सुस्वागतम्

"संस्कृति सेतु" पर पधारने हेतु आपका आभार। आपकी उपस्थिति हमारा उत्साहवर्धन करती है, कृपया अपनी बहुमूल्य टिप्पणी अवश्य दर्ज़ करें। -- नीलम शर्मा 'अंशु'

सोमवार, नवंबर 09, 2026

कहानी 87 ਹਿੰਗ ਦੀਆਂ ਕਚੌਰੀਆਂ


 ਕਲਾਸਿਕ ਬੰਗਲਾ ਕਹਾਣੀ 

                                                               ਹਿੰਗ ਦੀਆਂ ਕਚੌਰਿਆਂ



                                                      0 ਬੀਭੂਤੀਭੂਸ਼ਨ ਬੰਦੋਪਾਧਿਆਏ 


                                                            ਅਨੁਵਾਦ - ਨੀਲਮ ਸ਼ਰਮਾ ‘ਅੰਸ਼ੂ’


(ਇਸ ਕਹਾਣੀ ਉੱਤੇ ਰਾਜੇਸ਼ ਖੰਨਾ ਅਤੇ ਸ਼ਰਮਿਲਾ ਟੈਗੋਰ ਦੇ ਅਭਿਨੈ ਨਾਲ ਸਜੀ ਸ਼ਕਤੀ ਸਾਮੰਤ ਨਿਰਦੇਸ਼ਿਤ ਹਿੰਦੀ ਦੀ ਬੇਹਦ ਮਕਬੂਲ ਫਿਲਮ ਬਣੀ - ਅਮਰ ਪ੍ਰੇਮ ਅਤੇ ਬੰਗਲਾ ਵਿੱਚ ਬਣੀ ਨਿਸ਼ੀ ਪੱਦਮ, ਜਿਸ ਦੇ ਕਲਾਕਾਰ ਸਨ ਮਹਾਨਾਇਕ ਉੱਤਮ ਕੁਮਾਰ ਅਤੇ ਸਾਬਿਤਰੀ ਚੈਟ੍ਰਜੀ।)


 ਸਾਡੀ ਰਿਹਾਈਸ਼ ਹਰੀਬਾਬੂ ਦੀ ਖੋਲਾ-ਬਾੜੀ (ਟਾਈਲਾਂ/ਖਪਰੈਲ ਦੀ ਛੱਤ ਵਾਲਾ ਘਰ) ਦੇ ਇੱਕ ਕਮਰੇ ਵਿੱਚ ਸੀ। ਉਸ ਬਾੜੀ ਵਿੱਚ ਬਹੁਤ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ। ਇੱਕ ਕਮਰੇ ਵਿੱਚ ਇੱਕ ਚੂੜੀਆਂ ਵਾਲਾ ਅਤੇ ਉਸ ਦੀ ਪਤਨੀ ਰਹਿੰਦੇ ਸਨ। ਚੂੜੀਆਂ ਵਾਲੇ ਦਾ ਨਾਂ ਕੇਸ਼ਵ ਸੀ। ਮੈਂ ਉਸ ਨੂੰ ‘ਕੇਸ਼ਵ ਕਾਕਾ’ ਕਹਿੰਦਾ ਸੀ।

 ਸਵੇਰੇ ਜਦੋਂ ਨਲ ਵਿੱਚ ਪਾਣੀ ਆਉਂਦਾ ਤਾਂ ਸਾਰੇ ਜਣੇ ਘੜੇ, ਕਲਸੀਆਂ, ਟੀਨ, ਬਾਲਟੀਆਂ ਲੈਕੇ ਨਲਕੇ ਕੋਲ ਜਾ ਪਹੁੰਚਦੇ ਅਤੇ ਪਾਣੀ ਭਰਨ ਨੂੰ ਲੈ ਕੇ ਕਿਰਾਏਦਾਰਾਂ ਵਿੱਚ ਝਗੜਾ ਤੇ ਬਹਿਸ ਸ਼ੁਰੂ ਹੋ ਜਾਂਦੀ।

 ਪਿਤਾ ਜੀ ਮਾਂ ਨੂੰ ਕਹਿੰਦੇ ਸਨ, “ਹੁਣ ਇਸ ਘਰ ਵਿੱਚ ਹੋਰ ਨਹੀਂ ਰਿਹਾ ਜਾ ਸਕਦਾ। ਕਿੰਨੀਆਂ ਨੀਚ ਹਰਕਤਾਂ ਕਰਦੇ ਹਨ ਇਹ ਲੋਕ! ਇੱਥੋਂ ਜਲਦੀ ਹੀ ਚਲੇ ਜਾਵਾਂਗੇ।”

 ਪਰ ਜਾ ਨਹੀਂ ਹੁੰਦਾ ਸੀ। ਕਿਉਂ ਨਹੀਂ, ਇਹ ਮੈਂਨੂੰ ਨਹੀਂ ਪਤਾ। ਹੁਣ ਸੋਚਦਾ ਹਾਂ, ਸ਼ਾਇਦ ਇਸ ਲਈ ਕਿ ਅਸੀਂ ਗਰੀਬ ਸਾਂ ਅਤੇ ਪਿਤਾ ਜੀ ਕੋਲ ਇੰਨੇ ਪੈਸੇ ਨਹੀਂ ਸਨ।

 ਸਾਡੇ ਘਰ ਦੇ ਸਾਹਮਣੇ, ਸੜਕ ਦੇ ਦੂਜੇ ਪਾਸੇ ਚੌਲਾਂ ਦੀ ਇੱਕ ਆੜ੍ਹਤ ਸੀ, ਉਸ ਦੇ ਨਾਲ ਹੀ ਗੁੜ ਦੀ ਇੱਕ ਆੜ੍ਹਤ ਸੀ। ਗੁੜ ਦੀ ਆੜ੍ਹਤ ਦੇ ਸਾਹਮਣੇ ਸੜਕ ਉੱਤੇ ਇੱਕ ਨਲ ਸੀ। ਨਲ ਤੋਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਲੜਦੇ- ਝਗੜਦੇ ਚੀਖ-ਚਹਾੜਾ ਪਾਈ ਪਾਣੀ ਭਰਦੇ ਸਨ। ਇੱਕ ਦਿਨ ਤਾਂ ਮੈਂ ਔਰਤਾਂ ਨੂੰ ਆਪਸ ਵਿੱਚ ਮਾਰ-ਕੁੱਟ ਕਰਦਿਆਂ ਤੱਕ ਦੇਖਿਆ ਸੀ।

 ਇਸੇ ਤਰ੍ਹਾਂ ਹੀ ਉਸ ਘਰ ਵਿੱਚ ਇੱਕ ਸਾਲ ਦੇ ਕਰੀਬ ਸਮਾਂ ਲੰਘ ਗਿਆ-ਇੱਕ ਹਾੜ੍ਹ ਤੋਂ ਅਗਲੇ ਹਾੜ੍ਹ ਤੱਕ।

 ਹਾੜ੍ਹ ਦੇ ਮਹੀਨੇ ਹੀ ਮੈਂ ਪਿੰਡ ਵਾਲੇ ਘਰ ਤੋਂ ਇੱਥੇ ਆਇਆ ਸੀ। ਪਿੰਡ ਵਾਲੇ ਘਰ ਵਿੱਚ ਬਾਂਸਾਂ ਦੇ ਬਗਾਨ ਦੇ ਕੋਲ, ਧਤੂਰੇ ਦੇ ਫੁੱਲਾਂ ਦੀਆਂ ਝਾੜੀਆਂ ਦੇ ਨੇੜੇ, ਮੈਂ ਤੇ ਕਾਲੀ ਦੋਹਾਂ ਨੇ ਮਿਲ ਕੇ ਇੱਕ ਝੌਂਪੜੀ ਬਣਾਈ ਸੀ। ਕਾਲੀ ਮੇਰੇ ਨਾਲੋਂ ਵੱਧ ਤਾਕਤਵਰ ਸੀ। ਉਹ ਸਵੇਰ ਤੋਂ ਪਤਾ ਨਹੀਂ ਕਿੰਨੇ ਗੱਠੇ ਆਸ-ਸ਼ਿਉੜਾ (ਇੱਕ ਤਰ੍ਹਾਂ ਦਾ ਜੰਗਲੀ ਦਰੱਖਤ) ਦੀਆਂ ਟਾਹਣੀਆਂ ਅਤੇ ਪੱਤੇ ਢੋ ਕੇ ਲਿਆਇਆ ਸੀ! ਅਸੀਂ ਦੋਹਾਂ ਨੇ ਰਲ ਕੇ ਕਿੰਨੀ ਸੋਹਣੀ ਝੌਂਪੜੀ ਬਣਾਈ ਸੀ-ਬਿਲਕੁਲ ਸੱਚੀਂ ਦੇ ਘਰ ਵਰਗੀ। ਕਾਲੀ ਵੀ ਤਾਂ ਇਹੀ ਕਹਿੰਦਾ ਸੀ। ਉਸ ਨੇ ‘ਮਯਨਾ-ਕਾਂਟਾ’ ਦੇ ਦਰੱਖ਼ਤ ਦੀ ਇੱਕ ਮੋਟੀ ਟਾਹਣੀ ਉੱਤੇ ਪੰਛੀ ਦਾ ਆਲ੍ਹਣਾ ਵੀ ਬਣਾ ਦਿੱਤਾ ਸੀ। ਉਹ ਕਹਿੰਦਾ ਸੀ ਕਿ ਸੌਣ ਮਹੀਨੇ ਦੀ ਸੰਗਰਾਦ ਨੂੰ ਜਾਂ ‘ਨਸ਼ਟ-ਚੰਦਰ’ (ਭਾਦੋ ਦੀ ਚੌਥ ਦਾ ਚੰਨ ਜਿਸਨੂੰ ਵੇਖਣ ਦੀ ਨਿਖੇਧੀ ਹੁੰਦੀ ਹੈ) ਦੀ ਰਾਤ ਨੂੰ ਫਿਰਨ ਵਾਲਾ ਕਠਫੋੜਾ ਜਾਂ ਟਟੀਹਰੀ ਉੱਥੇ ਆ ਕੇ ਆਂਡੇ ਦੇ ਜਾਣਗੇ।

 ਇਹ ਸਭ ਦੇਖਣਾ ਮੇਰੇ ਨਸੀਬ ਵਿੱਚ ਨਹੀਂ ਸੀ, ਕਿਉਂਕਿ ਹਾੜ੍ਹ ਦੇ ਮਹੀਨੇ ਹੀ ਅਸੀਂ ਪਿੰਡੋਂ ਕਲਕੱਤੇ ਦੀ ਇਸ ਖੋਲਾ-ਬਾੜੀ ਵਿੱਚ ਆ ਗਏ ਸੀ।

 ਮੈਨੂੰ ਬਸ ਪਿੰਡ ਦੇ ਉਸ ਬਾਂਸਾਂ ਦੇ ਬਗਾਨ ਦੇ ਕੰਢੇ ਵਾਲੀ ਝੌਂਪੜੀ ਦੀ ਹੀ ਯਾਦ ਆਉਂਦੀ ਹੈ- ਕਾਲੀ ਅਤੇ ਮੈਂ ਕਿੰਨੀ ਮਿਹਨਤ ਕਰਕੇ ਉਹ ਬਣਾਈ ਸੀ, ਮਯਨਾ-ਕਾਂਟਾ ਦੇ ਦਰੱਖ਼ਤ ਦੀ ਟਾਹਣੀ ਨਾਲ ਬੰਨ੍ਹੇ ਉਸ ਪੰਛੀ ਦੇ ਆਲ੍ਹਣੇ ਦੀ ਯਾਦ ਵੀ - ਪਤਾ ਨਹੀਂ ‘ਨਸ਼ਟ-ਚੰਦਰ’ ਦੀ ਰਾਤ ਨੂੰ ਕਠਫੋੜੇ ਨੇ ਉੱਥੇ ਆਂਡੇ ਦਿੱਤੇ ਸਨ ਜਾਂ ਨਹੀਂ?

 ਕਲਕੱਤੇ ਦੇ ਇਸ ਘਰ ਵਿੱਚ ਜਗ੍ਹਾ ਬਹੁਤ ਘੱਟ ਹੈ, ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੈ। ਮੈਂ ਸਾਹਮਣੇ ਵਾਲੇ ਟੀਨ ਦੇ ਵਰਾਂਡੇ ਵਿੱਚ ਸਾਰੀ ਸਵੇਰ ਬੈਠਾ-ਬੈਠਾ ਦੇਖਦਾ ਰਹਿੰਦਾ ਹਾਂ- ਨਲਕੇ ਉੱਤੇ ਮੁਹੱਲੇ ਦੇ ਲੋਕ ਪਾਣੀ ਭਰਨ ਆਏ ਹਨ, ਗੁੜ ਦੀ ਆੜ੍ਹਤ ਦੇ ਸਾਹਮਣੇ ਗੱਡੇਆਂ ਵਿੱਚੋਂ ਗੁੜ ਲਾਹਿਆ ਜਾ ਰਿਹਾ ਹੈ, ਅਤੇ ਖੱਬੀ ਨੁੱਕੜ ਵਾਲੇ ਇੱਕ ਦੋ-ਮੰਜ਼ਿਲਾ ਮਕਾਨ ਦੀ ਖਿੜਕੀ ਵਿੱਚੋਂ ਇੱਕ ਔਰਤ ਮੇਰੇ ਵਾਂਗ ਸੜਕ ਵੱਲ ਤੱਕ ਰਹੀ ਹੈ।

 ਇਸ ਗਲੀ ਵਿੱਚੋਂ ਨਿਕਲ ਕੇ ਵੱਡੀ ਸੜਕ ਦੇ ਮੋੜ ਉੱਤੇ ਇੱਕ ਹਿੰਦੁਸਤਾਨੀ(ਗੈਰ ਬੰਗਾਲੀ) ਦੁਕਾਨਦਾਰ ਦੀ ਸੱਤੂ ਦੀ ਦੁਕਾਨ ਹੈ। ਮੈਂ ਕਦੇ-ਕਦੇ ਉੱਥੋਂ ਸੱਤੂ ਖਰੀਦ ਲਿਆਉਂਦਾ ਹਾਂ। ਵੱਡੀ ਸੜਕ ਉੱਤੇ ਬਹੁਤ ਸਾਰੀਆਂ ਗੱਡੀਆਂ ਲੰਘਦੀਆਂ ਹਨ। ਸਾਡੇ ਪਿੰਡ ਵਿੱਚ ਮੈਂ ਕਦੇ ਇੱਕ ਵੀ ਘੋੜਾ-ਗੱਡੀ ਨਹੀਂ ਦੇਖੀ ਸੀ। ਦੋਵੇਂ ਅੱਖਾਂ ਨਾਲ ਜੀ ਭਰ ਕੇ ਤੱਕਦਾ ਰਹਿੰਦਾ ਹਾਂ, ਫਿਰ ਵੀ ਮਨ ਨਹੀਂ ਭਰਦਾ। ਪਰ ਮਾਂ ਮੈਨੂੰ ਜਦ-ਤਦ ਵੱਡੀ ਸੜਕ ਉੱਤੇ ਜਾਣ ਨਹੀਂ ਦਿੰਦੀ ਸੀ-ਕਿਤੇ ਗੱਡੀ-ਘੋੜੇ ਹੇਠਾਂ ਨਾ ਆ ਜਾਵਾਂ।

 ਸਾਡੇ ਘਰ ਤੋਂ ਕੁਝ ਦੂਰ ਗਲੀ ਦੇ ਉਸ ਮੋੜ ‘ਤੇ ਸਾਡੇ ਹੀ ਵਰਗੇ ਕਈ ਖੋਲਾ-ਬਾੜੀ ਇੱਕ ਕਤਾਰ ਵਿੱਚ ਬਣੀਆਂ ਹੋਈਆਂ ਸਨ। ਉੱਥੇ ਮੈਂ ਕਦੇ-ਕਦੇ ਘੁੰਮਣ ਚਲਾ ਜਾਂਦਾ ਸੀ। ਉਨ੍ਹਾਂ ਦੇ ਕਮਰੇ ਕਾਫ਼ੀ ਸਾਫ਼-ਸੁਥਰੇ ਸਨ, ਕਿੰਨੀਆਂ ਹੀ ਚੀਜ਼ਾਂ ਹਨ-ਸ਼ੀਸ਼ੇ, ਗੁੱਡਿਆਂ, ਕੱਚ ਦੇ ਸ਼ੋਕੇਸ, ਕੰਧਾਂ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਹਰ ਇੱਕ ਕਮਰੇ ਵਿੱਚ ਇੱਕ-ਇੱਕ ਔਰਤ ਰਹਿੰਦੀ ਸੀ। ਮੈਂ ਉਨ੍ਹਾਂ ਸਾਰਿਆਂ ਦੇ ਕਮਰਿਆਂ ਵਿੱਚ ਜਾਂਦਾ ਸੀ, ਸ਼ਾਮ ਵੇਲੇ ਜਾਂਦਾ ਸੀ, ਸਵੇਰੇ ਵੀ ਕਦੇ-ਕਦੇ ਚਲਾ ਜਾਂਦਾ ਸੀ।

 ਉਨ੍ਹਾਂ ਘਰਾਂ ਵਿੱਚ ਇੱਕ ਕੁੜੀ ਸੀ, ਉਸ ਦਾ ਨਾਂ ਕੁਸੁਮ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ, ਮੈਂ ਵੀ ਉਸ ਨੂੰ ਪਿਆਰ ਕਰਦਾ ਸੀ। ਮੈਂ ਸਭ ਤੋਂ ਵੱਧ ਸਮਾਂ ਕੁਸੁਮ ਦੇ ਕਮਰੇ ਵਿੱਚ ਹੀ ਬਿਤਾਉਂਦਾ ਸੀ। ਕੁਸੁਮ ਮੇਰੇ ਨਾਲ ਗੱਲਾਂ ਕਰਦੀ ਅਤੇ ਸਾਡੇ ਪਿੰਡ ਬਾਰੇ ਪੁੱਛਦੀ। ਉਨ੍ਹਾਂ ਦਾ ਘਰ ਬਰਧਮਾਨ ਨਾਂ ਦੀ ਕਿਸੇ ਥਾਂਹ ’ਤੇ ਸੀ। ਹੁਣ ਉਹ ਇਸੇ ਕਮਰੇ ਵਿੱਚ ਰਹਿੰਦੀ ਹੈ।

 ਕੁਸੁਮ ਕਹਿੰਦੀ- “ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਤੂੰ ਰੋਜ਼ ਆਇਆ ਕਰੇਂਗਾ ਨਾ?”

 “ਮੈਂ ਵੀ ਤੈਨੂੰ ਪਿਆਰ ਕਰਦਾ ਹਾਂ। ਰੋਜ਼ ਆਉਂਦਾ ਹੀ ਤਾਂ ਹਾਂ।”

 “ਤੁਹਾਡਾ ਪਿੰਡ ਕਿੱਥੇ ਹੈ?”

 “ਆਸਸਿੰਗੜੀ, ਜ਼ਿਲ੍ਹਾ ਜਸੋਰ।”

 “ਤੂੰ ਪਹਿਲਾਂ ਕਦੇ ਕਲਕੱਤੇ ਨਹੀਂ ਆਇਆ, ਹੈ ਨਾ?”

 “ਨਹੀਂ।”

 ਸ਼ਾਮ ਵੇਲੇ ਕੁਸੁਮ ਬੜੇ ਸੋਹਣੇ ਢੰਗ ਨਾਲ ਸਜਦੀ-ਸੰਵਰਦੀ ਸੀ। ਮੱਥੇ ’ਤੇ ਬਿੰਦੀ ਲਾਉਂਦੀ, ਮੂੰਹ ’ਤੇ ਮੈਦੇ ਵਰਗਾ ਪਾਊਡਰ ਲਾਉਂਦੀ, ਵਾਲ ਵਾਹੁੰਦੀ- ਕਿੰਨੀ ਸੋਹਣੀ ਲੱਗਦੀ ਸੀ! ਪਰ ਉਸ ਵੇਲੇ ਕੁਸੁਮ ਮੈਨੂੰ ਆਪਣੇ ਕਮਰੇ ਵਿੱਚ ਰਹਿਣ ਨਹੀਂ ਦਿੰਦੀ ਸੀ। ਕਹਿੰਦੀ- “ਹੁਣ ਤੂੰ ਘਰ ਚਲਾ ਜਾਹ। ਹੁਣ ਮੇਰਾ ਬਾਬੂ ਆਵੇਗਾ।”

 ਪਹਿਲੀ ਵਾਰ ਮੈਂ ਉਸ ਨੂੰ ਪੁੱਛਿਆ ਸੀ - “ਕੌਣ ਬਾਬੂ?”

  “ਉਹ ਹੈ। ਤੂੰ ਇਹ ਨਹੀਂ ਸਮਝੇਂਗਾ। ਹੁਣ ਤੂੰ ਘਰ ਜਾਹ।”

 ਮੈਨੂੰ ਬੁਰਾ ਲੱਗਦਾ ਸੀ। ਮੈਂ ਕਹਿੰਦਾ- “ਆਉਣ ਦੇ ਬਾਬੂ ਨੂੰ। ਮੈਂ ਇੱਥੇ ਰਹਾਂਗਾ। ਬਾਬੂ ਮੇਰਾ ਕੀ ਕਰ ਲਵੇਗਾ?”

  “ਨਹੀਂ, ਨਹੀਂ, ਚਲਾ ਜਾਹ। ਹੁਣ ਤੇਰਾ ਇੱਥੇ ਰਹਿਣਾ ਠੀਕ ਨਹੀਂ। ਐਦਾਂ ਨਹੀਂ ਕਰੀਦਾ, ਸ਼ੋਨਾ!”

  “ਬਾਬੂ ਤੇਰਾ ਕੀ ਲੱਗਦਾ ਹੈ? ਭਰਾ?”

 “ਉਹ ਤੂੰ ਨਹੀਂ ਸਮਝੇਂਗਾ। ਹੁਣ ਜਾਹ, ਘਰ ਚਲਾ ਜਾਹ।”

 ਮੈਨੂੰ ਬੜੀ ਉਤਸੁਕਤਾ ਹੁੰਦੀ ਸੀ। ਕੁਸੁਮ ਦੇ ਬਾਬੂ ਨੂੰ ਜ਼ਰੂਰ ਦੇਖਣਾ ਹੈ। ਉਹ ਮੈਨੂੰ ਘਰ ਜਾਣ ਲਈ ਕਿਉਂ ਕਹਿੰਦੀ ਹੈ?

 ਇੱਕ ਦਿਨ ਮੈਂ ਉਸ ਨੂੰ ਦੇਖ ਲਿਆ। ਲੰਮੇ ਵਾਲਾਂ ਵਾਲਾ, ਕਾਫ਼ੀ ਮੋਟਾ-ਤਾਜ਼ਾ ਬੰਦਾ ਸੀ-ਹੱਥ ਵਿੱਚ ਇੱਕ ਵੱਡਾ ਪੱਤਿਆਂ ਦਾ ਠੋਂਗਾ ਸੀ, ਜਿਸ ਵਿੱਚ ਖਾਣ ਦੀ ਪਤਾ ਨਹੀਂ ਕੀ ਚੀਜ਼ ਸੀ। ਕਲਕੱਤੇ ਦੀਆਂ ਦੁਕਾਨਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ’ਤੇ ਇਸੇ ਤਰ੍ਹਾਂ ਦੇ ਪੱਤਿਆਂ ਦੇ ਠੋਂਗੇ ਵਿੱਚ ਪਾ ਕੇ ਦਿੰਦੇ ਹਨ। ਸਾਡੇ ਪਿੰਡ ਵਿੱਚ ਉਹ ਪੱਤੇ ਨਹੀਂ ਹੁੰਦੇ; ਉੱਥੇ ਹਰੀ ਹਲਵਾਈ ਦੀ ਦੁਕਾਨ ਤੋਂ ਮੁੜਕੀ (ਮਿੱਠੀ ਚਾਸ਼ਨੀ ਵਾਲਿਆਂ ਫੁੱਲਿਆਂ) ਜਾਂ ਜਲੇਬੀ ਖਰੀਦਣ ’ਤੇ ਕਮਲ ਦੇ ਪੱਤੇ ਵਿੱਚ ਲਪੇਟ ਕੇ ਦਿੰਦੇ ਹਨ।

 ਕੁਸੁਮ ਨੇ ਠੋਂਗਾ ਖੋਲ੍ਹ ਕੇ ਪਹਿਲਾਂ ਮੇਰੇ ਹੱਥ ਵਿੱਚ ਇੱਕ ਵੱਡੀ ਕਚੌਰੀ ਰੱਖ ਕੇ ਕਿਹਾ -“ਆਹ ਲੈ, ਖਾਂਦਾ-ਖਾਂਦਾ ਘਰ ਚਲਾ ਜਾਵੀਂ।”

 ਇੱਕ ਬੁਰਕੀ ਖਾਂਦਿਆਂ ਹੀ ਮੈਨੂੰ ਉਹ ਬਹੁਤ ਸੁਆਦ ਲੱਗੀ। ਅਜਿਹੀ ਕਚੌਰੀ ਮੈਂ ਕਦੇ ਨਹੀਂ ਖਾਧੀ ਸੀ। ਸਾਡੇ ਪਿੰਡ ਦਾ ਹਰੀ ਹਲਵਾਈ ਜੋ ਕਚੌਰੀ ਬਣਾਉਂਦਾ ਹੈ, ਉਹ ਤੇਲ ਵਿੱਚ ਤਲੀ ਹੋਈ ਕਚੌਰੀ ਹੁੰਦੀ ਹੈ; ਖਾਣ ਵਿੱਚ ਇੰਨੀ ਸੁਆਦ ਨਹੀਂ ਹੁੰਦੀ।

 ਉਤਸ਼ਾਹ ਭਰੇ ਲਹਿਜ਼ੇ ਵਿੱਚ ਮੈਂ ਕਿਹਾ-“ਵਾਹ! ਕਿੰਨੀ ਸੋਹਣੀ ਖੁਸ਼ਬੂ ਹੈ!”

 ਕੁਸੁਮ ਨੇ ਕਿਹਾ- “ਹਿੰਗ ਦੀ ਕਚੌਰੀ ਹੈ, ਹਿੰਗ ਦੀ ਖੁਸ਼ਬੂ ਹੈ। ਇਸ ਨੂੰ ਹਿੰਗ ਦੀ ਕਚੌਰੀ ਕਹਿੰਦੇ ਹਨ-ਹੁਣ ਤੂੰ ਘਰ ਜਾਹ।”

 ਕੁਸੁਮ ਦੇ ਬਾਬੂ ਨੇ ਪੁੱਛਿਆ-“ਕੌਣ ਹੈ?”

 “ਨਲ ਦੇ ਸਾਹਮਣੇ ਵਾਲੇ ਘਰ ਦੇ ਕਿਰਾਏਦਾਰਾਂ ਦਾ ਮੁੰਡਾ। ਬਾਮੁਨ (ਪੰਡਤ)।”

 ਕੁਸੁਮ ਦੇ ਬਾਬੂ ਨੇ ਮੇਰੇ ਵੱਲ ਮੁੜ ਕੇ ਕਿਹਾ- “ਜਾਹ ਖੋਕਾ, ਹੁਣ ਘਰ ਜਾਹ।”

 ਇੱਕ ਵਾਰ ਸੋਚਿਆ ਕਿ ਕਹਿ ਦਿਆਂ, “ਮੈਂ ਇੱਥੇ ਕਿਉਂ ਨਹੀਂ ਰਹਿ ਸਕਦਾ, ਰਹਿਣ ਵਿੱਚ ਕੀ ਹਰਜ਼ ਹੈ?” ਪਰ ਕੁਸੁਮ ਦੇ ਬਾਬੂ ਵੱਲ ਦੇਖ ਕੇ ਇਹ ਗੱਲ ਕਹਿਣ ਦੀ ਮੇਰੀ ਹਿੰਮਤ ਨਾ ਪਈ। ਬੰਦਾ ਕੁਝ ਗੁੱਸੇ ਵਾਲਾ ਜਾਪਦਾ ਸੀ, ਸ਼ਾਇਦ ਇੱਕ ਲਾ ਵੀ ਦੇਵੇ। ਪਰ ਉਸ ਦਿਨ ਤੋਂ ਹਿੰਗ ਦੀ ਕਚੌਰੀ ਦੇ ਲਾਲਚ ਵਿੱਚ ਮੈਂ ਰੋਜ਼ ਕੁਸੁਮ ਦੇ ਬਾਬੂ ਦੇ ਆਉਣ ਤੱਕ ਉਡੀਕ ਕਰਦਾ। ਹਰ ਰੋਜ਼ ਸਭ ਤੋਂ ਪਹਿਲਾਂ ਕੁਸੁਮ ਮੇਰੇ ਹੱਥ ਵਿੱਚ ਦੋ ਕਚੌਰੀਆਂ ਰੱਖ ਕੇ ਕਹਿੰਦੀ-“ਜਾਹ ਖੋਕਾ, ਹੁਣ ਖਾਂਦਾ-ਖਾਂਦਾ ਘਰ ਚਲਾ ਜਾਹ।”

 ਕੁਸੁਮ ਦਾ ਬਾਬੂ ਕਹਿੰਦਾ- “ਅਹਾ, ਮੈਂ ਤਾਂ ਭੁੱਲ ਹੀ ਗਿਆ। ਕੱਲ੍ਹ ਇਸ ਦੇ ਲਈ ਦੋ ਖਸਤਾ ਗਜਾ ਲਿਆਉਣ ਦਾ ਸੋਚਿਆ ਸੀ। ਚੱਲ, ਕੱਲ੍ਹ ਜ਼ਰੂਰ ਲਿਆਵਾਂਗਾ।”

 ਮੇਰਾ ਡਰ ਦੂਰ ਹੋ ਗਿਆ। ਮੈਂ ਕਿਹਾ-“ਕੱਲ੍ਹ ਪੱਕਾ ਲਿਆਓਗੇ?”

 ਕੁਸੁਮ ਦਾ ਬਾਬੂ ਹੱਸਦਿਆਂ ਕਹਿਣ ਲੱਗਾ-“ਲਿਆਵਾਂਗਾ, ਲਿਆਵਾਂਗਾ।”

 ਕੁਸੁਮ ਨੇ ਕਿਹਾ-“ਹੁਣ ਘਰ ਜਾਹ ਖੋਕਾ।”

 “ਮੈਂ ਅਜੇ ਨਹੀਂ ਜਾਣਾ। ਇੱਥੇ ਰਹਿ ਜਾਵਾਂ ਨਾ?”

 ਕੁਸੁਮ ਦੇ ਬਾਬੂ ਨੇ ਮੇਰੀ ਇਸ ਗੱਲ ਦੇ ਜਵਾਬ ਵਿੱਚ ਕੁਝ ਕਿਹਾ, ਜਿਸ ਦਾ ਮਤਲਬ ਮੈਂ ਚੰਗੀ ਤਰ੍ਹਾਂ ਸਮਝ ਨਾ ਸਕਿਆ। ਕੁਸੁਮ ਨੇ ਉਸ ਵੱਲ ਗੁੱਸੇ ਭਰੇ ਲਹਿਜ਼ੇ ਵਿੱਚ ਦੇਖ ਕੇ ਕਿਹਾ- “ਜਾਓ, ਬੱਚੇ ਨਾਲ ਅਜਿਹੀ ਗੱਲ ਕਿਉਂ ਕਰਦੇ ਹੋ!”

 ਘਰ ਜਾ ਕੇ ਮੈਂ ਮਾਂ ਨੂੰ ਕਿਹਾ- “ਮਾਂ, ਤੂੰ ਹਿੰਗ ਦੀ ਕਚੌਰੀ ਖਾਧੀ ਹੈ?”

  “ਕਿਉਂ?”

 “ਮੈਂ ਖਾਧੀ ਹੈ। ਐਨੀ ਵੱਡੀ-ਵੱਡੀ, ਹਿੰਗ ਦੀ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ।”

 “ਕਿੱਥੋਂ ਮਿਲੀ?”

 “ਕੁਸੁਮ ਦੇ ਬਾਬੂ ਲਿਆਏ ਸਨ, ਮੈਨੂੰ ਦਿੱਤੀ ਸੀ।”

 “ਪਾਜੀ ਮੁੰਡਿਆ, ਮੈਂ ਉੱਥੇ ਜਾਣ ਤੋਂ ਮਨ੍ਹਾ ਕੀਤਾ ਸੀ ਨਾ? ਉੱਥੇ ਨਹੀਂ ਜਾਣਾ।”

 “ਕਿਉਂ?”

 “ਕਿਉਂ ਦਾ ਕੋਈ ਜਵਾਬ ਨਹੀਂ। ਉੱਥੇ ਨਹੀਂ ਜਾਣਾ। ਉਹ ਚੰਗੇ ਲੋਕ ਨਹੀਂ ਹਨ।”

 “ਨਹੀਂ ਮਾਂ, ਕੁਸੁਮ ਤਾਂ ਬਹੁਤ ਚੰਗੀ ਹੈ। ਉਹ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਨੂੰ ਰੋਜ਼ ਹਿੰਗ ਦੀ ਕਚੌਰੀ ਦਿੰਦੀ ਹੈ।”

 “ਫਿਰ, ਹਿੰਗ ਦੀ ਕਚੌਰੀ! ਘਰ ਵਿੱਚ ਕੁਝ ਨਹੀਂ ਮਿਲਦਾ ਖਾਣ ਨੂੰ? ਖ਼ਬਰਦਾਰ, ਉੱਥੇ ਨਹੀਂ ਜਾਣਾ, ਕਹਿ ਦਿੱਤਾ ਤੈਨੂੰ।”

 ਇਸ ਤੋਂ ਬਾਅਦ ਮੈਂ ਇੱਕ-ਦੋ ਦਿਨ ਕੁਸੁਮ ਦੇ ਘਰ ਬਿਲਕੁਲ ਨਹੀਂ ਗਿਆ। ਪਰ ਉੱਥੇ ਗਏ ਬਗੈਰ ਮੇਰਾ ਮਨ ਨਹੀਂ ਸੀ ਲੱਗਦਾ। ਇੱਕ ਦਿਨ ਫਿਰ ਮਾਂ ਤੋਂ ਲੁਕ ਕੇ ਚਲਾ ਗਿਆ। ਕੁਸੁਮ ਨੇ ਕਿਹਾ “ਤੂੰ ਆਇਆ ਨਹੀਂ?”

 “ਮਾਂ ਮਨ੍ਹਾ ਕਰਦੀ ਹੈ।”

 “ਤਾਂ ਤੂੰ ਨਾ ਆਇਆ ਕਰ, ਮਾਂ ਫਿਰ ਗੁੱਸਾ ਕਰੇਗੀ।”

 “ਦੋ ਦਿਨ ਤਾਂ ਨਹੀਂ ਆਇਆ ਸੀ।”

 “ਫਿਰ ਆ ਗਿਆ?”

 “ਤੈਨੂੰ ਪਿਆਰ ਕਰਦਾ ਹਾਂ, ਇਸ ਲਈ ਆਇਆ ਹਾਂ।”

 “ਓ ਮੇਰੇ ਸ਼ੋਨਾ! ਤੂੰ ਨਹੀਂ ਆਉਂਦਾ ਤਾਂ ਮੈਨੂੰ ਵੀ ਚੰਗਾ ਨਹੀਂ ਲੱਗਦਾ। ਤੂੰ ਨਹੀਂ ਆਉਂਦਾ ਤਾਂ ਤੇਰੇ ਲਈ ਮੇਰਾ ਮਨ ਬੇਚੈਨ ਰਹਿੰਦਾ ਹੈ।”

 “ਮੇਰਾ ਵੀ।”

 “ਮੈਂ ਕੀ ਕਰਾਂ, ਮੇਰੀ ਕਿਸਮਤ ਹੀ ਐਸੀ ਹੈ। ਮੈਨੂੰ ਤਾਂ ਇਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਤੇਰੀ ਮਾਂ ਗੁੱਸੇ ਨਾ ਹੁੰਦੀ ਹੇਵੇ।”

 “ਮਾਂ ਨੂੰ ਨਹੀਂ ਦੱਸਾਂਗਾ। ਤੇਰੇ ਕੋਲ ਨਾ ਆਵਾਂ ਤਾਂ ਮੇਰਾ ਵੀ ਮਨ ਬੇਚੈਨ ਰਹਿੰਦਾ ਹੈ। ਹੁਣ ਮੈਂ ਜਾ ਰਿਹਾਂ।”

 “ਸ਼ਾਮ ਵੇਲੇ ਆਈਂ।”

 “ਜ਼ਰੂਰ ਆਵਾਂਗਾ।”

 ਕੁਸੁਮ ਨਾਲ ਹੋਈ ਗੱਲ ਅਨੁਸਾਰ ਮੈਂ ਸ਼ਾਮ ਵੇਲੇ ਉੱਥੇ ਚਲਾ ਗਿਆ। ਕੁਸੁਮ ਦੇ ਬਾਬੂ ਨੇ ਮੈਨੂੰ ਦੇਖ ਕੇ ਕਿਹਾ- “ਓਏ ਮੁੰਡਿਆ! ਕਈ ਦਿਨਾਂ ਤੋਂ ਦਿਖਾਈ ਨਹੀਂ ਦਿੱਤਾ, ਕਿਉਂ? ਉਸ ਦਿਨ ਮੈਂ ਤੇਰੇ ਲਈ ਖਸਤਾ ਗਜਾ ਲੈ ਕੇ ਆਇਆ ਸੀ, ਪਰ ਤੇਰੀ ਕਿਸਮਤ ਵਿੱਚ ਨਹੀਂ ਸੀ। ਇਸ ਨੂੰ ਦੋ ਕਚੌਰੀਆਂ ਦਿਓ।”

 “ਗਜਾ ਕੱਲ੍ਹ ਲਿਆਉਣਾ।”

 “ਲਿਆਵਾਂਗਾ, ਓ ਬਾਮੁਨ ਠਾਕੁਰ! ਕੱਲ੍ਹ ਅਮ੍ਰਿਤੀ ਜਲੇਬੀ ਲਿਆਵਾਂਗਾ। ਅਮ੍ਰਿਤੀ ਖਾਧੀ ਹੈ?”

 “ਨਹੀਂ।”

 “ਕੱਲ੍ਹ ਲਿਆਵਾਂਗਾ, ਜ਼ਰੂਰ ਆਈਂ।”

 “ਪਰ ਕਿਸੇ ਨੂੰ ਦੱਸਣਾ ਨਹੀਂ। ਮਾਂ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਆਉਣ ਨਹੀਂ ਦੇਵੇਗੀ।”

 “ਤੇਰੀ ਮਾਂ ਤੈਨੂੰ ਇੱਥੇ ਆਉਣ ’ਤੇ ਗੁੱਸੇ ਹੁੰਦੀ ਹੈ, ?”

 “ਹੂੰ।”

 ਕੁਸੁਮ ਨੇ ਛੇਤੀ ਨਾਲ ਕਿਹਾ- “ਅਰੇ, ਉਸ ਦੀ ਗੱਲ ਛੱਡੋ! ਨਿਆਣਾ ਹੈ, ਸੁਦਾਈ ਹੈ, ਉਸ ਦੀਆਂ ਗੱਲਾਂ ਦਾ ਕੋਈ ਮਤਲਬ ਹੈ? ਅੱਜ ਤੂੰ ਘਰ ਜਾਹ ਖੋਕਾ। ਇਹ ਲੈ ਕਚੌਰੀ, ਖਾਂਦਾ-ਖਾਂਦਾ ਜਾਵੀਂ।”

 “ਨਹੀਂ, ਇੱਥੇ ਹੀ ਖਾ ਕੇ ਪਾਣੀ ਪੀ ਕੇ ਜਾਵਾਂਗਾ, ਮਾਂ ਨੂੰ ਪਤਾ ਲੱਗ ਜਾਵੇਗਾ।”

 “ਮੈਂ ਤੈਨੂੰ ਇੱਥੇ ਪਾਣੀ ਨਹੀਂ ਦੇਵਾਂਗੀ। ਸੜਕ ਵਾਲੇ ਨਲ ਤੋਂ ਪਾਣੀ ਪੀ ਕੇ ਜਾਈਂ।”

 ਕੁਸੁਮ ਦੇ ਬਾਬੂ ਨੇ ਪੁੱਛਿਆ-“ਕਿਉਂ? ਇਸ ਨੂੰ ਪਾਣੀ ਕਿਉਂ ਨਹੀਂ ਦੇਵੇਗੀ? ਦੇਣ ਨਾਲ ਕੀ ਹੋ ਜਾਵੇਗਾ?”

 ਕੁਸੁਮ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ-“ਤੁਸੀਂ ਚੁੱਪ ਕਰੋ। ਪੰਡਤਾਂ ਦੇ ਮੁੰਡੇ ਨੂੰ ਆਪਣੇ ਹੱਥੀਂ ਪਾਣੀ ਨਹੀਂ ਦੇ ਸਕਦੀ। ਇਸ ਜਨਮ ਦੀ ਇਹੀ ਤਾਂ ਸਜ਼ਾ ਹੈ। ਹੱਥੀਂ ਖਾਣਾ ਦੇ ਦਿੰਦੀ ਹਾਂ, ਇਹੀ ਵਥੇਰਾ ਹੈ।”

 ਮੇਰੇ ਮਨ ਨੂੰ ਕੁਸੁਮ ਨਾਲ ਬੜਾ ਗਿਲਾ ਹੋਇਆ। ਕਿਉਂ, ਮੈਂ ਐਨਾ ਵੀ ਕੀ ਮਾੜਾ ਹਾਂ ਕਿ ਮੈਨੂੰ ਆਪਣੇ ਹੱਥੀਂ ਪਾਣੀ ਨਹੀਂ ਦੇ ਸਕਦੀ? ਜਦੋਂ ਮੈਂ ਉੱਥੋਂ ਜਾਣ ਲੱਗਾ ਤਾਂ ਕੁਸੁਮ ਨੇ ਵਾਰ-ਵਾਰ ਕਿਹਾ-“ਕੱਲ੍ਹ ਸਵੇਰੇ ਜ਼ਰੂਰ ਆਵੀਂ, ਚੰਗਾ?”

 ਮੈਂ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਸਵੇਰੇ ਜਾ ਕੇ ਦੇਖਿਆ ਤਾਂ ਕੁਸੁਮ ਬੈਠੀ ਸਹਿਜਣ ਦੀਆਂ ਫਲੀਆਂ ਕੱਟ ਰਹੀ ਸੀ। ਉਸ ਨੇ ਮੈਨੂੰ ਕਿਹਾ- “ਆ ਖੋਕਾ।”

 “ਤੇਰੇ ਨਾਲ ਕੁੱਟੀ ਹੈ।”

  “ਹਾਏ, ਇਹ ਕੀ ਗੱਲ ਹੋਈ! ਮੈਂ ਕੀ ਕੀਤਾ?”

 “ਤੂੰ ਕਿਹਾ ਸੀ ਕਿ ਮੈਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਕੱਲ੍ਹ ਪਾਣੀ ਪੀਣ ਨੂੰ ਵੀ ਨਹੀਂ ਦਿੱਤਾ!”

 “ਇਹ ਗੱਲ? ਬੈਠ ਬੈਠ ਖੋਕਾ - ਇਹ ਗੱਲ ਤੂੰ ਨਹੀਂ ਸਮਝੇਂਗਾ। ਤੂੰ ਪੰਡਤ ਹੈਂ, ਅਸੀਂ ਤੈਨੂੰ ਪਾਣੀ ਨਹੀਂ ਦੇ ਸਕਦੇ। ਸਮਝਿਆ? ਬੇਰ ਦਾ ਅਚਾਰ ਬਣਾ ਰਹੀ ਹਾਂ, ਖਾਏਂਗਾ? ਅਜੇ ਤਿਆਰ ਨਹੀਂ ਹੋਇਆ, ਹੁਣੇ-ਹੁਣੇ ਬੇਰਾਂ ਨੂੰ ਗੁੜ ਵਿੱਚ ਰਲਾਇਆ ਹੈ।”

 ਇਸ ਤਰ੍ਹਾਂ ਕੁਸੁਮ ਨਾਲ ਫਿਰ ਮੇਰੀ ਸੁਲਾਹ ਹੋ ਗਈ। ਬੇਰ ਦਾ ਅਚਾਰ ਹੱਥ ਵਿੱਚ ਧਰਦਿਆਂ ਹੀ ਮੈਂ ਗੁੱਸਾ ਤੇ ਗਿਲਾ ਸਭ ਭੁੱਲ ਗਿਆ। ਅਸੀਂ ਦੋਵੇਂ ਕਾਫ਼ੀ ਦੇਰ ਬੈਠ ਕੇ ਗੱਲਾਂ ਕਰਦੇ ਰਹੇ। ਫਿਰ ਮੈਂ ਉੱਠ ਕੇ ਮੱਖਣ ਦੇ ਕਮਰੇ ਵਿੱਚ ਚਲਾ ਗਿਆ। ਮੱਖਣ ਕੁਸੁਮ ਦੇ ਨਾਲ ਵਾਲੇ ਕਮਰੇ ਵਿੱਚ ਰਹਿੰਦੀ ਸੀ। ਉਸ ਦਾ ਕਮਰਾ ਕਿੰਨੀਆਂ ਕਿਸਮਾਂ ਦੀਆਂ ਗੁੱਡਿਆਂ ਨਾਲ ਸਜਿਆ ਹੋਇਆ ਸੀ! ਇੱਕ ਲੱਕੜ ਦੀ ਤਖ਼ਤੀ ਉੱਤੇ ਮਿੱਟੀ ਦੇ ਸੀਤਾਫਲ, ਅੰਬ, ਲੀਚੀਆਂ ਅਤੇ ਪਤਾ ਨਹੀਂ ਕਿੰਨੀਆਂ ਅਜੀਬ-ਅਜੀਬ ਚੀਜ਼ਾਂ ਰੱਖੀਆਂ ਹੋਈਆਂ ਸਨ। ਬਿਲਕੁਲ ਅਸਲੀ ਸੀਤਾਫਲ ਵਰਗੇ। ਬਿਲਕੁਲ ਅਸਲੀ ਅੰਬ ਵਰਗੇ।

 ਮੱਖਣ ਨੇ ਕਿਹਾ- “ਆ ਖੋਕਾ। ਉਨ੍ਹਾਂ ਮਿੱਟੀ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਈਂ। ਇੱਥੇ ਆ ਕੇ ਬੈਠ। ਟੁੱਟ ਜਾਣਗੀਆਂ।”

 “ਅੱਛਾ, ਤੂੰ ਤਮਾਖੂ ਕਿਉਂ ਖਾਂਦੀ ਹੈਂ?”

 ਮੱਖਣ ਨੇ ਹੱਸ ਕੇ ਕਿਹਾ- “ਲਊ, ਸੁਣ ਲਉ ਇਹਦੀ ਗੱਲ! ਲੋਕ ਤਮਾਖੂ ਨਹੀਂ ਖਾਂਦੇ?”

 “ਔਰਤਾਂ ਵੀ ਖਾਂਦੀਆਂ ਹਨ ਕੀ? ਮੇਰੀ ਮਾਂ ਤਾਂ ਨਹੀਂ ਖਾਂਦੀ। ਪਿਤਾ ਜੀ ਖਾਂਦੇ ਹਨ।”

 “ਸੁਣੋ ਇਹਦੀ ਗੱਲ! ਜਿਹੜਾ ਖਾਂਦਾ ਹੈ, ਉਹ ਖਾਂਦਾ ਹੈ।”

 “ਕੁਸੁਮ ਦਾ ਬਾਬੂ ਮੈਨੂੰ ਖਸਤਾ ਗਜਾ ਦੇਵੇਗਾ।”

 “ਅੱਛਾ? ਬੜੀ ਚੰਗੀ ਗੱਲ ਹੈ।”

 “ਤੇਰਾ ਬਾਬੂ ਕਿੱਥੇ ਹੈ?”

 ਮੱਖਣ ਮੂੰਹ ’ਤੇ ਆਪਣੀ ਚੁੰਨੀ ਰੱਖ ਕੇ ਹੱਸਦਿਆਂ-ਹੱਸਦਿਆਂ ਲੋਟ-ਪੋਟ ਹੋ ਗਈ।

 “ਹੀ ਹੀ! ਸੁਣੋ ਤਾਂ ਮੁੰਡੇ ਦੀ ਗੱਲ, ਕੀ-ਕੀ ਕਹਿੰਦਾ ਹੈ! ਹੀ ਹੀ! ਓ ਕੁਸਮੀ, ਆ ਕੇ ਸੁਣ ਤਾਂ, ਤੇਰਾ ਮੁੰਡਾ ਕੀ ਕਹਿੰਦਾ ਹੈ!”

 ਮੈਨੂੰ ਲੱਗਦਾ ਸੀ ਕਿ ਮੱਖਣ ਦੀ ਉਮਰ ਕੁਸੁਮ ਨਾਲੋਂ ਵੱਧ ਸੀ। ਕੁਸੁਮ ਸਭ ਤੋਂ ਵੱਧ ਸੋਹਣੀ ਲੱਗਦੀ ਸੀ। ਕੁਸੁਮ ਮੱਖਣ ਨੂੰ ‘ਦੀਦੀ’ ਕਹਿ ਕੇ ਬੁਲਾਉਂਦੀ ਸੀ।

 ਕੁਸੁਮ ਆਈ ਅਤੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਕੁਸੁਮ ਨੇ ਮੈਨੂੰ ਕਿਸੇ ਹੋਰ ਦੇ ਕਮਰੇ ਵਿੱਚ ਜਾਣ ਤੋਂ ਮਨ੍ਹਾ ਕੀਤਾ ਸੀ। ਅਸਲ ਵਿੱਚ ਮੈਂ ਖਾਣ-ਪੀਣ ਦੇ ਲਾਲਚ ਕਰਕੇ ਹੀ ਜਾਂਦਾ ਸੀ। ਪਰ ਦੂਜੀਆਂ ਔਰਤਾਂ ਦੇ ਕਮਰਿਆਂ ਵਿੱਚ ਬਾਬੂ ਕਦੋਂ ਆਉਂਦੇ ਸਨ, ਪਤਾ ਨਹੀਂ। ਇਸ ਲਈ ਇਸ ਮਾਮਲੇ ਵਿੱਚ ਮੈਨੂੰ ਨਿਰਾਸ਼ ਹੋਣਾ ਪੈਂਦਾ ਸੀ। ਕੁਸੁਮ ਮੈਨੂੰ ਆਪਣੇ ਕਮਰੇ ਵਿੱਚ ਲੈ ਜਾ ਕੇ ਕਹਿੰਦੀ- “ਤੂੰ ਐਨੀਆਂ ਗੱਲਾਂ ਤੋਂ ਕੀ ਲੈਣਾ ਹੈ, ਦੱਸ? ਤੂੰ ਬੱਚਾ ਹੈਂ, ਕਿਸੇ ਵੀ ਕਮਰੇ ਵਿੱਚ ਨਹੀਂ ਜਾ ਸਕਦਾ। ਇੱਥੇ ਬੈਠ।”

 “ਮੈਂ ਪ੍ਰਭਾ ਕੋਲ ਜਾਵਾਂਗਾ।”

 “ਕਿਉਂ, ਉੱਥੇ ਕਿਉਂ? ਉੱਥੇ ਜਾ ਕੇ ਵੀ ਫਿਰ ਜੋ-ਸੋ ਕਹੇਂਗਾ? ਬੇਵਕੂਫ਼ ਮੁੰਡਾ। ਖਾਣ ਦਾ ਲਾਲਚ ਹੈ ਨਾ? ਹੁਣੇ ਤਾਂ ਦਿੱਤਾ ਸੀ ਕੁਲਚੁਰ(ਬੇਰ ਦਾ ਅਚਾਰ)।”

 ਮੈਂ ਹੈਰਾਨੀ ਭਰੇ ਲਹਿਜ਼ੇ ਵਿੱਚ ਕਿਹਾ- “ਮੈਂ ਮੰਗ ਕੇ ਨਹੀਂ ਖਾਧਾ। ਪ੍ਰਭਾ ਨੂੰ ਪੁੱਛ ਲਓ।”

 “ਚੰਗਾ, ਪ੍ਰਭਾ ਕੋਲ ਜਾਣ ਦੀ ਲੋੜ ਨਹੀਂ।”

 “ਇੱਕ ਵਾਰ ਜਾਣ ਦਿਓ? ਜਾ ਕੇ ਹੁਣੇ ਆ ਜਾਵਾਂਗਾ।”

 ਸੱਚ ਦੱਸਾਂ ਤਾਂ ਪ੍ਰਭਾ ਦੇ ਕਮਰੇ ਵਿੱਚ ਜਾਣ ਦਾ ਕਾਰਨ ਉੰਨਾ ਖਾਣ ਦਾ ਲਾਲਚ ਨਹੀਂ ਸੀ, ਜਿੰਨਾ ਕਿ ਇੱਕ ਤੋਤੇ ਦਾ।

 ਉਹ ਤੋਤਾ ਕਹਿੰਦਾ ਸੀ- “ਰਾਮ, ਰਾਮ, ਕੌਣ ਆਇਆ? ਦੁਰ ਬਦਮਾਸ਼, ਕਾਕੀਮਾ, ਕਾਕੀਮਾ।” ਮੈਂ ਅੰਦਰ ਜਾ ਕੇ ਖੜ੍ਹਾ ਹੁੰਦਾ ਤਾਂ ਕਹਿੰਦਾ-“ਕੌਣ ਆਇਆ?”

  “ਮੇਰਾ ਨਾਂ ਵਾਸੁਦੇਵ ਹੈ।”

 “ਕੌਣ ਆਇਆ? ਕੌਣ ਆਇਆ?”

 ਮੈਂ ਹੱਸ ਪੈਂਦਾ। ਉਸ ਦੀਆਂ ਗੱਲਾਂ ਸੁਣ ਕੇ ਬੜਾ ਮਜ਼ਾ ਆਉਂਦਾ ਸੀ। ਬਿਲਕੁਲ ਮਨੁੱਖੀ ਅਵਾਜ਼ ਵਾਂਗ ਬੋਲਦਾ ਸੀ- “ਕੌਣ ਆਇਆ? ਕੌਣ ਆਇਆ?”

 ਪ੍ਰਭਾ ਨੇ ਬਾਹਰੋਂ ਪੁੱਛਿਆ- “ਕੌਣ ਹੈ ਕਮਰੇ ਵਿੱਚ?”

 ਉਹ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਹੱਥ ਵਿੱਚ ਕੜਛੀ ਫੜੀ ਦੌੜੀ ਆਈ। ਕੜਛੀ ਨਾਲ ਦਾਲ ਲੱਗੀ ਹੋਈ ਸੀ। ਮੈਂ ਹੱਸ ਕੇ ਕਿਹਾ-“ਮਾਰੇਂਗੀ?”

 “ਓਏ! ਸੁਦਾਈ ਠਾਕੁਰ! ਇਸ ਲਈ ਮੈਂ ਕਹ੍ਵਾਂ-ਦੁਪਹਿਰ ਵੇਲੇ ਕਮਰੇ ਵਿੱਚ ਕੌਣ ਆ ਗਿਆ?”

 “ਤੇਰੇ ਕੋਲ ਕੁਲਚੁਰ ਨਹੀਂ ਹੈ? ਕੁਸੁਮ ਨੇ ਮੈਨੂੰ ਕੁਲਚੁਰ ਦਿੱਤਾ ਹੈ-ਬੜਾ ਸੁਆਦ ਕੁਲਚੁਰ ਹੈ।”

 ਕੁਸੁਮ ਦਾ ਵੱਡਾ-ਸਾਰਾ ਬਾਬੂ ਹੈ। ਮੇਰੇ ਕੋਲ ਤਾਂ ਉਹ ਵੀ ਨਹੀਂ। ਮੈਂ ਕਿੱਥੋਂ ਕੁਲਚੁਰ-ਅਮਚੁਰ ਬਣਾਵਾਂ?”

 “ਕੁਸੁਮ ਦਾ ਬਾਬੂ ਮੈਨੂੰ ਗਜਾ ਦੇਵੇਗਾ।”

 “ਕਿਉਂ ਨਹੀਂ ਦੇਵੇਗਾ? ਮੋੜ ’ਤੇ ਜਿਹੜੀ ਐਨੀ ਵੱਡੀ ਦੁਕਾਨ ਹੈ, ਉਹ ਤਾਂ ਕੁਸੁਮ ਦੇ ਕਦਮਾਂ ਵਿੱਚ ਧਰ ਕੇ ਬੈਠਾ ਹੈ। ਉਹਨਾਂ ਦੀਆਂ ਗੱਲ ਛੱਡ। ਕਹਿੰਦਾ ਹੈ-‘ਮਾਨਿਨੀ, ਤੇਰੇ ਮਾਣ ਦੀ ਬਲਾ ਲੈ ਕੇ ਮਰਾਂ।’”

 ਮੈਂ ਡਰਦਿਆਂ-ਡਰਦਿਆਂ ਕਿਹਾ-“ਪ੍ਰਭਾ, ਮੇਰੇ ਨਾਲ ਗੁੱਸਾ ਨਾ ਕਰੀਂ।”

 “ਨਹੀਂ-ਨਹੀਂ, ਮੈਂ ਗੁੱਸਾ ਕਿਉਂ ਕਰਾਂਗੀ? ਮੈਂ ਤਾਂ ਦੁੱਖ ਦੀ ਗੱਲ ਕਰ ਰਹੀ ਹਾਂ। ਮੈਂ ਵੀ ਕਦੇ ਇਕ ਘਰ ਦੀ ਹੀ ਸੀ। ਅਸੀਂ ਅਸਮਾਨ ਤੋਂ ਤਾਂ ਨਹੀਂ ਡਿੱਗੇ। ਪੰਦਰਾਂ ਸਾਲ ਦੀ ਉਮਰ ਵਿੱਚ ਜਦੋਂ ਕਿਸਮਤ ਫੁੱਟੀ ਤਾਂ ਘਰੋਂ ਨਿਕਲੀ ਸੀ।”

 “ਘਰੋਂ ਕਿਉਂ ਨਿਕਲ ਆਈ ਸੀ?”

 “ਉਹ ਦੁੱਖ ਦੀਆਂ ਗੱਲਾਂ ਤੈਨੂੰ ਦੱਸ ਕੇ ਕੀ ਹੋਵੇਗਾ? ਤੂੰ ਕੀ ਸਮਝੇਂਗਾ? ਬੈਠ, ਮੇਰੀ ਦਾਲ ਸੜ ਗਈ। ਗੱਲਾਂ ਕਰਨ ਨਾਲ ਢਿੱਡ ਤਾਂ ਨਹੀਂ ਭਰਨਾ।”

 “ਮੈਂ ਜਾਂ ਰਿਹਾਂ!”

 “ਰਸੋਈ ਵਿੱਚ ਆ।”

 ਪ੍ਰਭਾ ਦਾ ਰੰਗ ਕਾਲਾ ਸੀ, ਬਹੁਤ ਮੋਟੀ-ਤਾਜ਼ੀ ਸੀ, ਨੱਕ ਉੱਤੇ ਕਾਲਾ ਇੱਕ ਮੱਸਾ ਸੀ। ਪ੍ਰਭਾ ਨੇ ਇੱਕ ਦਿਨ ਮੈਨੂੰ ਗਰਮ ਜਲੇਬੀ ਅਤੇ ਮੁੜ੍ਹੀ (ਮੁਰਮੁਰੇ) ਖਾਣ ਲਈ ਦਿੱਤੀ ਸੀ। ਉਸ ਦੇ ਕਮਰੇ ਵਿੱਚ ਉਸ ਪਿੰਜਰੇ ਵਾਲੇ ਤੋਤੇ ਤੋਂ ਇਲਾਵਾ ਹੋਰ ਕੋਈ ਖ਼ਾਸ ਸਮਾਨ ਨਹੀਂ ਸੀ।

 ਪ੍ਰਭਾ ਚਾਲਤੇ (ਇੱਕ ਖੱਟਾ ਫਲ) ਦੀ ਚਟਨੀ ਬਣਾ ਰਹੀ ਸੀ। ਇੱਕ ਪੱਥਰ ਦੀ ਕਟੋਰੀ ਵਿੱਚ ਚਾਲਤਾ ਭਿੱਜਿਆ ਹੋਇਆ ਸੀ। ਮੈਂ ਕਿੰਨੇ ਦਿਨਾਂ ਤੋਂ ਚਾਲਤਾ ਨਹੀਂ ਖਾਧਾ ਸੀ, ਪਿੰਡ ਤੋਂ ਆਉਣ ਤੋਂ ਬਾਅਦ ਤਾਂ ਬਿਲਕੁਲ ਨਹੀਂ। ਇਸ ਵੇਲੇ ਉੱਥੇ ਸਾਡੇ ਖੇਤ ਵਿੱਚ ਤਾਲਾਬ ਦੇ ਕੰਢੇ ਵੱਡੇ ਦਰੱਖ਼ਤਾਂ ਉੱਤੇ ਕਿੰਨੇ ਚਾਲਤੇ ਪੱਕੇ ਹੋਏ ਹੋਣਗੇ।

 ਮੈਂ ਕਿਹਾ-“ਪ੍ਰਭਾ, ਚਾਲਤਾ ਕਿੱਥੋਂ ਮਿਲਿਆ?”

 “ਬਾਜ਼ਾਰੋਂ, ਹੋਰ ਕਿੱਥੋਂ?”

 “ਵਧੀਆ ਚਾਲਤਾ ਹੈ।”

 ਪ੍ਰਭਾ ਨੇ ਹੋਰ ਕੁਝ ਨਾ ਕਿਹਾ। ਆਪਣੇ ‘ਚ ਮਗਨ ਰਸੋਈ ‘ਚ ਲੱਗੀ ਰਹੀ।

 ਮੈਂ ਕਿਹਾ- “ਤੇਰੇ ਮਾਂ-ਬਾਪ ਕਿੱਥੇ ਹਨ?”

 “ਪਾਪੀ ਜ਼ਬਾਨ ਨਾਲ ਉਹ ਗੱਲਾਂ ਕੀ ਦੱਸਾਂ?”

 “ਘਰ ਨਹੀਂ ਜਾਵੇਂਗੀ?”

 “ਕਿਹੜੇ ਘਰ?”

 “ਤੁਹਾਡੇ ਪਿੰਡ ਵਾਲੇ ਘਰ!”

 “ਸਿੱਧਾ ਯਮ ਦੇ ਘਰ ਜਾਵਾਂਗੀ।”

 “ਤੁਹਾਡੇ ਪਿੰਡ ਬੇਰ ਹਨ? ਸਾਡੇ ਪਿੰਡ ਵਿੱਚ ਤਾਂ ਬੇਰ ਦੇ ਕਿੰਨੇ ਹੀ ਦਰੱਖ਼ਤ ਹਨ!”

 ਪ੍ਰਭਾ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ। ਫਿਰ ਆਪਣੇ ‘ਚ ਮਗਨ ਹੀ ਰਸੋਈ ‘ਚ ਲੱਗੀ ਰਹੀ। ਥੋੜ੍ਹੀ ਦੇਰ ਬਾਅਦ ਉਸ ਨੇ ਚੁੱਲ੍ਹੇ ਉੱਤੇ ਚਾਹ ਬਣਾਈ ਅਤੇ ਗਲਾਸ ਨੂੰ ਆਪਣੇ ਪੱਲੇ ਨਾਲ ਫੜ ਕੇ ਚੁਸਕੀਆਂ ਲੈਂਦੀ ਹੋਈ ਚਾਹ ਪੀਣ ਲੱਗ ਪਈ। ਉਸ ਨੇ ਇੱਕ ਵਾਰ ਵੀ ਮੈਨੂੰ ਨਹੀਂ ਪੁੱਛਿਆ ਕਿ ਮੈਂ ਚਾਹ ਪੀਵਾਂਗਾ ਜਾਂ ਨਹੀਂ। ਉਂਝ ਵੀ ਮੈਂ ਚਾਹ ਨਹੀਂ ਪੀਂਦਾ, ਚਾਹ ਦੀ ਮਲਾਈ ਖਾਂਦਾ ਹਾਂ। ਮਾਂ ਮੈਨੂੰ ਚਾਹ ਪੀਣ ਨਹੀਂ ਦਿੰਦੀ। ਚਾਹ ਵਿੱਚ ਜੋ ਦੁੱਧ ਦੀ ਮਲਾਈ ਤੈਰਦੀ ਹੈ, ਮਾਂ ਉਹੀ ਕੱਢ ਕੇ ਮੈਨੂੰ ਦੇ ਦਿੰਦੀ ਹੈ।

 ਪ੍ਰਭਾ ਗੱਲਾਂ ਕਰਨ ਲੱਗ ਪਈ ਕਿ ਉਨ੍ਹਾਂ ਦੇ ਪਿੰਡ ਵਾਲੇ ਘਰ ਵਿੱਚ ਬਹੁਤ ਗਾਵਾਂ ਸਨ, ਉਹ ਕਿੰਨਾ ਦੁੱਧ ਪੀਂਦੇ ਸਨ, ਉਨ੍ਹਾਂ ਦੇ ਘਰ ਦੇ ਕੋਲ ਉਨ੍ਹਾਂ ਦਾ ਆਪਣਾ ਤਲਾਬ ਸੀ, ਜਿਸ ਵਿੱਚ ਕਿੰਨੀਆਂ ਸਾਰੀਆਂ ਮੱਛੀਆਂ ਸਨ। ਪਰ ਹੁਣ ਉਹ ਇਹ ਸਭ ਕੁਝ ਕਦੇ ਨਹੀਂ ਦੇਖ ਸਕੇਗੀ।

 ਅਚਾਨਕ ਪ੍ਰਭਾ ਇੱਕ ਅਜੀਬ ਗੱਲ ਕਹਿ ਬੈਠੀ। ਕਹਿਣ ਲੱਗੀ- “ਚਾਲਤੇ ਦੀ ਚਟਨੀ ਨਾਲ ਥੇੜ੍ਹਾ ਜਿਹਾ ਭਾਤ ਖਾਵੇਂਗਾ?”

 ਮੈਂ ਡਰਦਿਆਂ-ਡਰਦਿਆਂ ਕਿਹਾ- “ਖਾਵਾਂਗਾ। ਪਰ ਕੁਸੁਮ ਨੂੰ ਪਤਾ ਨਾ ਲੱਗੇ।”

 ਪ੍ਰਭਾ ਹੱਸ ਕੇ ਕਹਿਣ ਲੱਗੀ-“ਕੁਸੁਮ ਤੋਂ ਐਨਾ ਡਰਨ ਦੀ ਕੀ ਲੋੜ ਹੈ? ਪਤਾ ਲੱਗ ਵੀ ਗਿਆ ਤਾਂ ਕੀ ਹੋ ਜਾਵੇਗਾ? ਤੂੰ ਖਾਹ ਬੈਠ ਕੇ ।”

 ਮੈਂ ਅਜੇ ਚਾਲਤੇ ਦੇ ਚਟਨੀ ਨਾਲ ਭਾਤ ਰਲਾ ਹੀ ਰਿਹਾ ਸੀ ਕਿ ਕੁਸੁਮ ਦੀ ਆਵਾਜ਼ ਸੁਣਾਈ ਦਿੱਤੀ- “ਓ ਪ੍ਰਭਾਦੀ, ਬਾਮੁਨਾਂ ਦਾ ਉਹ ਖੋਕਾ ਤੇਰੇ ਕੋਲ ਹੈ? ਉਸ ਨੂੰ ਘਰ ਭੇਜ ਦਿਆਂ, ਕਿੰਨੀ ਦੇਰ ਤੋਂ ਬਗਾਨੇ ਘਰ ਦਾ ਮੁੰਡਾ ਆਇਆ ਬੈਠਾ ਹੈ।”

 ਮੈਂ ਜੂਠੇ ਹੱਥਾਂ ਨਾਲ ਝੱਟ ਉੱਠ ਕੇ ਰਸੋਈ ਦੇ ਇੱਕ ਖੂੰਜੇ ਵਿੱਚ ਲੁਕ ਗਿਆ। ਪ੍ਰਭਾ ਕੁਝ ਕਹਿੰਦੀ, ਇਸ ਤੋਂ ਪਹਿਲਾਂ ਹੀ ਕੁਸੁਮ ਅੰਦਰ ਆ ਗਈ ਅਤੇ ਮੈਨੂੰ ਦੇਖ ਲਿਆ। ਕਹਿਣ ਲੱਗੀ-“ਇਹ ਕੀ? ਖੂੰਜੇ ਵਿੱਚ ਕਿਉਂ ਖੜ੍ਹਾ ਹੈਂ? ਲੁਕ ਰਿਹਾ ਸੀ, ਹੈ ਨਾ? ਇਹ ਚਾਲਤੇ ਦੀ ਚਟਨੀ ਨਾਲ ਕਿਸ ਨੇ ਭਾਤ ਰਲਾਇਆ ਹੈ? ਹੈਂ?”

 ਪ੍ਰਭਾ ਵੱਲ ਹੈਰਾਨੀ ਨਾਲ ਦੇਖ ਕੇ ਕਹਿਣ ਲੱਗੀ-“ਅੱਛਾ ਪ੍ਰਭਾਦੀ, ਉਹ ਤਾਂ ਨਿਆਣਾ ਹੈ, ਸੁਦਾਈ ਹੈ! ਪਰ ਕੀ ਤੇਰੀ ਵੀ ਮੱਤ ਮਾਰੀ ਗਈ ਹੈ? ਤੂੰ ਇਸ ਨੂੰ ਭਾਤ ਖਾਣ ਲਈ ਕਿਉਂ ਦਿੱਤਾ?”

 ਪ੍ਰਭਾ ਝਿਜਕ ਕੇ ਕਹਿਣ ਲੱਗੀ-“ਇਹ ਵਾਰ-ਵਾਰ ਚਾਲਤਾ, ਚਾਲਤਾ ਕਰ ਰਿਹਾ ਸੀ, ਇਸ ਲਈ ਸੋਚਿਆ ਚਟਨੀ ਨਾਲ ਥੋੜ੍ਹਾ ਜਿਹਾ ਭਾਤ…”

 “ਨਹੀਂ, ਛੀ! ਮੇਰੇ ਨਾਲ ਚੱਲ ਖੋਕਾ। ਇਸ ਜਨਮ ਦੀ ਇਹੀ ਸਜ਼ਾ ਸਾਡੇ ਲਈ ਕਾਫ਼ੀ ਹੈ, ਹੁਣ ਬਾਮੁਨ ਮੁੰਡੇ ਨੂੰ ਭਾਤ ਖਵਾ ਕੇ ਇਸ ਨੂੰ ਹੋਰ ਵਧਾਈਏ? ਚੱਲ, ਹੱਥ ਜੂਠੇ ਹਨ? ਖਾਧਾ ਹੈ, ਹੈ ਨਾ?”

 ਮੈਂ ਸ਼ਰਮਿੰਦਾ ਜਿਹੇ ਲਹਿਜ਼ੇ ਵਿੱਚ ਕਿਹਾ-“ਨਹੀਂ।”

 “ਚੱਲ, ਹੱਥ ਧੁਆ ਦਿੰਦੀ ਹਾਂ।”

 ਕੁਸੁਮ ਮੇਰਾ ਹੱਥ ਫੜ ਕੇ ਬਾਹਰ ਲੈ ਜਾਣ ਲੱਗੀ ਤਾਂ ਪ੍ਰਭਾ ਨੇ ਕਿਹਾ-“ਹਾਏ, ਮੂੰਹ ਵਿੱਚ ਪਾਇਆ ਭਾਤ ਤਾਂ ਖਾ ਲੈਣ ਦਿੰਦੀ! ਅਜੇ ਮੂੰਹ ‘ਚ ਪਾਇਆ ਹੀ ਸੀ…”

  “ਨਹੀਂ, ਹੁਣ ਹੋਰ ਨਹੀਂ ਖਾਣਾ। ਚੱਲ।”

 ਮਾਂ ਦੀ ਡਾਂਟ ਨਾਲੋਂ ਵੀ ਕੁਸੁਮ ਦੀ ਡਾਂਟ ਮੈਨੂੰ ਵੱਧ ਲੱਗੀ। ਮੂੰਹ ਵਿੱਚ ਪਾਇਆ ਭਾਤ ਸੁੱਟ ਕੇ ਮੈਨੂੰ ਜਾਣਾ ਪਿਆ। ਵਿਹੜੇ ਦੇ ਇੱਕ ਪਾਸੇ ਲੈ ਜਾ ਕੇ ਮੇਰੇ ਹੱਥ ਧੁਆਉਂਦੀ ਹੋਈ ਕਹਿਣ ਲੱਗੀ-“ਤੂੰ ਐਨਾ ਖਾਣ ਦਾ ਭੁੱਖਾ ਕਿਉਂ ਹੈ ਖੋਕਾ? ਉਨ੍ਹਾਂ ਦੇ ਘਰ ਭਾਤ ਨਹੀਂ ਖਾਣਾ, ਇਹ ਗੱਲ ਯਾਦ ਨਹੀਂ? ਛੀ.. ਛੀ! ਹੁਣ ਸ਼ਾਮ ਨੂੰ ਕਚੌਰੀ ਦੇਵਾਂਗੀ ਖਾਣ ਲਈ। ਤੇ ਕਦੇ ਵੀ ਐਦਾਂ ਕੁਝ ਨਾ ਖਾਈਂ। ਫਿਰ ਕਿਹਾ, ਇਹ ਤਾਂ ਨਿਆਣਾ ਹੈ-ਤੂੰ ਤਾਂ ਸਭ ਜਾਣਦੀ ਏਂ, ਤੂੰ ਕੀ ਸੋਚ ਕੇ ਬਾਮੁਨ ਮੁੰਡੇ ਦੀ ਥਾਲੀ ਵਿੱਚ… ਛੀ ਛੀ, ਲਾਲਚ ਦੀ ਵੀ ਹੱਦ ਹੂੰਦੀ ਹੈ!”

 ਇਹ ਗੱਲ ਵੱਖਰੀ ਹੈ ਕਿ ਪ੍ਰਭਾ ਨੇ ਇਹ ਸਾਰੀਆਂ ਗੱਲਾਂ ਨਹੀਂ ਸੁਣੀਆਂ ਸਨ, ਕਿਉਂਕਿ ਉਹ ਉੱਧਰ ਨਹੀਂ ਸੀ।

 ਮੈਂ ਕਿਹਾ-“ਮਾਂ ਨੂੰ ਨਾ ਦੱਸੀਂ!”

 “ਹਾਂ, ਮੈਂ ਤੇਰੀ ਮਾਂ ਨੂੰ ਹੀ ਤਾਂ ਦੱਸਣ ਜਾਵਾਂਗੀ! ਮੈਨੂੰ ਹੋਰ ਕੋਈ ਕੰਮ-ਕਾਰ ਤਾਂ ਹੈ ਨਹੀਂ?”

 “ਦੱਸ ਦਿੱਤਾ ਤਾਂ ਮਾਂ ਮੈਨੂੰ ਕੁੱਟੇਗੀ।”

 “ਕੁੱਟ ਪੈਣੀ ਹੀ ਚੰਗੀ ਹੈ ਤੇਰੇ ਲਈ। ਫਿਰ ਤੇਰਾ ਖਾਣ ਦਾ ਲਾਲਚ ਕੁਝ ਕਾਬੂ ਵਿੱਚ ਆ ਜਾਵੇਗਾ।”

 ਘਰ ਵਾਪਸ ਆਉਂਦੇ ਹੀ ਮਾਂ ਨੇ ਪੁੱਛਿਆ-“ਕਿੱਥੇ ਸੀ?”

 “ਉਸੇ ਮੋੜ ’ਤੇ।”

 “ਹੋਰ ਕਿਤੇ ਤਾਂ ਨਹੀਂ ਗਿਆ ਸੀ?”

 “ਨਹੀਂ।”

 ਪਰ ਇੱਕ ਦਿਨ ਮੈਂ ਫੜਿਆ ਗਿਆ। ਉਸ ਦਿਨ ਗਲਤੀ ਕੁਸੁਮ ਦੀ ਹੀ ਸੀ। ਉਸ ਨੇ ਮੈਨੂੰ ਕਿਹਾ-“ਚੱਲ ਖੋਕਾ, ਘੁੰਮਣ ਚੱਲੀਏ। ਚੱਲੇਂਗਾ?”

 ਸ਼ਾਮ ਦਾ ਵੇਲਾ ਸੀ। ਧੁੱਪ ਵੀ ਬਹੁਤ ਤੇਜ਼ ਨਹੀਂ ਸੀ। ਟ੍ਰਾਮ ਦੀਆਂ ਪਟੜੀਆਂ ਦੇ ਪਾਰ ਜਾਂਦਿਆਂ ਮੈਂ ਡਰਦਿਆਂ ਕਿਹਾ-“ਮਾਂ ਮੈਨੂੰ ਵੱਡੀ ਸੜਕ ਪਾਰ ਕਰਨ ਨਹੀਂ ਦਿੰਦੀ। ਮਨ੍ਹਾ ਕੀਤਾ ਹੈ।”

 “ਚੱਲ, ਮੈਂ ਨਾਲ ਹਾਂ, ਡਰ ਨਾ।”

 ਵੱਡੀ ਸੜਕ ਪਾਰ ਕਰਕੇ ਕੁਝ ਦੂਰ ਇੱਕ ਬਸਤੀ ਵਿੱਚ ਅਸੀਂ ਦਾਖ਼ਲ ਹੋ ਗਏ। ਇੱਕ ਤੰਗ ਗਲੀ ਦੇ ਦੋਵੇਂ ਪਾਸੇ ਘਰ ਸਨ। ਜਿਸ ਘਰ ਵਿੱਚ ਅਸੀਂ ਗਏ, ਉੱਥੇ ਵੀ ਸਾਰੀਆਂ ਔਰਤਾਂ ਹੀ ਸਨ, ਕੋਈ ਮਰਦ ਨਹੀਂ ਸੀ। ਇੱਕ ਔਰਤ ਨੇ ਕਿਹਾ-“ਆਹ ਲੈ ਕੁਸਮੀ, ਕਿੰਨੇ ਚਿਰਾਂ ਬਾਅਦ ਆਈ! ਹਾਏ ਰੱਬਾ, ਕੀ ਸਾਡੇ ਨਾਗਰ(ਰਸਿਕ) ਨਹੀਂ ਹੈਗੇ? ਇਸ ਕਰਕੇ ਕੀ ਐਦਾਂ ਭੁੱਲ ਕੇ ਰਹਿਣਾ ਚਾਹੀਦਾ ਹੈ, ਭੈਣੇ?”

 ਮੇਰੇ ਵੱਲ ਦੇਖ ਕੇ ਕਹਿਣ ਲੱਗੀ-“ਇਹ ਮੁੰਡਾ ਕੌਣ ਹੈ? ਕਿੰਨਾ ਸੋਹਣਾ ਲੱਗਦਾ ਹੈ!”

 “ਬਾਮੁਨਾ ਦਾ ਮੁੰਡਾ ਹੈ। ਸਾਡੀ ਗਲੀ ਵਿੱਚ ਰਹਿੰਦਾ ਹੈ। ਮੇਰੇ ਨਾਲ ਬੜਾ ਲਾਡ ਕਰਦਾ ਹੈ।”

 “ਵਾਹ! ਬੈਠ ਖੋਕਾ, ਬੈਠ।”

 “ਇਸ ਮੁੰਡੇ ਨੂੰ ਤਾਂ ਬਸ ਖਾਣ ਦੀ ਹੀ ਪਈ ਰਹਿੰਦੀ ਹੈ। ਖਾਣ ਲਈ ਕੁਝ ਦੇ ਦਿਓ ਤਾਂ ਬਹੁਤ ਖੁਸ਼ ਹੁੰਦਾ ਹੈ।”

 “ਅੱਛਾ? ਫਿਰ ਕੀ ਖਵਾਈਏ? ਘਰ ਵਿੱਚ ਬੇਰ ਦਾ ਅਚਾਰ ਹੈ, ਦੇਵਾਂ?”

 ਮੈਂ ਝੱਟ ਬਿਨਾਂ ਕੁਝ ਸੋਚੇ ਕਹਿ ਦਿੱਤਾ-“ਮੈਨੂੰ ਬੇਰ ਦਾ ਅਚਾਰ ਬਹੁਤ ਪਸੰਦ ਹੈ।”

 ਕੁਸੁਮ ਨੇ ਝਿੜਕਦਿਆਂ ਕਿਹਾ-“ਤੈਨੂੰ ਕੀ ਪਸੰਦ ਨਹੀਂ? ਖਾਣ ਵਾਲੀ ਚੀਜ਼ ਹੋਵੇ, ਬਸ! ਨਹੀਂ ਭੈਣ, ਇਸ ਨੂੰ ਜ਼ੁਕਾਮ ਹੋਇਆ ਹੋਇਆ ਹੈ। ਇਹ ਨਹੀਂ ਖਾਏਗਾ - ਰਹਿਣ ਦੇ।”

 ਮੇਰਾ ਮਨ ਬਹੁਤ ਦੁਖੀ ਹੋ ਗਿਆ। ਕੁਸੁਮ ਨੇ ਮੈਨੂੰ ਕੁਲਚੂਰ ਵੀ ਨਹੀਂ ਖਾਣ ਦਿੱਤਾ। ਮੈਨੂੰ ਜ਼ੁਕਾਮ ਕਦੋਂ ਹੋ ਗਿਆ? ਮੈਨੂੰ ਤਾਂ ਕੁਲਚੂਰ ਕਿੰਨਾ ਪਸੰਦ ਹੈ।

 ਕੁਝ ਦੇਰ ਉਸ ਕਮਰੇ ਵਿੱਚ ਬੈਠਣ ਤੋਂ ਬਾਅਦ ਅਸੀਂ ਇੱਕ ਹੋਰ ਕਮਰੇ ਵਿੱਚ ਗਏ। ਉੱਥੇ ਵੀ ਉਨ੍ਹਾਂ ਨੇ ਮੈਨੂੰ ਦੇਖ ਕੇ ਕਈ ਗੱਲਾਂ ਪੁੱਛੀਆਂ। ਘਰ ਦਾ ਬਣਿਆ ਹਲਵਾ ਖਾਣ ਲਈ ਇੱਕ ਪਲੇਟ ਵਿੱਚ ਪਾਕੇ ਦਿੱਤਾ। ਉਹ ਵੀ ਕੁਸੁਮ ਨੇ ਮੈਨੂੰ ਖਾਣ ਨਹੀਂ ਦਿੱਤੀ। ਕਹਿੰਦੀ, ਇਹਦਾ ਢਿੱਡ ਖ਼ਰਾਬ ਹੈ।

 ਸ਼ਾਮ ਹੋਣ ਤੋਂ ਕੁਝ ਪਹਿਲਾਂ ਕੁਸੁਮ ਮੈਨੂੰ ਵੱਡੀ ਸੜਕ ਦੀ ਟ੍ਰਾਮ ਲਾਈਨ ਪਾਰ ਕਰਵਾ ਕੇ ਇਸ ਪਾਸੇ ਲੈ ਆਈ। ਇੱਕ ਟ੍ਰਾਮ ਆ ਰਹੀ ਸੀ। ਮੈਂ ਕਿਹਾ-“ਕੁਸੁਮ, ਰੁਕ - ਟ੍ਰਾਮ ਦੇਖਾਂਗਾ।”

 “ਸ਼ਾਮ ਹੋ ਗਈ ਹੈ। ਤੇਰੀ ਮਾਂ ਗੁੱਸੇ ਹੋਵੇਗੀ।”

 “ਹੋਈ ਜਾਵੇ।”

 “ਹਾਏ! ਮੁੰਡਾ ਕਿੰਨਾ ਸਮਝਦਾਰ ਹੈ!”

 “ਅੱਛਾ ਕੁਸੁਮ, ਤੂੰ ਉਹ ਗੱਲ ਕਿਉਂ ਕਹੀ ਸੀ? ਮੈਨੂੰ ਕੁਲਚੂਰ ਖਾਣ ਨਹੀਂ ਦਿੱਤਾ। ਉਹ ਤਾਂ ਦੇ ਰਹੇ ਸਨ।”

 “ਤੂੰ ਨਿਆਣਾ ਹੈਂ, ਕਿੰਨੀ ਸਮਝ ਹੈਂ? ਉਸ ਮੁਹੱਲੇ ਵਿੱਚ ਕਿਸ ਦੇ ਅੰਦਰ ਕਿਹੜੀ ਮਾੜੀ ਬਿਮਾਰੀ ਹੈ, ਕੀ ਪਤਾ! ਕੀ ਮੈਂ ਤੈਨੂੰ ਕਿਸੇ ਦੇ ਵੀ ਹੱਥੋਂ ਖਾਣ ਦਿਆਂ? ਕਿਸੇ ਦੇ ਵੀ ਘਰ ਦੀ ਚੀਜ਼ ਮੂੰਹ ਵਿੱਚ ਪਾ ਲਈ ਤੇ ਬੱਸ! ਤੈਨੂੰ ਕੀ ਪਤਾ ਕਿ ਕਿਸ ਨੂੰ ਕੀ ਰੋਗ ਹੈ?”

 “ਅੱਛਾ ਕੁਸੁਮ, ‘ਨਾਗਰ’ ਦਾ ਕੀ ਮਤਲਬ ਹੁੰਦਾ ਹੈ?”

 “ਕੁਝ ਨਹੀਂ। ਇਹ ਗੱਲ ਕਿੱਥੋਂ ਸੁਣੀ?”

 “ਉਹ ਜੋ ਤੇਰੇ ਬਾਰੇ ਕਹਿ ਰਹੀਆਂ ਸਨ?”

 “ਕਹਿਣ ਦੇ। ਉਨ੍ਹਾਂ ਗੱਲਾਂ ਨਾਲ ਤੂੰ ਕੀ ਲੈਣਾ-ਦੇਣਾ? ਪਾਜੀ ਕਿਸੇ ਥਾਂਹ ਦਾ!”

 ਕੁਸੁਮ ਮੈਨੂੰ ਘਰ ਵੱਲ ਤੋਰ ਕੇ ਲਿਜਾਣ ਤੋਂ ਪਹਿਲਾਂ ਕਹਿਣ ਲੱਗੀ-“ਚੱਲ, ਹੁਣ ਤੱਕ ਕਚੌਰੀਆਂ ਵੀ ਆ ਗਈਆਂ ਹੋਣੀਆਂ। ਚੱਲ ਤੈਨੂੰ ਦੇ ਦਿਆਂ।”

 “ਦਿਓ। ਮੈਨੂੰ ਭੁੱਖ ਲੱਗੀ ਹੈ।”

 “ਕਦੋਂ ਤੇਰੇ ਢਿੱਡ ਨੂੰ ਭੁੱਖ ਨਹੀਂ ਲੱਗੀ ਹੁੰਦੀ, ਦੱਸ ਤਾਂ? ਜੇ ਤੇਰੀ ਮਾਂ ਮੈਨੂੰ ਸਾਹਮਣੇ ਮਿਲ ਪਏ ਤਾਂ ਪੁੱਛਾਂ ਕਿ ਮੁੰਡੇ ਨੂੰ ਐਨਾ ਖਾਣ ਦਾ ਲਾਲਚ ਕਿਉਂ ਹੈ?”

  “ਲਾਲਚ ਹੈ ਤਾਂ ਹੈ ਬਸ? ਕਚੌਰੀ ਦੇਵੇਂਗੀ ਕਿ ਨਹੀਂ?”

 “ਚੱਲ।”

 “ਗਜਾ ਲਿਆਂਦੀ ਹੈ?”

 “ਉਹ ਤਾਂ ਮੈਨੂੰ ਨਹੀਂ ਪਤਾ।”

 “ਗਜਾ ਕੱਲ੍ਹ ਦੇਵੇਂਗੀ?”

 “ਗਲੀ ਦਾ ਰਸਤਾ ਕਿੰਨਾ ਗੰਦਾ ਹੈ! ਹਾਏ ਰੱਬਾ!”

 “ਗਜਾ ਦੇਵੇਂਗੀ ਨਾ?”

 “ਹਾਂ, ਹਾਂ। ਹੁਣ ਕਚੌਰੀ ਲੈ ਕੇ ਤਾਂ ਮੇਰਾ ਖਹਿੜਾ ਛੱਡ!”

 ਉਸ ਰਾਤ ਕੁਸੁਮ ਮੈਨੂੰ ਸਾਡੇ ਨਲਕੇ ਤੱਕ ਛੱਡ ਕੇ ਚਲੀ ਗਈ।

 ਮੈਂ ਮਾਂ ਨੂੰ ਸੱਚੀ ਗੱਲ ਦੱਸ ਦਿੱਤੀ। ਮੈਂ ਕੁਸੁਮ ਦੇ ਘਰ ਗਿਆ ਸੀ ਅਤੇ ਕੁਸੁਮ ਨੇ ਮੈਨੂੰ ਕਚੌਰੀ ਖਾਣ ਲਈ ਦਿੱਤੀ ਸੀ। ਮਾਂ ਨੇ ਮੈਨੂੰ ਬਹੁਤ ਡਾਂਟਿਆ। ਕਹਿਣ ਲੱਗੀ ਕਿ ਕੱਲ੍ਹ ਤੋਂ ਮੈਨੂੰ ਬੰਨ੍ਹ ਕੇ ਰੱਖੇਗੀ। ਰਾਤ ਨੂੰ ਪਿਤਾ ਜੀ ਨੂੰ ਵੀ ਇਹ ਗੱਲ ਦੱਸ ਦਿੱਤੀ, ਪਰ ਪਿਤਾ ਜੀ ਨੇ ਇਸ ਗੱਲ ਵੱਲ ਬਹੁਤਾ ਧਿਆਨ ਦਿੱਤਾ ਹੋਵੇ, ਅਜਿਹਾ ਨਹੀਂ ਲੱਗਿਆ।

 ਅਗਲੇ ਦਿਨ ਸਵੇਰੇ ਮੈਨੂੰ ਬੁਖ਼ਾਰ ਹੋ ਗਿਆ। ਚਾਰ-ਪੰਜ ਦਿਨ ਮੈਂ ਬਿਲਕੁਲ ਮੰਜੇ ਉੱਤੇ ਪਿਆ ਰਿਹਾ। ਇੱਕ ਬੁੱਢਾ ਡਾਕਟਰ ਆਇਆ, ਮੈਨੂੰ ਦੇਖ-ਭਾਲ ਕੇ ਦਵਾਈ ਦੇ ਗਿਆ।

 ਖਿੜਕੀ ਦੇ ਬਿਲਕੁਲ ਕੋਲ ਸਾਡਾ ਤਖ਼ਤਪੋਸ਼ ਡਾਹਿਆ ਹੋਇਆ ਸੀ। ਇੱਕ ਦਿਨ ਸ਼ਾਮ ਨੂੰ ਮੈਂ ਦੇਖਿਆ ਕਿ ਸੜਕ ਉੱਤੇ ਕੁਸੁਮ ਖੜ੍ਹੀ ਸਾਡੇ ਕਮਰੇ ਦੇ ਸਾਹਮਣੇ ਵਾਲੇ ਮਕਾਨ ਵੱਲ ਤੱਕ ਰਹੀ ਸੀ। ਉਸ ਦੇ ਨਾਲ ਮੱਖਣ ਵੀ ਸੀ। ਮੱਖਣ ਅੱਗੇ ਵਧ ਕੇ ਦੋ ਹੋਰ ਘਰਾਂ ਤੋਂ ਬਾਅਦ ਇੱਕ ਘਰ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹੀ ਹੋ ਗਈ।

 ਮੈਂ ਅਵਾਜ਼ ਮਾਰੀ-“ਓ ਕੁਸੁਮ!”

 ਕੁਸੁਮ ਨੇ ਪਿੱਛੇ ਮੁੜ ਕੇ ਮੈਨੂੰ ਦੇਖ ਲਿਆ। ਮੱਖਣ ਨੂੰ ਬੁਲਾ ਕੇ ਕਹਿਣ ਲੱਗੀ-“ਦੀਦੀ, ਇਹ ਘਰ - ਇਹੀ ਹੈ…”

 ਮਾਂ ਨਲਕੇ ਕੋਲ ਸੀ। ਕੁਸੁਮ ਤੇ ਮੱਖਣ ਆ ਕੇ ਖਿੜਕੀ ਕੋਲ ਖੜ੍ਹੀਆਂ ਹੋ ਗਈਆਂ।

 ਕੁਸੁਮ ਨੇ ਕਿਹਾ-“ਤੈਨੂੰ ਕੀ ਹੋਇਆ ਹੈ? ਆਉਂਦਾ ਕਿਉਂ ਨਹੀਂ?”

ਮੱਖਣ ਨੇ ਕਿਹਾ-“ਕੁਸੁਮੀ ਸੋਚ-ਸੋਚ ਕੇ ਮਰੀ ਜਾ ਰਹੀ ਸੀ। ਕਹਿੰਦੀ ਸੀ, ਬਾਮੁਨ ਮੁੰਡੇ ਨੂੰ ਕੀ ਹੋ ਗਿਆ? ਇਸ ਲਈ ਮੈਂ ਕਿਹਾ, ਚੱਲ, ਜਾ ਕੇ ਦੇਖ ਆਈਏ।”

 ਮੈਂ ਕਿਹਾ “ਮੈਨੂੰ ਅੱਜ ਪੰਜ ਦਿਨਾਂ ਤੋਂ ਬੁਖ਼ਾਰ ਹੈ।”

 ਕੁਸੁਮ ਨੇ ਪੁੱਛਿਆ-“ਤੇਰੀ ਮਾਂ ਕਿੱਥੇ ਹੈ?”

 “ਕੁਸੁਮ, ਤੂੰ ਚਲੀ ਜਾ। ਮਾਂ ਨੇ ਦੇਖ ਲਿਆ ਤਾਂ ਮੈਨੂੰ ਫਿਰ ਤੁਹਾਡੇ ਘਰ ਨਹੀਂ ਜਾਣ ਦੇਵੇਗੀ। ਮੈਂ ਠੀਕ ਹੁੰਦੇ ਹੀ ਆਵਾਂਗਾ। ਤੁਸੀਂ ਜਾਓ।”

 ਉਹ ਚਲੀਆਂ ਗਈਆਂ। ਪਰ ਅਗਲੇ ਦਿਨ ਸ਼ਾਮ ਨੂੰ ਫਿਰ ਕੁਸੁਮ ਸੜਕ ਉੱਤੇ ਆ ਕੇ ਖੜ੍ਹੀ ਹੋ ਗਈ। ਹੌਲੀ ਆਵਾਜ਼ ਵਿੱਚ ਕਹਿਣ ਲੱਗੀ-“ਆਵਾਂ?”

 ਮਾਂ ਘਰ ਵਿੱਚ ਨਹੀਂ ਸੀ। ਮੈਨੂੰ ਪਤਾ ਸੀ ਕਿ ਉਹ ਬੱਦੀਨਾਥ ਦੇ ਘਰੋਂ ਦਾਲ ਮਿਣਵਾ ਕੇ ਲੈਣ ਗਈ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਗਈ ਸੀ। ਜਾਂਦਿਆਂ ਮੈਨੂੰ ਕਹਿ ਗਈ ਸੀ-“ਛੋਟੇ ਕਾਕੇ ਦੇ ਦੁੱਧ ਦਾ ਧਿਆਨ ਰੱਖੀਂ, ਕਿਤੇ ਬਿੱਲੀ ਨਾ ਪੀ ਜਾਵੇ। ਮੈਂ ਬੱਦੀਨਾਥ ਦੇ ਘਰੋਂ ਦਾਲ ਲੈ ਕੇ ਆਉਂਦੀ ਹਾਂ।”

 ਮੈਂ ਹੱਥ ਨਾਲ ਇਸ਼ਾਰਾ ਕਰਕੇ ਕਿਹਾ-“ਆ ਜਾ।”

 ਉਹ ਖਿੜਕੀ ਦੇ ਬਾਹਰ ਖੜ੍ਹੀ ਹੋ ਕੇ ਪੁੱਛਣ ਲੱਗੀ-“ਕਿਵੇਂ ਹੈਂ?”

 ਠੀਕ ਹਾਂ। ਕੱਲ੍ਹ ਭਾਤ ਖਾਵਾਂਗਾ।”

 “ਮੈਂ ਦੋ ਸੰਤਰੇ ਲਿਆਈ ਹਾਂ। ਦੇਵਾਂ?”

 “ਜਲਦੀ ਦੇ!” 

 “ਖਾ ਲਵੀਂ।”

 “ਅੱਛਾ।”

 “ਤਬੀਅਤ ਠੀਕ ਹੋ ਜਾਵੇ ਤਾਂ ਆਈਂ।”

 “ਆਵਾਂਗਾ।”

 “ਕੱਲ੍ਹ ਭਾਤ ਖਾਵੇਂਗਾ?”

 “ਪਿਤਾ ਜੀ ਨੇ ਕਿਹਾ ਹੈ, ਕੱਲ੍ਹ ਤੋਂ ਭਾਤ ਖਾ ਸਕੇਂਗਾ।”

 “ਕੱਲ੍ਹ ਫਿਰ ਆਵਾਂਗੀ, ਠੀਕ ਹੈ?”

 “ਆਈਂ। ਪਰ ਜਦੋਂ ਤੱਕ ਮੈਂ ਨਾ ਕਹਾਂ, ਖਿੜਕੀ ਕੋਲ ਨਾ ਆਈਂ।”

 “ਇੰਝ ਹੀ ਕਰਾਂਗੀ। ਮੈਂ ਸੜਕ ਉੱਤੇ ਚੁੱਪ ਕਰਕੇ ਖੜ੍ਹੀ ਰਹਾਂਗੀ। ਸੀਟੀ ਮਾਰ ਸਕਦਾ ਹੈਂ?”

 “ਉਂਹੂੰ।”

 “ਮੈਂ ਹੱਥ ਨਾਲ ਇਸ਼ਾਰਾ ਕਰਾਂ ਤਾਂ ਆਈਂ।”

 ਅਗਲੇ ਦੋ ਦਿਨ ਕੁਸੁਮ ਠੀਕ ਸ਼ਾਮ ਵੇਲੇ ਆਈ। ਇੱਕ ਦਿਨ ਪ੍ਰਭਾ ਮੈਨੂੰ ਦੇਖਣਾ ਚਾਹੁੰਦੀ ਸੀ, ਇਸ ਲਈ ਉਹ ਉਸ ਨੂੰ ਵੀ ਨਾਲ ਲੈ ਆਈ। ਪ੍ਰਭਾ ਵੀ ਮੇਰੇ ਲਈ ਦੋ ਸੰਤਰੇ ਲਿਆਈ ਸੀ, ਝੂਠ ਨਹੀਂ ਬੋਲਾਂਗਾ। ਮੈਂ ਉਨ੍ਹਾਂ ਨੂੰ ਸਿਰਹਾਣੇ ਹੇਠ ਲੁਕਾ ਕੇ ਰੱਖਦਾ ਅਤੇ ਜਦੋਂ ਮਾਂ ਘਰ ਵਿੱਚ ਨਾ ਹੁੰਦੀ ਤਾਂ ਖਾ ਕੇ ਉਨ੍ਹਾਂ ਦੇ ਛਿੱਲੜ ਸੜਕ ਉੱਤੇ ਸੁੱਟ ਦਿੰਦਾ।

 ਬਿਮਾਰੀ ਤੋਂ ਠੀਕ ਹੋ ਕੇ ਮੈਂ ਦੋ ਦਿਨ ਕੁਸੁਮ ਦੇ ਘਰ ਗਿਆ।

 ਇਸ ਤੋਂ ਬਾਅਦ ਇੱਕ ਘਟਨਾ ਵਾਪਰੀ। ਉਸ ਦੇ ਕਾਰਨ ਕਲਕੱਤੇ ਵਾਲਾ ਸਾਡਾ ਘਰ ਛੁੱਟ ਗਿਆ ਅਤੇ ਅਸੀਂ ਫਿਰ ਆਪਣੇ ਪਿੰਡ ਵਾਲੇ ਘਰ ਆ ਗਏ। ਇੱਕ ਦਿਨ ਮਾਂ ਸੋਡਾ-ਵਾਟਰ ਦੀ ਬੋਤਲ ਖੋਲ੍ਹਣ ਲੱਗੀ ਤਾਂ ਉਸ ਦੇ ਹੱਥ ਵਿੱਚ ਕੱਚ ਚੁੱਭ ਗਿਆ। ਬਹੁਤ ਖ਼ੂਨ ਵਗਣ ਲੱਗ ਪਿਆ। ਹੱਥ ਦੀ ਕਲਾਈ ਤੋਂ ਫੁਹਾਰੇ ਵਾਂਗ ਖ਼ੂਨ ਨਿਕਲਣ ਲੱਗਾ। ਬਾੜੀ ਦੇ ਸਾਰੇ ਲੋਕ ਆਪੋ-ਆਪਣੇ ਕਮਰਿਆਂ ਵਿੱਚੋਂ ਦੌੜ ਕੇ ਆ ਗਏ। ਕੋਨੇ ਵਾਲੇ ਕਮਰੇ ਦੇ ਬਿਪਿਨ ਬਾਬੂ ਨੇ ਆ ਕੇ ਮਾਂ ਦੇ ਹੱਥ ਉੱਤੇ ਕੋਈ ਦਵਾਈ ਲਾ ਕੇ ਪੱਟੀ ਬੰਨ੍ਹ ਦਿੱਤੀ।

 ਪਰ ਮਾਂ ਦਾ ਹੱਥ ਠੀਕ ਨਾ ਹੋਇਆ। ਹੌਲੀ-ਹੌਲੀ ਹੱਥ ਦੀ ਹਾਲਤ ਬਹੁਤ ਖ਼ਰਾਬ ਹੋ ਗਈ। ਮਾਂ ਹੁਣ ਖਾਣਾ ਨਹੀਂ ਬਣਾ ਸਕਦੀ ਸੀ, ਰਾਤ ਨੂੰ ਦਰਦ ਨਾਲ ਰੋਂਦੀ ਸੀ। ਡਾਕਟਰ ਆ ਕੇ ਦੇਖਣ ਲੱਗ ਪਿਆ। ਮੇਰੇ ਨਾਨਕੇ ਘਰ ਦੀ ਹਾਲਤ ਚੰਗੀ ਸੀ। ਚਿੱਠੀ ਮਿਲਣ ’ਤੇ ਮਂਝਲੇ ਮਾਮਾ ਜੀ ਆਏ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਘਰ ਲੈ ਗਏ।

 ਹਾੜ੍ਹ ਮਹੀਨੇ ਦਾ ਅਖੀਰ ਸੀ। ਇੱਕ-ਦੋ ਤਾੜ ਪੱਕਣੇ ਸ਼ੁਰੂ ਹੋ ਗਏ ਸਨ। ਨਾਨਕੇ ਪਿੰਡ ਵਿੱਚ ਖੇਤ ਦੇ ਕੰਢੇ ਇੱਕ ਬਹੁਤ ਵੱਡਾ ਤਲਾਬ ਸੀ, ਉਸ ਦੇ ਕੰਢੇ ਬਹੁਤ ਸਾਰੇ ਤਾੜ ਦੇ ਦਰੱਖ਼ਤ ਸਨ। ਮੈਨੂੰ ਯਾਦ ਹੈ, ਉੱਥੇ ਘੁੰਮਣ ਗਿਆ ਤਾਂ ਪਹਿਲੇ ਹੀ ਦਿਨ ਮੈਨੂੰ ਇੱਕ ਪੱਕਿਆ ਹੋਇਆ ਤਾੜ ਡਿੱਗਿਆ ਹੋਇਆ ਮਿਲਿਆ ਸੀ।

 ਨਾਨਕੇ ਘਰ ਆ ਕੇ ਮਾਂ ਦਾ ਹੱਥ ਠੀਕ ਹੋ ਗਿਆ। ਭਾਦੋਂ ਮਹੀਨੇ ਦੇ ਅਖੀਰ ਵਿੱਚ ਅਸੀਂ ਆਪਣੇ ਪਿੰਡ ਵਾਲੇ ਘਰ ਆ ਗਏ। ਫਿਰ ਕਲਕੱਤੇ ਜਾਣਾ ਨਹੀਂ ਹੋਇਆ। ਪਿਤਾ ਜੀ ਵੀ ਉੱਥੋਂ ਘਰ ਛੱਡ ਕੇ ਪਿੰਡ ਆ ਗਏ।

 ਇਸ ਤੋਂ ਤੀਹ ਸਾਲ ਬਾਅਦ ਦੀ ਗੱਲ ਹੈ।

 ਮੈਂ ਕਲਕੱਤੇ ਵਿੱਚ ਇੱਕ ਮੈਸ ਵਿੱਚ ਰਹਿੰਦਾ ਹਾਂ, ਦਫ਼ਤਰ ਵਿੱਚ ਕਲਰਕੀ ਕਰਦਾ ਹਾਂ, ਅਤੇ ਮੇਰੀ ਪਤਨੀ ਅਤੇ ਬੱਚੇ ਪਿੰਡ ਵਾਲੇ ਘਰ ਵਿੱਚ ਰਹਿੰਦੇ ਹਨ। ਮੇਰਾ ਕਾਲਜ ਦੇ ਜ਼ਮਾਨੇ ਦਾ ਪੁਰਾਣਾ ਦੋਸਤ ਸ਼੍ਰੀਪਤੀ ਅਤੇ ਮੈਂ ਛੁੱਟੀ ਵਾਲੇ ਦਿਨ ਬੈਠੇ ਗੱਲਾਂ ਕਰ ਰਹੇ ਸਾਂ ਕਿ ਸ਼੍ਰੀਪਤੀ ਨੇ ਕਿਹਾ -“ਕੱਲ੍ਹ ਸ਼ਾਮ ਤੋਂ ਬਾਅਦ ਪ੍ਰੇਮਚੰਦ ਬੜਾਲ ਸਟ੍ਰੀਟ ਤੋਂ ਲੰਘਦਿਆਂ ਦੇਖਿਆ - ਦੋਵੇਂ ਪਾਸਿਆਂ ਮੂੰਹ ਉੱਤੇ ਰੰਗ ਲਾਈ - ਹਰੀਬੋਲ!”

  “ਮੈਂ ਵੀ ਦੇਖਿਆ ਹੈ। ਮੈਂ ਵੀ ਉਸੇ ਰਸਤੇ ਆਉਂਦਾ ਹਾਂ। ਪਰ ਮੈਂ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਦੇਖਦਾ ਹਾਂ। ਮੈਂ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਇੱਕ ਸਮੇਂ ਉਨ੍ਹਾਂ ਦੇ ਘਰਾਂ ਵਿੱਚ ਮੇਰਾ ਕਾਫ਼ੀ ਆਉਣਾ-ਜਾਣਾ ਸੀ।” 

 ਮੇਰਾ ਦੋਸਤ ਹੈਰਾਨ ਹੋ ਕੇ ਕਹਿਣ ਲੱਗਾ - “ਤੇਰਾ?”

 “ਹਾਂ ਭਾਈ, ਮੇਰਾ। ਸੱਚ ਕਹਿ ਰਿਹਾ ਹਾਂ।”

 “ਛੱਡ ਯਾਰ, ਯਕੀਨ ਨਹੀਂ ਹੁੰਦਾ।” 

 “ਚੰਗਾ, ਮੇਰੇ ਨਾਲ ਇੱਕ ਥਾਂਹ ਚੱਲ। ਸਬੂਤ ਦੇ ਦਿਆਂਗਾ।”

 ਪੰਦਰਾਂ ਸਾਲ ਪਹਿਲਾਂ ਇੱਕ ਵਾਰ ਨੰਦਰਾਮ ਸੇਨ ਦੀ ਗਲੀ ਲੱਭ ਕੇ ਮੈਂ ਮੱਖਣ ਦੇ ਘਰ ਗਿਆ ਸੀ। ਕੁਸੁਮ, ਪ੍ਰਭਾ ਕੋਈ ਵੀ ਉੱਥੇ ਨਹੀਂ ਸੀ। ਉਸ ਟੋਲੀ ਵਿੱਚੋਂ ਸਿਰਫ਼ ਮੱਖਣ ਹੀ ਉਸ ਵੇਲੇ ਵੀ ਉਸ ਖੋਲਾ-ਬਾੜੀ ਵਿੱਚ ਰਹਿੰਦੀ ਸੀ।

 ਸ਼੍ਰੀਪਤੀ ਨੂੰ ਨਾਲ ਲੈ ਕੇ ਮੈਂ ਨੰਦਰਾਮ ਸੇਨ ਦੀ ਗਲੀ ਵਿੱਚ ਚਲਾ ਗਿਆ। ਮੱਖਣ ਅਜੇ ਵੀ ਉਸੇ ਘਰ ਵਿੱਚ ਰਹਿੰਦੀ ਸੀ। ਸਿਰ ਉੱਤੇ ਸਣ ਵਰਗੇ ਖੁਰਦਰੇ ਵਾਲ, ਚਿਹਰਾ ਕਿਸੇ ਬੁੱਢੀ ਚੜੇਲ ਵਰਗਾ ਹੋ ਗਿਆ ਸੀ। ਮੁੰਹ ਵਿੱਚ ਇੱਕ ਵੀ ਦੰਦ ਨਹੀਂ ਸੀ।

 ਮੈਨੂੰ ਦੇਖਦੇ ਹੀ ਮੱਖਣ ਨੇ ਕਿਹਾ - “ਆਓ, ਆਓ, ਠੀਕ ਹੋ?”

  “ਪਛਾਣਦੀ ਹੈਂ?”

 “ਹਾਏ, ਤੈਨੂੰ ਕਿਵੇਂ ਨਹੀਂ ਪਛਾਣਾਂਗੀ! ਤੂੰ ਤਾਂ ਸਾਡੀਆਂ ਅੱਖਾਂ ਸਾਹਮਣੇ ਪਲਿਆਂ। ਮੈਨੂੰ ਕੁਸੁਮ ਦਾ ਪਤਾ ਮਿਲ ਗਿਆ ਹੈ।” 

“ਕਿੱਥੇ? ਕਿੱਥੇ?”

 “ਸ਼ੋਭਾਬਾਜ਼ਾਰ ਸਟ੍ਰੀਟ ’ਤੇ ਇੱਕ ਮੈਸ ਵਿੱਚ ਸੇਵਿਕਾ ਦਾ ਕੰਮ ਕਰਦੀ ਹੈ। ਅੰਦਰ ਦਾਖ਼ਲ ਹੋ ਕੇ ਖੱਬੇ ਹੱਥ ਵਾਲਾ ਰਸਤਾ। ਮੰਦਰ ਦੇ ਕੋਲ ਟੁੱਟਿਆ ਹੋਇਆ ਦੋ - ਮੰਜ਼ਿਲਾ ਮਕਾਨ। ਉਸ ਦਿਨ ਉਹ ਮੈਨੂੰ ਮੰਦਰ ਵਿੱਚ ਨੀਲ ਦੀ ਪੂਜਾ ਕਰਨ ਲਈ ਲੈ ਗਈ ਸੀ। ਇਸੇ ਲਈ ਉਸ ਨੇ ਮੈਨੂੰ ਦਿਖਾਇਆ ਸੀ।”

 ਸ਼੍ਰੀਪਤੀ ਦੇ ਨਾਲ ਜਾ ਕੇ ਉਹ ਮੈਸ ਲੱਭ ਲਿਆ। ਅਜੇ ਸ਼ਾਮ ਨਹੀਂ ਹੋਈ ਸੀ। ਹੇਠਾਂ ਰਸੋਈ ਵਿੱਚ ਰਸੋਈਏ ਨੂੰ ਪੁੱਛਿਆ-“ਤੁਹਾਡੀ ਸੇਵਿਕਾ ਕਿੱਥੇ ਗਈ?”

 “ਬਜ਼ਾਰ ਗਈ ਹੈ, ਬਾਬੂ। ਹੁਣੇ ਆ ਜਾਵੇਗੀ। ਕਿਉਂ?”

 “ਜ਼ਰੂਰੀ ਕੰਮ ਹੈ। ਉਸ ਦਾ ਨਾਂ ਕੁਸੁਮ ਹੈ ਨਾ?”

 “ਹਾਂ ਬਾਬੂ।”

 ਥੋੜ੍ਹੀ ਦੇਰ ਬਾਅਦ ਇੱਕ ਲੰਮੀ, ਪਤਲੀ, ਸੇਵਿਕਾ ਵਰਗੀ ਔਰਤ ਮੁੱਖ ਦਰਵਾਜ਼ੇ ਰਾਹੀਂ ਅੰਦਰ ਆਈ ਅਤੇ ਰਸੋਈ ਦੇ ਸਾਹਮਣੇ ਆ ਕੇ ਖੜ੍ਹੀ ਹੋ ਗਈ। ਰਸੋਈਏ ਨੇ ਕਿਹਾ - “ਕੁਸੁਮ, ਇਹ ਬਾਬੂ ਲੋਕ ਤੈਨੂੰ ਲੱਭ ਰਹੇ ਹਨ!”

 ਮੈਂ ਉਸ ਸੇਵਿਕਾ ਵੱਲ੍ਹ ਹੈਰਾਨੀ ਨਾਲ ਤੱਕਦਾ ਰਿਹਾ। ਬਚਪਨ ਦੀ ਉਹ ਸੋਹਣੀ ਕੁਸੁਮ ਇਹ ਸੀ! ਮੱਖਣ ਜਿੰਨੀ ਬੁੱਢੀ ਤਾਂ ਨਹੀਂ ਹੋਈ ਸੀ, ਪਰ ਕੁਸੁਮ ਵੀ ਬੁੱਢੀ ਹੋ ਚੁੱਕੀ ਸੀ। ਉਸ ਨੂੰ ਬੁੱਢੀ ਤੋਂ ਇਲਾਵਾ ਹੋਰ ਕੁਝ ਕਿਹਾ ਹੀ ਨਹੀਂ ਜਾ ਸਕਦਾ ਸੀ। ਉਸ ਦਾ ਚਿਹਰਾ ਮੈਨੂੰ ਯਾਦ ਸੀ, ਪਰ ਉਸ ਚਿਹਰੇ ਅਤੇ ਇਸ ਬੁੱਢੀ ਔਰਤ ਦੇ ਚਿਹਰੇ ਵਿੱਚ ਰਤਾ ਭਰ ਵੀ ਮੇਲ ਨਹੀਂ ਸੀ। ਜੇ ਰਸੋਈਏ ਨੇ ਨਾ ਦੱਸਿਆ ਹੁੰਦਾ ਤਾਂ ਇਸ ਨੂੰ ਕੁਸੁਮ ਸਮਝਣ ਦਾ ਕੋਈ ਤਰੀਕਾ ਨਹੀਂ ਸੀ।

 ਕੁਸੁਮ ਨੇ ਵੀ ਮੇਰੇ ਵੱਲ ਹੈਰਾਨੀ ਨਾਲ ਦੇਖ ਕੇ ਕਿਹਾ - “ਤੁਸੀਂ ਮੈਨੂੰ ਲੱਭ ਰਹੇ ਹੋ? ਕਿੱਥੋਂ ਆਏ ਹੋ?”

 “ਮੱਖਣ ਕੋਲੋਂ।”

 ਕਿਹੜੀ ਮੱਖਣ?

 ਨੰਦਰਾਮ ਸੇਨ ਦੀ ਗਲੀ ਵਾਲੀ ਮੱਖਣ, ਜੋ ਉੱਥੇ ਰਹਿੰਦੀ ਸੀ।

 ਅੱਛਾ! ਪਰ ਤੁਸੀਂ ਮੈਨੂੰ ਕਿਉਂ ਲੱਭ ਰਹੇ ਹੋ?

 ਚੱਲੋ, ਉੱਧਰ ਚੱਲੀਏ। ਕੁਝ ਗੱਲ ਕਰਨੀ ਹੈ।

 ਚੱਲੋ, ਖਾਣ ਵਾਲੇ ਕਮਰੇ ਵਿੱਚ ਬੈਠੋਗੇ।

 ਖਾਣ ਵਾਲੇ ਕਮਰੇ ਵਿੱਚ ਜਾ ਕੇ ਮੈਂ ਕਿਹਾ - “ਕੁਸੁਮ, ਮੈਨੂੰ ਪਛਾਣਦੀ ਹੈਂ?”

 “ਨਹੀਂ ਬਾਬੂ।”

 “ਨੰਦਰਾਮ ਸੇਨ ਦੀ ਗਲੀ ਵਿੱਚ ਅਸੀ ਰਹਿੰਦੇ ਸੀ। ਉਦੋਂ ਮੈਂ ਅੱਠ ਸਾਲ ਦਾ ਮੁੰਡਾ ਸੀ। ਮੇਰੇ ਮਾਤਾ-ਪਿਤਾ ਈਸ਼ਵਰ ਨਾਂਈਂ ਦੀ ਬਾੜੀ ਵਿੱਚ ਕਿਰਾਏਦਾਰ ਸਨ। ਯਾਦ ਆਇਆ?”

 ਕੁਸੁਮ ਹੱਸ ਕੇ ਕਹਿਣ ਲੱਗੀ - “ਯਾਦ ਹੈ ਬਾਬੂ। ਤੂੰ ਉਹੀ ਪਾਗਲਾ ਠਾਕੁਰ ਹੈਂ? ਕਿੰਨਾ ਵੱਡਾ ਹੋ ਗਿਆ ਹੈਂ! ਮਾਂ-ਪਿਉ ਹਨ?”

 “ਕੋਈ ਨਹੀਂ!”

 “ਬੱਚੇ ਕਿੰਨੇ ਹਨ?”

 “ਚਾਰ-ਪੰਜ।”

 “ਬੈਠੋ, ਬੈਠੋ ਬੇਟਾ।”

 ਹੋਰ ਕਾਫ਼ੀ ਦੇਰ ਗੱਲਾਂ ਕਰਨ ਤੋਂ ਬਾਅਦ ਕੁਸੁਮ ਸਾਨੂੰ ਬਿਠਾ ਕੇ ਬਾਹਰ ਕਿਤੇ ਚਲੀ ਗਈ। ਥੋੜ੍ਹੀ ਦੇਰ ਬਾਅਦ ਪਤਾ ਨਹੀਂ ਕਿੱਥੋਂ ਸ਼ਾਲ ਦੇ ਪੱਤੇ ਦੇ ਠੋਂਗੇ ਵਿੱਚ ਖਾਣ ਦਾ ਕੁਝ ਸਮਾਨ ਲੈਕੇ ਆਈ ਅਤੇ ਸਾਡੇ ਦੋਵਾਂ ਲਈ ਦੋ ਪਲੇਟਾਂ ਵਿੱਚ ਪਾ ਕੇ ਖਾਣ ਲਈ ਦੇ ਦਿੱਤਾ।

 ਮੈਨੂੰ ਯਾਦ ਵੀ ਨਹੀਂ ਸੀ। ਖਾਣ ਲੱਗਿਆਂ ਯਾਦ ਆ ਗਿਆ। ਵੱਡੀਆਂ-ਵੱਡੀਆਂ ਚਾਰ ਹਿੰਗ ਦੀਆਂ ਕਚੌਰੀਆਂ ਸਨ। ਉਸੇ ਵੇਲੇ ਕੁਸੁਮ ਦੇ ਉਸ ਬਾਬੂ ਦੀ ਯਾਦ ਆ ਗਈ, ਉਨ੍ਹਾਂ ਹਿੰਗ ਦੀਆਂ ਕਚੌਰੀਆਂ ਦੀ ਗੱਲ ਯਾਦ ਆ ਗਈ। ਤੀਹ ਸਾਲ ਬਾਅਦ ਫਿਰ ਉਸ ਲਾਲਚੀ ਮੁੰਡੇ ਦੀ ਤਸਵੀਰ ਅਤੇ ਉਸ ਦੀ ਕਚੌਰੀਆਂ ਪ੍ਰਤੀ ਲਾਲਸਾ ਅੱਖਾਂ ਸਾਹਮਣੇ ਆ ਗਈ।

 ਕੁਸੁਮ ਨੂੰ ਯਕੀਨਨ ਯਾਦ ਸੀ। ਜਾਂ ਸ਼ਾਇਦ ਨਹੀਂ ਸੀ - ਮੈਨੂੰ ਨਹੀਂ ਪਤਾ। ਕਚੌਰੀਆਂ ਖਾਂਦੇ ਹੋਏ ਮੇਰਾ ਮਨ ਤੀਹ ਸਾਲਾਂ ਦੇ ਵਕਫੇ ਦੇ ਧੁੰਦਲੇ ਫ਼ਾਸਲੇ ਨੂੰ ਪਾਰ ਕਰਦਾ ਹੋਇਆ ਮੈਨੂੰ ਸਿੱਧਾ ਨੰਦਰਾਮ ਸੇਨ ਦੀ ਗਲੀ ਦੇ ਉਸ ਹੁਣ ਲੁਪਤ ਹੋ ਚੁੱਕੇ ਗੁੜ ਦੀ ਆੜ੍ਹਤ ਅਤੇ ਸੜਕ ਦੇ ਉਸ ਨਲਕੇ ਦੇ ਸਾਹਮਣੇ ਲੈ ਗਿਆ, ਜਿੱਥੇ ਕੁਸੁਮ ਅੱਜ ਵੀ ਪੱਚੀ ਸਾਲਾ ਮੁਟਿਆਰ ਹੈ, ਜਿੱਥੇ ਉਸ ਦਾ ਬਾਬੂ ਅੱਜ ਵੀ ਹਰ ਸ਼ਾਮ ਹੱਥ ਵਿੱਚ ਪੱਤਿਆਂ ਦਾ ਠੋਂਗਾ ਫੜੀ ਹਿੰਗ ਦੀਆਂ ਕਚੌਰੀਆਂ ਲੈ ਕੇ ਨੇਮ ਨਾਲ ਆਉਂਦਾ ਹੈ।

                                      00000


                                    ਲੇਖਕ ਪਰਿਚੈ

ਵਿਭੂਤੀਭੂਸ਼ਣ ਬੰਦੋਪਾਧਿਆਏ - ਬੰਗਲਾ ਸਾਹਿਤ ਦੇ ਪ੍ਰਸਿੱਧ ਲੇਖਕ ਅਤੇ ਨਾਵਲਕਾਰ । ਜਨਮ 12 ਸਤੰਬਰ 1894 ਨੂੰ ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਘੋਸ਼ਪਾੜਾ-ਮੁਰਾਤੀਪੁਰ ਵਿਖੇ ਆਪਣੇ ਨਾਨਕੇ ਘਰ ਹੋਇਆ। ਉਨ੍ਹਾਂ ਦੀ ਪਹਿਲੀ ਕਹਾਣੀ ‘ਉਪੇਕਸ਼ਿਤਾ’ 1922 ਵਿੱਚ ਪ੍ਰਕਾਸ਼ਿਤ ਹੋਈ। ਸਾਹਿਤ-ਸਿਰਜਣਾ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਲਈ ਅਧਿਆਪਨ ਦਾ ਕੰਮ ਵੀ ਕੀਤਾ।

‘ਪੌਥੇਰ ਪਾਂਚਾਲੀ’, ‘ਅਪਰਾਜਿਤੋ’, ‘ਆਰਣਯਕ’, ‘ਆਦਰਸ਼ ਹਿੰਦੂ ਹੋਟਲ’, ‘ਇੱਛਾਮਤੀ’ ਅਤੇ ‘ਚਾਂਦੇਰ ਪਹਾੜ’ ਉਨ੍ਹਾਂ ਦੇ ਪ੍ਰਮੁੱਖ ਅਤੇ ਬੇਹੱਦ ਲੋਕਪ੍ਰਿਯ ਨਾਵਲ ਹਨ। ‘ਪੌਥੇਰ ਪਾਂਚਾਲੀ’ ਨੇ ਉਨ੍ਹਾਂ ਨੂੰ ਸਾਹਿਤਕ ਜਗਤ ਵਿੱਚ ਬੇਮਿਸਾਲ ਪ੍ਰਸਿੱਧੀ ਦਿਵਾਈ ਅਤੇ ਉਨ੍ਹਾਂ ਦੀ ਪਛਾਣ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ।

‘ਪਥੇਰ ਪਾਂਚਾਲੀ’ ਉੱਤੇ 1955 ਵਿੱਚ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਸਤਯਜੀਤ ਰਾਏ ਨੇ ਇਸੇ ਨਾਮ ਨਾਲ ਫ਼ਿਲਮ ਬਣਾਈ, ਜਿਸ ਨੇ ਵਿਸ਼ਵ ਸਿਨੇਮਾ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਈ ਹੋਰ ਰਚਨਾਵਾਂ ਉੱਤੇ ਵੀ ਬੰਗਲਾ ਅਤੇ ਹਿੰਦੀ ਵਿੱਚ ਫ਼ਿਲਮਾਂ ਬਣਾਈਆਂ ਗਈਆਂ। ਇਨ੍ਹਾਂ ਵਿੱਚ ‘ਅਪਰਾਜਿਤੋ’ (1956), ‘ਆਦਰਸ਼ ਹਿੰਦੂ ਹੋਟਲ’ (1957), ‘ਅਪੁਰ ਸੰਸਾਰ’ (1959), ‘ਨਿਸ਼ੀ ਪਦਮ’ (1970), ‘ਅਮਰ ਪ੍ਰੇਮ’ (ਹਿੰਦੀ, 1972), ‘ਨਿਮੰਤਰਣ’ (1971) ਅਤੇ ‘ਚਾਂਦੇਰ ਪਹਾੜ’ (2013) ਪ੍ਰਮੁੱਖ ਹਨ।

ਵਿਭੂਤੀਭੂਸ਼ਣ ਬੰਦੋਪਾਧਿਆਏ ਨੇ ਆਪਣੇ ਸਾਹਿਤ ਵਿੱਚ ਬੰਗਾਲ ਦੇ ਪਿੰਡਾਂ ਦੀ ਜ਼ਿੰਦਗੀ, ਕੁਦਰਤ, ਮਨੁੱਖੀ ਸੰਵੇਦਨਾਵਾਂ ਅਤੇ ਆਮ ਲੋਕਾਂ ਦੇ ਸੁਖ-ਦੁੱਖ ਨੂੰ ਬੇਹੱਦ ਸਾਦਗੀ, ਗਹਿਰਾਈ ਅਤੇ ਮਾਨਵੀ ਨਜ਼ਰੀਏ ਨਾਲ ਪੇਸ਼ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕੁਦਰਤ ਅਤੇ ਮਨੁੱਖੀ ਜੀਵਨ ਦਾ ਬਹੁਤ ਹੀ ਸੁੰਦਰ ਸੁਮੇਲ ਦਿਖਾਈ ਦਿੰਦਾ ਹੈ। 01 ਨਵੰਬਰ 1950 ਨੂੰ ਘਾਟਸ਼ਿਲਾ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

                                                     )()()()())

                                         ਧੰਨਵਾਦ ਸਹਿਤ - ਪ੍ਰੀਤਲੜੀ, ਨਵੰਬਰ  2026

कोई टिप्पणी नहीं:

एक टिप्पणी भेजें

योगदान देने वाला व्यक्ति