ਹੇਠਾਂਦਿਨ ਦੀ ਸਾਰੀ ਰੌਸ਼ਨੀ ਸਮੇਟ ਕੇ ਜਦੋਂ ਸੂਰਜ ਸੌਣ ਚਲਾ ਗਿਆਮੈਂ ਨਿਰਜਨ ਖੇਤ ਵੱਲ ਮੂੰਹ ਕਰਕੇ, ਉਮਰ ਦੇ ਭਾਰ ਨਾਲ ਕੰਬਦੇ ਇਕ ਪੁਰਾਣੇ ਬਬੂਲ ਦੇ ਦਰੱਖ਼ਤ ਹੇਠਾਂ ਬੈਠਾ ਰਹਿੰਦਾ ਹਾਂ। ਕਿਸੇ ਤਪਦੀ ਦੁਪਹਿਰ ਨੂੰ ਮੈਂ ਅਜਿਹੇ ਹੀ ਇਕ ਬਬੂਲ ਤੇ ਚੜ੍ਹ ਕੇ ਬੈਠਿਆ ਸੀ। ਬਬੂਲ ਦੇ ਬਰੀਕ ਪੱਤੇਆਂ ਨੇ ਕਿਸੇ ਤਰ੍ਹਾਂ ਧੁੱਪ ਦਾ ਸੇਕ ਰੋਕ ਲਿਆ ਸੀ। ਕਾਇਦਾਤਾਕਤ ਨਾਲ ਕੁਝ ਨਹੀਂ ਹੁੰਦਾ,’ ਤਦ ਲੱਗਿਆ ਸੀ। ਮੈਂ ਦੇਖਿਆ ਸੀਪੂਰਬੀ ਅਸਮਾਨ ਤੋਂ ਇਕ ਪਤੰਗ ਹੇਠਾ ਵਲ੍ਹ ਰਹੀ ਸੀਨੀਲੇ ਰੰਗ ਦੀ, ਅਸਮਾਨ ਤੋਂ ਕਾਫ਼ੀ ਉੱਪਰੋਂ ਹੇਠਾਂ ਉੱਤਰ ਰਹੀ ਸੀ, ਗਿੱਧ ਵਾਂਗ ਵੱਡੇ ਚੱਕਰ ਲਾਉਂਦੀ ਹੋਈ। ਮੈਂ ਉਡੀਕ ਕੀਤੀ। ਪਤੰਗ ਬਿਨਾਂ ਡੋਰ ਦੇ ਮੇਰੇ ਸਿਰ ਉੱਤੇ ਕੇ ਇਕੋ ਥਾਂ ਤੇ ਚੱਕਰ ਕੱਟਦੀ ਰਹੀ; ਦੁਪਹਿਰ ਲੰਘ ਗਈ, ਉਹ ਹੇਠਾਂ ਨਹੀਂ ਡਿੱਗੀਮੇਰੀ ਉਡੀਕ ਵੀ ਖ਼ਤਮ ਨਹੀਂ ਹੋਈ। ਉਸ ਦਿਨ ਸੂਰਜ ਹਾਲੇ ਡੁੱਬਿਆ ਨਹੀਂ ਸੀਦਿਨ ਦੀ ਆਖ਼ਰੀ ਰੌਸ਼ਨੀ ਮੁੱਠ ਵਿੱਚ ਇਕੱਠੀ ਕਰ ਕੇ ਓਝਲ ਹੋਣ ਨੂੰ ਸੀ। ਮੁੱਠ ਚੋਂ ਤਿਲ੍ਹਕਦੀ ਕੁਝ ਰੌਸ਼ਨੀ ਹਾਲੇ ਵੀ ਪੰਛੀਆਂ ਨੂੰ ਘਰ ਵਾਪਸੀ ਦਾ ਰਸਤਾ ਵਿਖਾ ਰਹੀ ਸੀ। ਮੈਂ ਉੱਥੇ ਖੜ੍ਹਾ ਰੌਸ਼ਨੀ ਅਤੇ ਹਨੇਰੇ ਦੇ ਆਖ਼ਰੀ ਮੇਲ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਹਨੇਰਾ ਹਾਲੇ ਹਰ ਥਾਂ ਇੱਕਸਾਰ ਨਹੀਂ ਘੁਲਿਆ ਸੀ। ਇਹ ਧਾਰਨਾ ਗਲਤ ਹੈ ਕਿ ਰੌਸ਼ਨੀ ਨਾ ਹੋਵੇ ਤਾਂ ਹੀ ਹਨੇਰਾ ਹੁੰਦਾ ਹੈਉਸ ਦਿਨ ਸਮਝ ਗਿਆ ਸੀ। ਹਨੇਰੇ ਦੀ ਵੀ ਆਪਣੀ ਮੌਜੂਦਗੀ ਹੁੰਦੀ ਹੈ। ਇਸ ਕਰਕੇ ਅਜਿਹੇ ਥਾਂਹ ਵੀ ਹੋ ਸਕਦੇ ਹਨ ਜਿੱਥੇ ਨਾ ਰੌਸ਼ਨੀ ਹੁੰਦੀ ਹੈ, ਨਾ ਹਨੇਰਾ। ਜ਼ਿੰਦਗੀ ਦੇ ਉਹੋ ਜਿਹੇ ਇੱਕ ਥਾਂ ਤੇ ਅੱਜ ਮੈਂ ਖੜ੍ਹਾ ਹਾਂ।

          ਰਾਤ ਹੋਰ ਡੂੰਘੀ ਹੋਵੇ ਤਾਂ ਚਾਨਣੀ ਹਨੇਰੇ ਦੇ ਪਿੰਡੇ ਤੇ ਲਿਸ਼ਕਣ ਲੱਗ ਪੈਂਦੀ ਹੈ। ਮੈਂ ਉਡੀਕ ਕਰਦਾ ਹਾਂ। ਜ਼ਿੰਦਗੀ ਭਰ ਮੋਹ ਦੀ ਤੰਦ ਨਾਲ ਬੱਝਾ ਰਹ੍ਵਾਂਗਾਇਸ ਸਮਝੌਤੇ ਨਾਲ ਮੈਂ ਪ੍ਰਭੂ ਦੇ ਬੰਧਨ ਤੋਂ ਮੁਕਤ ਹੋ ਗਿਆ ਹਾਂ। ਇਸ ਲਈ ਬੰਧਨ ਵਿੱਚ ਹੀ ਮੇਰੀ ਮੁਕਤੀ ਹੈ।

          ਰਾਤ ਕਿੰਨੀ ਗੁਜ਼ਰ ਚੁੱਕੀ ਹੈਮੈਨੂੰ ਪਤਾ ਨਹੀਂ। ਇਸ ਪਾਸੇ ਧਰਤੀ ਦਾ ਸਾਰਾ ਹਨੇਰਾ ਕੇ ਵਿਸ਼ਰਾਮ ਕਰਦਾ ਹੈ। ਅਜਿਹੀ ਸਦੀਵੀ ਰਾਤ ਦੀ ਮੌਜੂਦਗੀ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ। ਨਿਰਜਨਤਾ ਤੋਂ ਤਾਰੇ ਇੱਕ-ਇੱਕ ਕਰਕੇ ਤਿਲ੍ਹਕ ਕੇ ਹੇਠਾਂ ਰਹੇ ਹਨਰਿਸਦੀ ਰੌਸ਼ਨੀ ਦੀਆਂ ਕਿਰਨਾਂ ਰਾਹੀਂ। ਆਲੇ-ਦੁਆਲੇ ਦੇ ਦਰੱਖ਼ਤ ਅਤੇ ਬੇਲ-ਬੂਟੇ ਵੀ ਮੂੰਹ ਚੁੱਕ ਕੇ ਅਸਮਾਨ ਵੱਲ ਵਧ ਰਹੇ ਹਨ। ਆਖਿਰ ਤਾਰੇ ਕਿੰਨੇ ਹੇਠਾਂ ਸਕਦੇ ਹਨ, ਦਰੱਖ਼ਤ ਕਿੰਨੇ ਉੱਪਰ ਚੜ੍ਹ ਸਕਦੇ ਹਨਉਹ ਦ੍ਰਿਸ਼ ਮੈਂ ਸਾਹਮਣੇ ਬੈਠਾ ਵੇਖਦਾ ਹਾਂ, ਬਿਲਕੁਲ ਨਿਸ਼ਚਿੰਤ, ਡੂੰਘੇ, ਅਭੇਦ, ਨਿਰਾਕਾਰ ਅਨੰਤ ਹਨੇਰੇ ਦੇ ਵਿਚਕਾਰ। ਲੱਗਦਾ ਹੈਸਿਰਫ਼ ਅਤੀਤ ਹੀ ਨਹੀਂ, ਭਵਿੱਖ ਦੀ ਵੀ ਕੋਈ ਯਾਦ ਹੁੰਦੀ ਹੈ, ਕੋਈ ਮੋਹ ਹੁੰਦਾ ਹੈ। ਜਿਹੜਾ ਅਤੀਤ ਪਿੱਛਾ ਕਰਦਾ ਫਿਰਦਾ ਹੈ, ਭੁਲਾਉਣ ਦੇ ਨਾਂ ਤੇ ਸਾਂਝਿਆਂ ਯਾਦਾਂ ਦੇ ਜਾਲ ਵਿੱਚ ਚਤੁਰਾਈ ਨਾਲ ਬੰਨ੍ਹ ਦਿੰਦਾ ਹੈਉਹੀ ਅਤੀਤ ਅਸਲ ਵਿੱਚ ਭਵਿੱਖ ਦੀ ਯਾਦ ਦੀ ਖੋਜ ਕਰਦਾ ਹੈ। ਪਹਿਲਾਂ ਕੌਣਅਤੀਤ ਜਾਂ ਭਵਿੱਖਇਹ ਮੈਂ ਪੱਕੇ ਤੌਰ ਤੇ ਕਿਵੇਂ ਕਹਾਂ? ਆਉਣ ਵਾਲਾ ਕੱਲ੍ਹ ਨਹੀਂ ਆਇਆ, ਤਾਂ ਕੀ ਉਸਦਾ ਅਸਤੀਤਵ ਨਹੀਂ ਹੈ? ਜੇ ਹੈ, ਤਾਂ ਕੀ ਉੱਥੇ ਮੇਰਾ ਅਸਤੀਤਵ ਹੈ? ਪਤਾ ਨਹੀਂਸਿਰਫ਼ ਅੰਦਾਜ਼ਾ ਲਾ ਸਕਦਾ ਹਾਂ। ਅਤੀਤਵਰਤਮਾਨਭਵਿੱਖਇਹਨਾਂ ਤਿੰਨ ਕਾਲਾਂ ਦਾ ਮੇਲ ਜਿਸ ਕਾਲ ਵਿੱਚ ਹੁੰਦਾ ਹੈ, ਉਸਦਾ ਹੋਰ ਕੋਈ ਕਾਲ ਨਹੀਂ ਹੁੰਦਾਨਿਸ਼ਕਾਲ। ਕੀ ਇਨਸਾਨ ਅਜਿਹੇ ਕਿਸੇ ਕਾਲ ਵਿੱਚ ਜੀਉਂਦਾ ਰਹਿ ਸਕਦਾ ਹੈ? ਤਾਂ ਫਿਰ ਕੀ ਮੈਂ ਮਰਿਆ ਹੋਇਆ ਹਾਂ? ਕੀ ਮੈਂ ਉਸੇ ਦਿਨ ਮਰ ਗਿਆ ਸੀਜਦੋਂ ਛੱਤ ਤੋਂ ਮੇਰੇ ਦੋਵੇਂ ਪੈਰ ਪੱਕੇ ਫਲਾਂ ਵਾਂਗ ਝੜ ਗਏ ਸਨ, ਅਤੇ ਮੈਂ ਅਨੰਤ ਪਤਨ ਦੇ ਪਛਤਾਵੇ ਨਾਲ ਡਿੱਗਦਾ ਗਿਆ?

          ਤਾਰੇ ਹੇਠਾ ਆ ਰਹੇ ਹਨ, ਦਰੱਖ਼ਤ ਹੋਰ ਫੈਲਦੇ ਹੋਏ ਉੱਪਰ ਚੜ੍ਹ ਰਹੇ ਹਨ। ਰੌਸ਼ਨੀ ਅਤੇ ਹਨੇਰਾ ਰਲ ਕੇ ਹੁਣ ਆਪਣੀ-ਆਪਣੀ ਪਹਿਚਾਣ ਦਾ ਐਲਾਨ ਨਹੀਂ ਕਰ ਰਹੇ। ਮਹਾਕਾਲ ਦੇ ਜਿਸ ਰੰਗ ਦੀ ਗੱਲ ਹੈਉਸਦਾ ਕੋਈ ਨਾਂ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ ਇਸ ਵੇਲੇ ਆਪਣੇ ਆਪ ਨੂੰ ਬਤੌਰ ਇਨਸਾਨ ਬੇਬਸ ਮਹਿਸੂਸ ਕਰਦਾ ਹਾਂ। ਸਮਝ ਆਉਂਦੀ ਹੈਜੋ ਦਰੱਖ਼ਤ ਜਾਣਦਾ ਹੈ, ਜੋ ਸਰੋਵਹ ਦਾ ਥਿਰ ਪਾਣੀ ਸਮਝਦਾ ਹੈ, ਜੋ ਗੁਮਸੁਮ ਰਾਤ ਦਾ ਧਾਨ ਦਾ ਖੇਤ ਕਹਿ ਸਕਦਾ ਹੈਇਨਸਾਨ ਹੋ ਕੇ ਮੈਂ ਇਹਨਾਂ ਚੋਂ ਕੁਝ ਵੀ ਨਹੀਂ ਕਰ ਸਕਦਾ। ਕਿੰਨੀਆਂ ਸੈਂਕੜੇ ਅਸਮਰਥਤਾਵਾਂ ਨਾਲ ਇਨਸਾਨ ਦੀ ਸਿਰਜਣਾ ਹੋਈਉਹ ਵੀ ਤਾਂ ਮੈਨੂੰ ਨਹੀਂ ਪਤਾ।

          ਜਿੱਥੇ ਮੈਂ ਖੜ੍ਹਾ ਹਾਂ, ਸਾਹਮਣੇ ਇੱਕ ਰਾਹ ਪਿੰਡ ਵੱਲ, ਘਰ ਵੱਲ ਜਾਂਦਾ ਹੈਉੱਥੇ ਮੇਰੀ ਮਾਂ ਹੈ, ਮੇਰੀਆਂ ਯਾਦਾਂ ਹਨ, ਮੇਰਾ ਬਚਪਨ ਹੈ; ਮੈਂ ਨਾ ਵੀ ਹੋਵਾਂ, ਤਾਂ ਵੀ ਮੇਰਾ ਇੱਕ ਭਵਿੱਖ ਹੈ, ਜੋ ਹੋਰਾਂ ਦੀ ਯਾਦ ਵਿੱਚ ਜਿਉਂਦਾ ਰਹੇਗਾ। ਪਿੱਛੇ ਵਾਲਾ ਰਾਹ ਕੁਝ ਦੂਰ ਜਾ ਕੇ ਦੋ ਹਿੱਸਿਆਂ ਵਿੱਚ ਦੋ ਪਾਸਿਆਂ ਵੱਲ ਮੁੜ ਜਾਂਦਾ ਹੈਜਿਵੇਂ ਇੱਕ ਦੂਜੇ ਦਾ ਮੂੰਹ ਨਾ ਵੇਖਣਾ ਪਵੇ ਇਸ ਜ਼ਿਦ ਵਿੱਚ ਦੂਰਦੂਰ ਹੁੰਦਾ ਹੋਇਆ ਸੰਬੰਧ ਰਹਿਤ ਹੋ ਗਿਆ ਹੋਵੇ। ਕਾਸ਼! ਮੈਂ ਵੀ ਉਸੇ ਤਰ੍ਹਾਂ ਸੱਜੇਖੱਬੇ ਦੋ ਰਾਹਾਂ ਬਣ ਕੇ ਵੱਖ ਹੋ ਸਕਦਾ! ਉਹਨਾਂ ਦੋ ਰਾਹਾਂ ਤੇ ਮੇਰੇ ਦੋ ਭਵਿੱਖ ਲਿਖੇ ਜਾਂਦੇ। ਅਨਾਦਿਕਾਲ ਤੋਂ ਮੈਂ ਵੇਖਦਾ ਹਾਂਮੇਰੇ ਤਿੰਨ ਪਾਸਿਆਂ ਮੇਰੇ ਲਈ ਤਿੰਨ ਭਵਿੱਖ ਉਡੀਕ ਰਹੇ ਹਨ। ਮਾਲ ਦਾਦਾ ਮੈਨੂੰ ਨਾਲ ਨਾ ਲੈ ਜਾ ਸਕਣ ਕਰਕੇ ਕਹਿੰਦਾ ਸੀਜੇ ਤੂੰ ਕਿਸੇ ਵੀ ਰਾਹ ਤੇ ਨਹੀਂ ਤੁਰਦਾ, ਤਾਂ ਹਰ ਰਾਹ ਤੇ ਤੇਰੀ ਸੰਭਾਵਨਾ ਬਚੀ ਰਹੇਗੀ। ਇਸ ਵੇਲੇ ਲੱਗਦਾ ਹੈਮੇਰੇ ਤਿੰਨ ਪਾਸਿਆਂ ਦੇ ਤਿੰਨੋਂ ਜੀਵਨ ਸੱਚੇ ਹਨ, ਤਿੰਨੋਂ ਹੀ ਅਨੰਤ ਹਨ। ਇਹ ਪਹਿਲੀ ਵਾਰ ਹੈ ਕਿ ਮੈਂ ਆਪਣੇ ਅੰਦਰਨਾਰੀ ਸੱਤਾ ਤੇ ਪੁਰਸ਼ ਸੱਤਾ ਤੋਂ ਬਾਹਰ, ਇੱਕ ਹੋਰ ਸੱਤਾ ਦੀ ਮੌਜੂਦਗੀ ਮਹਿਸੂਸ ਕਰਦਾ ਹਾਂ। ਇਹ ਤੀਜੀ ਸੱਤਾ ਚੰਨ ਵਾਂਗ ਨਿਰਪੱਖ, ਸਿਮਰਤੀਆਂ ਵਾਂਗ ਜੜ੍ਹ, ਦਰੱਖ਼ਤ ਵਾਂਗ ਨਿਸ਼ਚਲ ਪਰ ਜੀਵੰਤ, ਫੁੱਲ ਵਾਂਗ ਨਿਰਪੇਖ ਹੈ। ਮੇਰੇ ਅਸਤੀਤਵ ਵਿੱਚ ਇਹ ਤਿੰਨ ਸੱਤਾਵਾਂ ਦੀ ਇੱਕ ਅਸੀਮ ਸੰਭਾਵਨਾ ਕੁਦਰਤ ਨੇ ਉਕੇਰ ਦਿੱਤੀ ਹੈਪਰ ਕਿਸੇ ਨੂੰ ਵੀ ਨਾ ਮਾਨਣ ਦੀ ਸ਼ਰਤ, ਇਹੀ ਮੇਰੀ ਨਿਯਤੀ ਹੈ। ਇਸ ਲਈ ਰਾਹ ਦੇ ਹੁੰਦਿਆਂ ਵੀ ਮੇਰੀ ਕੋਈ ਆਵਾਜਾਹੀ ਨਹੀਂ; ਮੇਰਾ ਸਮਾਂ ਇਸ ਸਦੀਵੀ ਅੰਤ , ਸਦੀਵੀ ਅਨੰਤ ਵਿੱਚ, ਗੇੜੇ ਕੱਢਦਾ ਰਹਿੰਦਾ ਹੈ।

          ਜਦੋਂ ਮੈਂ ਅੱਖਾਂ ਮੀਟਣ ਤੇ  ਵੇਖਦਾ ਹਾਂਮੇਰੀ ਮਾਂ ਖੁੱਲ੍ਹੇ ਵਿਹੜੇ ਵਿਰਲਾਪ ਕਰਦੀਆਂ ਨਿਗਾਹਾਂ ਨਾਲ ਤੱਕ ਰਹੀ ਹੈ; ਉਸਦਾ ਅੱਬਾਜਾਨ ਕੇ ਉਸਨੂੰ ਲੈ ਜਾਵੇਗਾ; ਵੱਡੀ ਭੈਣ ਉਡੀਕ ਹੈਦੁਲ੍ਹਾ ਭਾਈ ਆਪਣੀ ਮ੍ਰਿਤ ਦੇਹ ਨਾਲ ਪਰਤ ਆਵੇਗਾ; ਅੱਬਾ ਮੌਤ ਦੀ ਉਡੀਕ ਕਰ ਰਿਹਾ ਹੈ; ਦਾਦੀ ਦੇ ਵਿਛੌਣੇ ਤੇ ਪਏ ਹੋਏ ਨੇ, ਮੌਤ ਤੋਂ ਬਾਅਦ ਫੂਲਬੋਨ ਦੀ ਕਬਰ ਵਿੱਚ ਲੇਟਣ ਦੀ ਖ਼ਵਾਹਿਸ਼ ਨਾਲ ਉਸਨੇ ਹੁਜ਼ੂਰ ਤੋਂ ਪੁੱਛਿਆ ਸੀਇੱਕ ਕਬਰ ਵਿੱਚ ਕੀ ਦੋ ਜਣਿਆਂ ਦੇ ਲੇਟਣ ਨਾਲ ਪਹਿਲਾਂ ਵਾਲੇ ਦੀ ਸ਼ਾਂਤੀ ਕੁਝ ਘਟਦੀ ਹੈ? ਕੀ ਪਹਿਲਾਂ ਵਾਲੇ ਦੀ ਕੁਝ ਸ਼ਾਂਤੀ ਦੂਜਾ ਜਣਾ ਲੈ ਸਕਦਾ ਹੈ? ਹੁਜ਼ੂਰ ਨੇ ਜਵਾਬ ਤੋਂ ਬਚਦੇ ਹੋਏ ਕਿਹਾ ਸੀਹੱਡ ਸਲਾਮਤ ਰਹਿਣ ਤੱਕ ਬਾਲਿਗ ਧੀ ਦੀ ਕਬਰ ਵਿੱਚ ਪਿਤਾ ਦਾ ਨਾ ਲੇਟਣਾ ਹੀ ਠੀਕ ਹੈ, ਮਕਰੂਹ ਹੈ। ਉਸ ਦਿਨ ਤੋਂ ਅੱਬਾ ਦਿਨ ਵਿੱਚ ਇੱਕ ਵਕਤ ਫੂਲਬੋਨ ਦੀ ਕਬਰ ਦੇ ਕੋਲ ਬੈਠ ਕੇ, ਨਦੀ ਵੇਖਣ ਵਾਂਗ ਤੱਕਦਾ ਰਹਿੰਦਾ ਹੈ ਉਸਦੀਆਂ ਅੱਖਾਂ ਸਾਰੀਆਂ ਯਾਦਾਂ ਦੇ ਪਛਤਾਵੇ ਦਰੱਖ਼ਤ ਦੀ ਛਾਂ ਵਾਂਗ ਸੁਸਤ ਪਿਆ ਰਹਿੰਦਾ ਹੈ; ਕਿਸੇ ਡੂੰਘੇ, ਘਣੇ, ਕਾਲੇ ਹਨੇਰੇ ਬੁਲਬੁਲੇ ਵਾਂਗ ਮੌਤ ਦੀ ਆਸ ਜਾਗਦੀ ਰਹਿੰਦੀ ਹੈ। ਛੋਟਾ ਚਾਚਾ ਦਾਦੀ ਦੀ ਜ਼ਮੀਨਜਾਇਦਾਦ ਚੋਂ ਆਪਣਾ ਹਿੱਸਾ ਵੇਚ ਕੇ ਸਉਦੀ ਜਾ ਰਿਹਾ ਹੈਉਸਦੀ ਵੀ ਉਡੀਕ ਵਧ ਰਹੀ ਹੈ। ਛੋਟੀ ਭੈਣ ਦੇ ਚਿਹਰੇ ਤੇ ਜਿਜੀਵਿਸ਼ਾ ਅਜੇ ਕੁਝ ਬਾਕੀ  ਹੈਉਸਦੀ ਉਡੀਕ ਨੂੰ ਪਰਿਵਾਰ ਹੋਰ ਕੋਈ ਨਹੀਂ ਸਮਝਦਾ; ਹੱਥ ਵਿੱਚ ਲਟਾਈ ਫੜ੍ਹੀ ਉਸਦਾ ਮਨ ਉਡਾਰੀ ਮਾਰਦਾ ਰਹਿੰਦਾ ਹੈ, ਉਸਦੇ ਲੰਮੇ ਸਾਹ ਹੋਰ ਵੀ ਲੰਮੇ ਬੱਦਲਾਂ ਦੀ ਛੋਹ ਲਈ ਭੱਜੇ ਜਾ ਰਹੇ ਨੇ। ਛੱਪਰਤੇ  ਫਿਕਰਮੰਦ ਹੋਈ ਬੈਠੀ ਮੈਨਾ ਵੀ ਘਰ ਵਾਪਸੀ ਦੀ ਉਡੀਕ ਕਰਦੀ ਹੈ। ਵਿਹੜੇ  ਦੇ ਖੂੰਜੇ ਕਦੰਬ ਦੇ ਫੁੱਲ ਵਾਂਗ ਸਿਰ ਚੁੱਕੀ ਖੜ੍ਹੀ ਬੇਰੀ ਵੀ ਉਡੀਕ ਹੈਹੁਣੇਹੁਣੇ ਫੁੱਲ ਖਿੜੇ ਹਨ। ਇੰਝ ਇੱਕ ਨਿਸ਼ਚਲ ਪਰਿਵਾਰ ਵਿੱਚ ਹਰ ਇੱਕ ਨੂੰ ਕੋਈ ਨਾ ਕੋਈ ਉਡੀਕ ਹੈ; ਸਿਰਫ਼ ਆਪਣੀ ਉਡੀਕ ਦਾ ਮੈਨੂੰ ਪਤਾ ਨਹੀਂਕੀ ਮੇਰੇ ਲਈ ਵੀ ਕਿਤੇ ਕੋਈ ਉਡੀਕ ਕਰ ਰਿਹਾ ਹੈ? ਮਾਂ ਕਿਉਂ ਬਾਰ-ਬਾਰ ਭੁੱਲੇਖੇ ਨਾਲ ਘਰੋਂ ਨਿਕਲ ਕੇ ਰਾਹ ਤੇ ਚਲੀ ਜਾਂਦੀ ਹੈ? ਮੈਨੂੰ ਸਭ ਕੁਝ ਦਿਸ ਰਿਹਾ ਹੈਕੂੜਾ ਸੁੱਟਣ ਵਾਲੀ ਟੋਕਰੀ ਵਿੱਚ ਕੋਈ ਕੂੜਾ ਨਹੀਂ, ਫਿਰ ਵੀ ਮਾਂ ਉਹ ਟੋਕਰਾ ਚੁੱਕੀ ਘਰੋਂ ਨਿਕਲਦੀ ਹੈ ਅਤੇ ਘਰ ਤੋਂ ਕਾਫ਼ੀ ਦੂਰ ਕੂੜਾ ਸੁੱਟਣ ਵਾਲੀ ਥਾਂ ਤੇ ਆਉਂਦੀਜਾਂਦੀ ਰਹਿੰਦੀ ਹੈ। ਇਸੇ ਰਾਹ ਤੇ ਅੱਜ ਕਿਸੇ ਦੇ ਪੈਰਾਂ ਦੇ ਨਿਸ਼ਾਨ ਪਏ ਹਨ,ਉਹ ਹੁਣ ਨਹੀਂ ਪਰਤੇਗਾ ਕੀ ਮਾਂ ਉਹਨਾਂ ਪੈਰਾਂ ਦੇ ਨਿਸ਼ਾਨਾਂ ਨਾਲ ਕਦਮ ਮਿਲਾ ਰਹੀ ਹੈ? ਕੀ ਉਸਦੀ ਖਾਹਿਸ਼ ਇਹ ਹੈ ਕਿ ਜੋ ਗਿਆ ਉਹ ਵਾਪਸ ਨਾ ਆਵੇ, ਪਰ ਪੈਰਾਂ ਦੇ ਨਿਸ਼ਾਨ ਮੁੜਮੁੜ ਵਾਪਸ ਆਉਂਦੇ ਰਹਿਣਇਹ ਕਿਹੋ ਜਿਹੀ ਖ਼ਾਹਿਸ਼ ਹੈ, ਮਾਂ, ਤੇਰੀ?

          ਮੈਨੂੰ ਲਾਇਕਾ ਦੀ ਬਹੁਤ ਯਾਦ ਆ ਰਹੀ ਹੈ। ਜਦੋਂ ਲਾਇਕਾ ਨੂੰ ਪੁਲਾੜ ਭੇਜਿਆ ਗਿਆ ਸੀ, ਵਿਗਿਆਨੀ ਨਹੀਂ ਚਾਹੁੰਦੇ ਸਨ ਕਿ ਲਾਇਕਾ ਮਰੇ, ਪਰ ਉਹ ਜਾਣਦੇ ਸਨ ਕਿ ਉਹ ਮਰ ਜਾਵੇਗਾ ਜਿਸ ਚੰਨ ਨੂੰ ਉਸ ਦਿਨ ਲਾਇਕਾ ਨੇ ਵੇਖਿਆ ਸੀ, ਉਹੀ ਚੰਨ ਅੱਜ ਮੈਨੂੰ ਵੇਖ ਰਿਹਾ ਹੈ। ਜਿਸ ਤਾਰਾਮੰਡਲ ਨੂੰ ਲਾਇਕਾ ਨੇ ਵੇਖਿਆ ਸੀ, ਉਹੀ ਤਾਰਾਮੰਡਲ ਮੈਂ ਵੀ ਵੇਖਦਾ ਹਾਂ। ਸਾਡੀ ਇੱਕੋ ਜਿਹੀ ਦ੍ਰਿਸ਼ਟੀ ਇੱਕੋ ਜਿਹੀ ਘਟਨਾ ਨੂੰ ਜਨਮ ਦਿੰਦੀ ਹੈ। ਜੋ ਘਟਨਾ ਵਾਪਰੀ ਸੀ, ਮੈਂ ਉਸਨੂੰ ਫਿਰ ਤੋਂ ਵਾਪਰਦੇ ਵੇਖਦਾ ਹਾਂ। ਲਾਇਕਾ ਨੂੰ ਇੱਕ ਕਿਲਿੰਗ ਮਿਸ਼ਨ ਦੇ ਗਿਨੀਪਿਗ ਵਜੋਂ ਹੁਣ ਸਪੁਟਨਿਕ ਬਿਠਾ ਦਿੱਤਾ ਗਿਆ ਹੈ। ਉਸਨੂੰ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਗਿਆ ਹੈ। ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ10-9-8-7-6-5-4-3-2-1-0!

          ਧਰਤੀ ਦੇ ਪਰਿਕੱਮਿਆ ਪਥ ਵਿੱਚ ਚੱਕਰ ਲਾਉਂਦੀ ਰਹੇਗੀ ਲਾਇਕਾ ਦੀ ਛਾਂ, ਉਸ ਦੀ ਜੰਮੀ ਹੋਈ, ਹੱਕੀਬੱਕੀ ਲੰਮੀ ਸਾਹ ਧੂੜ ਦੇ ਕਣਾਂ ਵਿੱਚ ਰਲ ਜਾਵੇਗੀ। ਧਰਤੀ ਦੀ ਸਾਰੀ ਖਿੱਚ ਤੋਂ ਮੁਕਤ ਹੋ ਕੇ ਲਾਇਕਾ ਭੁੱਲੇ ਹੋਏ ਅਨੰਤ ਬ੍ਰਹਿਮੰਡ ਦੇ ਸਾਹਮਣੇ ਤਰਦਾ ਰਹੇਗਾ, ਪਰ ਹੁਣ ਉਸਦਾ ਕੋਈ ਆਸਰਾ ਨਹੀਂ ਰਹੇਗਾ, ਭੱਜਣ ਦਾ ਵੀ ਕੋਈ ਰਾਹ ਨਹੀਂ ਹੋਵੇਗਾ ਸਪੁਟਨਿਕ ਦਾ ਤਾਪਮਾਨ ਵਧਦਾ ਜਾਵੇਗਾ40-50-60-70-80ਹੌਲੀਹੌਲੀ ਲਾਇਕਾ ਦੀ ਨਜ਼ਰ ਸੁਸਤ ਪੈਂਦੀ ਜਾਵੇਗੀ, ਉਸ ਦੀ ਸੰਵੇਦਨਾ ਮੱਠੀ ਪੈਂਦੀ ਜਾਵੇਗੀ, ਉਹ ਹੁਣ ਕੁਝ ਵੀ ਨਹੀਂ ਵੇਖ ਸਕੇਗਾ; ਸਿਰਫ਼ ਇਹ ਪਤਾ ਲੱਗੇਗਾ ਕਿ ਉਸਦੀ ਧੜਕਨ ਚੱਲ ਰਹੀ ਹੈਉਹ ਅਜੇ ਵੀ ਜਿਉਂਦਾ ਹੈ

          ਪਰ ਧਰਤੀ ਤੇ ਹੁਣ ਕੋਈ ਵੀ ਲਾਇਕਾ ਦੇ ਜਿਉਂਦੇ ਰਹਿਣ ਬਾਰੇ ਨਹੀਂ ਸੋਚੇਗਾ।

                                                -        -        -

                                                ਹੇ ਪਰਮ ਦਿਆਲੁ,

                                   ਜਿਸ ਦੁਨੀਆ ਵਿੱਚ ਮੇਰਾ ਜੀਉਣਾ ਹੀ ਜੋਖਿਮ ਭਰਿਆ ਹੈ,

                                      ਉਸੇ ਦੁਨੀਆ ਵਿੱਚ ਹੀ ਭੇਜਣ ਲਈ ਤੂੰ

                                                ਮੈਨੂੰ ਕਿਉਂ ਚੁਣਿਆ?’        

 

                                                        00000

 

                                                          ਮੁਜੱਫਰ ਹੁਸੈਨ

          ਮੁਜੱਫਰ ਹੁਸੈਨ ਬੰਗਲਾਦੇਸ਼ ਦੇ ਸਮਕਾਲੀ ਸਾਹਿਤ ਵਿੱਚ ਇੱਕ ਚਰਚਿਤ ਅਤੇ ਪ੍ਰਸਿੱਧ ਗਲਪਕਾਰ ਹੈ। ਅੰਗਰੇਜੀ ਭਾਸ਼ਾ ਅਤੇ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਵਰਤਮਾਨ ਵਿੱਚ ਬੰਗਲਾ ਅਕੈਡਮੀ, ਬੰਗਲਾਦੇਸ਼ ਦੀ ਰਾਸ਼ਟਰੀ ਸੰਸਥਾ ਵਿੱਚ ਅਨੁਵਾਦ ਅਫ਼ਸਰ ਵਜੋਂ ਕਾਰਜਰਤਮੁੱਖ ਤੌਰ ਤੇ ਗਲਪ ਲੇਖਕ। ਅਨੁਵਾਦ ਅਤੇ ਆਲੋਚਨਾਤਮਕ ਸਾਹਿਤ ਵਿੱਚ ਵਿਸ਼ੇਸ਼ ਰੁਚੀ।

          ਆਪਣੇ ਨਾਵਲਾਂ ਅਤੇ ਛੋਟੀਆਂ ਕਹਾਣੀਆਂ ਲਈ ਬੰਗਲਾਦੇਸ਼ ਦੇ ਰਾਸ਼ਟਰੀ ਪੱਥਰ ਤੇ ਕਈ ਮਹੱਤਵਪੂਰਨ ਪੁਰਸਕਾਰ। ਨਾਵਲ ਲਈ ਕਾਲੀ ਓ ਕਲਮ ਸਾਹਿਤਿਕ ਪੁਰਸਕਾਰ ਅਤੇ ਗਲਪ ਲੇਖਨ ਲਈ ਅਨਯੋਦੀਨ ਹੁਮਾਯੂਂ ਅਹਿਮਦ ਕਥਾ ਸਾਹਿਤ ਪੁਰਸਕਾਰ, ਅਬੁਲ ਹਸਨ ਸਾਹਿਤ ਪੁਰਸਕਾਰ, ਬੈਸ਼ਾਖੀ ਟੈਲੀਵਿਜ਼ਨ ਪੁਰਸਕਾਰਅਤੇ ਅਰਨੀ ਕਹਾਣੀ ਪੁਰਸਕਾਰ ਪ੍ਰਾਪਤ ਕੀਤੇ। ਕਹਾਣੀਆਂ ਅੰਗਰੇਜੀ, ਨੇਪਾਲੀ, ਇਤਾਲਵੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਪ੍ਰਕਾਸ਼ਿਤਕਹਾਣੀ ਸੰਗ੍ਰਹਿ, ਲੇਖ, ਅਨੁਵਾਦ ਅਤੇ ਸੰਪਾਦਨ ਸਮੇਤ 26 ਪੁਸਤਕਾਂ ਪ੍ਰਕਾਸ਼ਿਤ।  ਇਨਸਾਨੀ ਗੋਸ਼ਤ ਦਾ ਰੈਸਟੋਰੈਂਟ ਚਰਚਿਤ ਕਹਾਣੀ ਅਤੇ  ਕਿੰਨਰ ਦੀ ਜਿੰਦਗੀ ਅਧਾਰਿਤ ਕੌਲ ਮੀ ਲਾਇਕਾ ਚਰਚਿਤ ਨਾਵਲ।

                       

                                                          ਨੀਲਮ ਸ਼ਰਮਾ ਅੰਸ਼ੁ    


          ਅਲੀਪੁਰ ਦੁਆਰ ਜੰਕਸ਼ਨ (ਬੰਗਾਲ) ਵਿੱਖੇ ਜਨਮ। ਲੰਬੇ ਅਰਸੇ ਤੱਕ ਕੋਲਕਾਤਾ ਕਰਮਭੂਮੀਪੰਜਾਬੀ-ਬੰਗਲਾ ਤੋਂ ਹਿੰਦੀ ਅਤੇ ਹਿੰਦੀ-ਬੰਗਲਾ ਤੋਂ ਪੰਜਾਬੀ ਵਿੱਚ ਕਈ ਮਹੱਤਵਪੂਰਨ ਸਾਹਿਤਕ ਅਨੁਵਾਦ। ਕੋਲਕਾਤਾ ਦੀਆਂ ਜਿਹਨਾਂ ਉੱਘੀਆਂ ਔਰਤਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ, ਨੈਸ਼ਨਲ ਡੇਲੀ ਵਿੱਚ 50 ਹਫ਼ਤਿਆਂ ਤੱਕ ਹਫ਼ਤਾਵਾਰੀ ਕਾਲਮ1998 ਤੋਂ 25 ਸਾਲਾਂ ਤੱਕ ਅਕਾਸ਼ਵਾਣੀ ਕੋਲਕਾਤਾ ਅਤੇ ਦਿੱਲੀ ਐਫ.ਐੱਮ. ਰੇਨਬੋਤੋਂ ਫਿਲਮੀ ਪ੍ਰੋਗ੍ਰਾਮਾਂ ਦੀ ਐੰਕਰਿਂਗਭਾਰਤੀ ਸਿਨੇਮੇ ਦੀਆਂ ਅਹਿਮ ਹਸਤੀਆਂ ਬਾਰੇ ਆਜ ਕੀ ਸ਼ਖਸੀਅਤਪ੍ਰੋਗਰਾਮ ਦੇ ਤਹਿਤ ਲਗਭਗ 75 ਲਾਈਵ ਐਪੀਸੋਡਾਂ ਦੀ ਪੇਸ਼ਕਾਰੀ

          ਸੁਸ਼ਮੀਤਾ ਬੰਦਯੋਪਾਧਿਆਏ ਦੀ ਕਿਤਾਬ ਦਾ ਹਿੰਦੀ ਅਨੁਵਾਦ ਕਾਬੁਲੀਵਾਲੇ ਕੀ ਬੰਗਾਲੀ ਬੀਵੀ’ 2002 ਦੇ ਕੋਲਕਾਤਾ ਬੁੱਕ ਫੇਅਰ ਵਿੱਚ ਬੈਸਟ ਸੈਲਰ ਰਹੀਕੋਲਕਾਤਾ ਦੇ ਰੈਡ ਲਾਈਟ ਖੇਤਰ ਤੇ ਅਧਾਰਿਤ ਪੰਜਾਬੀ ਨਾਵਲ ਲਾਲ ਬੱਤੀਦਾ ਹਿੰਦੀ ਅਨੁਵਾਦ। ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਦੇਵੇਸ਼ ਰਾਏ ਦੇ ਬੰਗਾਲੀ ਨਾਵਲ ਤਿਸਤਾ ਪਾਰੇਰ ਬ੍ਰਿਤਾਂਤਦਾ ਪੰਜਾਬੀ ਵਿੱਚ ਸਾਹਿਤ ਅਕਾਦਮੀ ਲਈ ਅਨੁਵਾਦ ਗਾਥਾ ਤਿਸਤਾ ਪਾਰ ਦੀਪ੍ਰਕਾਸ਼ਿਤ ਅਤੇ ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਤਪਨ ਬੰਦਯੋਪਾਧਿਆਏ ਦੀ ਕਿਤਾਬ ਬੀਰਬਲ ਦਾ ਭਾਰਤੀ ਸਾਹਿਤ ਅਕਾਦਮੀ ਵਾਸਤੇ ਹਿੰਦੀ ਅਨੁਵਾਦ।

          ਅੱਜਕੱਲ  ਭਾਰਤ ਸਰਕਾਰ ਅਧੀਨ ਦਿੱਲੀ ਵਿੱਖੇ ਤੈਨਾਤੀ


              ਧੰਨਵਾਦ ਸਹਿਤ  ਮੰਤਵ   ਅਪ੍ਰੈਲ-ਜੂਨ 2026

          

कोई टिप्पणी नहीं:

एक टिप्पणी भेजें

योगदान देने वाला व्यक्ति