ਬੰਗਲਾ ਕਹਾਣੀ ਅਜਨਬੀ
0
ਅਭਿਗਿਆਨ ਰਾਏਚੌਧਰੀ
ਅਨੁਵਾਦ
- ਨੀਲਮ ਸ਼ਰਮਾ ‘ਅੰਸ਼ੁ’
ਦੋ ਦਿਨ ਹੋਏ ਪੁਸ਼ਪੇਨ
ਦਫ਼ਤਰ ਦੇ ਕੰਮ ਕਾਰਣ ਮੁੰਬਈ ਆਇਆ ਹੈ। ਦਫ਼ਤਰ ਵੱਲ੍ਹੋਂ ਇੱਕ ਟ੍ਰੇਨਿੰਗ ਵਾਸਤੇ। ਪਹਿਲੀ ਵਾਰ ਉਹ ਕੋਲਕਾਤਾ
ਤੋਂ ਬਾਹਰ ਆਇਆ ਹੈ। ਉਹ ਨਿਮਨ ਮੱਧਵਰਗੀ ਪਰਿਵਾਰ ਤੋਂ ਹੈ। ਬਚਪਨ ਤੋਂ ਹੀ ਘਾਟਾਂ ਨਾਲ ਮਸ਼ਕੱਤ
ਵਾਲੀ ਗ੍ਰਹਿਸਥੀ ਰਹੀ ਹੈ। ਛੋਟੇ ਜਿਹੇ ਵਪਾਰ ਤੋਂ ਜਿੰਨੀ ਵੀ ਪਰਿਵਾਰਿਕ ਆਮਦਨੀ ਹੁੰਦੀ ਸੀ, ਕੁਝ ਸਾਲ ਪਹਿਲਾਂ ਪਿਤਾ ਜੀ ਦੀ
ਬੀਮਾਰੀ ਕਰਕੇ ਉਹ ਵੀ ਬੰਦ ਹੋ ਗਈ ਸੀ। ਪਰਿਵਾਰਿਕ ਜਮਾਪੂੰਜੀ ਉਸ ਤੋਂ ਬਾਅਦ ਵਾਲੇ ਸਾਲਾਂ ਵਿੱਚ ਪਿਤਾ
ਦੀ ਦਵਾ-ਦਾਰੂ 'ਤੇ ਖਰਚ ਹੋ ਗਈ।
ਉਸ ਸਮੇਂ ਪੜ੍ਹਾਈ ਦੇ
ਨਾਲ-ਨਾਲ ਪ੍ਰਾਈਵੇਟ ਟਿਊਸ਼ਨਾਂ ਕਰਕੇ ਉਸਨੂੰ ਗ੍ਰਹਿਸਥੀ ਦੀ ਗੱਡੀ ਵੀ ਖਿੱਚਣੀ ਪਈ। ਉਹਨਾਂ ਮਸ਼ਕੱਤ
ਵਾਲੇ ਦਿਨਾਂ ਦਾ ਅਸਰ ਅਜੇ ਵੀ ਉਸ ਉੱਤੇ ਬਾਕੀ ਹੈ। ਇਸ ਲਈ ਉਹ ਹੋਰ ਲੋਕਾਂ ਨਾਲੋਂ ਵਧੇਰੇ ਨਿਮਰ ਹੈ।
ਹਮੇਸ਼ਾ ਹੋਰਨਾਂ ਦੀ ਫਿਕਰ ਕਰਦਾ ਹੈ। ਉਸਨੂੰ ਪਤਾ ਹੈ ਕਿ ਜ਼ਿੰਦਗੀ ਦੇ ਉਤਾਰ-ਚੜ੍ਹਾਅ 'ਚ ਕਿਸੇ ਵੀ ਵੇਲੇ ਸਭ ਕੁਝ ਬਦਲ
ਸਕਦਾ ਹੈ।
ਪੜ੍ਹਾਈ ਵਿੱਚ ਉਹ ਬਹੁਤ
ਅੱਵਲ ਹੋਣ ਕਾਰਣ ਜਵਾਇੰਟ ਇਮਤਿਹਾਨ ਵਿੱਚ ਪਹਿਲੀ ਵਾਰੀ
ਵਿੱਚ ਹੀ ਇੰਜੀਨੀਅਰਿੰਗ ਵਿੱਚ ਮੌਕਾ ਮਿਲ ਗਿਆ ਸੀ। ਉੱਥੋਂ ਪਾਸ ਹੋ ਕੇ ਕੁਝ ਮਹੀਨੇ ਪਹਿਲਾਂ ਹੀ ਉਸਨੂੰ
ਨੌਕਰੀ ਮਿਲੀ ਹੈ — ਕੋਲਕਾਤਾ 'ਚ। ਇਸੇ ਕਰਕੇ ਪਿਛਲੇ ਚਾਰ ਮਹੀਨਿਆਂ
ਵਿੱਚ ਉਸਨੂੰ ਕੋਲਕਾਤਾ ਤੋਂ ਬਾਹਰ ਕਿਤੇ ਜਾਣ ਦਾ ਮੌਕਾ ਨਹੀਂ ਮਿਲਿਆ।
ਹੁਣ ਪਹਿਲੀ ਵਾਰ ਇਸ
ਖਾਸ ਟ੍ਰੇਨਿੰਗ ਲਈ ਕੋਲਕਾਤਾ ਤੋਂ ਬਾਹਰ ਆਇਆ ਹੈ — ਮੁੰਬਈ। ਜੁਹੂ ਦੇ ਕੋਲ ਇੱਕ ਵਧੀਆ ਹੋਟਲ ਵਿੱਚ ਠਹਿਰਿਆ ਹੈ। ਅਜਿਹੇ ਹੋਟਲ
ਵਿੱਚ ਉਹ ਪਹਿਲਾਂ ਕਦੇ ਨਹੀਂ ਰਿਹਾ — ਫੋਰ-ਸਟਾਰ ਹੋਟਲ। ਇਸ
ਦਰਜੇ ਜਾਂ ਇਸਦੇ ਨੇੜੇ-ਤੇੜੇ ਦੇ ਹੋਟਲਾਂ ਵਿੱਚ ਵੀ ਕਦੇ ਰਹਿਣ ਦਾ ਮੌਕਾ ਨਹੀਂ ਮਿਲਿਆ। ਇਸ ਲਈ ਇੱਕ
ਪਾਸੇ ਉਹ ਖੁਸ਼ ਵੀ ਸੀ ਅਤੇ ਦੂਜੇ ਪਾਸੇ ਥੋੜ੍ਹਾ ਬੇਚੈਨ ਵੀ।
ਰਾਤ ਢਲਦੇ-ਢਲਦੇ ਹੋਟਲ
ਦੇ ਪੱਬ ਵਿੱਚ ਸ਼ੋਰ ਵਧਣਾ ਸ਼ੁਰੂ ਹੋਇਆ। ਅਜਿਹਾ ਮਾਹੌਲ ਪੁਸ਼ਪੇਨ ਲਈ ਨਵਾਂ ਸੀ। ਬੇਚੈਨੀ ਹੋਰ ਵੱਧ
ਗਈ। ਉਸਨੇ ਸੁਣਿਆ ਸੀ ਕਿ ਹੋਟਲ ਦੇ ਬਿਲਕੁਲ ਨੇੜੇ ਹੀ ਜੁਹੂ ਬੀਚ ਹੈ। ਸਮੁੰਦਰ ਉਸਨੂੰ ਬਹੁਤ ਚੰਗਾ
ਲੱਗਦਾ ਹੈ। ਉੱਥੇ ਸ਼ਾਂਤੀ ਹੋਵੇਗੀ — ਇਹ ਸੋਚ ਕੇ ਉਹ ਉੱਧਰ
ਨੂੰ ਤੁਰ ਪਿਆ।
ਬੀਚ ਲੱਭਣ ਵਿੱਚ ਜ਼ਿਆਦਾ
ਸਮਾਂ ਨਹੀਂ ਲੱਗਾ। ਰਾਤ ਕਾਫ਼ੀ ਹੋ ਚੁੱਕੀ ਸੀ। ਦਿਨ ਦੀ ਰੌਸ਼ਨੀ ਲੱਗਭਗ ਮੁਕ ਚੁੱਕੀ ਸੀ। ਇੱਕ ਕਾਲੀ
ਚਾਦਰ ਵਰਗਾ ਹਨੇਰਾ ਹਰ ਥਾਂ ਪਸਰ ਗਿਆ ਸੀ।
ਮੋਬਾਈਲ 'ਤੇ ਸਮਾਂ ਵੇਖਿਆ — ਰਾਤ ਦੇ ਦੱਸ ਵੱਜ ਰਹੇ ਸਨ। ਬੀਚ
'ਤੇ ਲੋਕ ਤਾਂ ਸਨ, ਪਰ ਘੱਟ। ਪਾਉ ਭਾਜੀ, ਪਾਪੜੀ ਚਾਟ, ਪਾਨੀਪੂਰੀ — ਇਹ ਸਭ ਵਿਕ ਰਹੇ ਸਨ।
ਉਸਨੇ ਪਹਿਲਾਂ ਕਦੇ ਸਮੁੰਦਰ
ਨਹੀਂ ਵੇਖਿਆ। ਬਹੁਤ ਸਾਲ ਪਹਿਲਾਂ ਇੱਕ ਵਾਰੀ ਦੀਘਾ ਗਿਆ ਸੀ — ਅਜੇ ਵੀ ਯਾਦ ਹੈ। ਬਾਅਦ ਦੇ ਸਾਲਾਂ ਵਿੱਚ ਪਿਤਾ ਦੀ ਬੀਮਾਰੀ, ਇਲਾਜ — ਇਨ੍ਹਾਂ ਸਭ ਵਿਚ ਉਹਨਾਂ ਨੂੰ ਇੰਨਾ
ਸਮਾਂ ਲੱਗ ਗਿਆ ਕਿ ਕਦੇ ਕਿਤੇ ਘੁੰਮਣ ਦੀ ਸੋਚ ਵੀ ਨਹੀਂ ਸਕੇ।
ਉਹ ਆਪਣੇ ਆਪ ਵਿਚ ਹੀ
ਗੁਆਚਿਆ ਹੋਇਆ ਸਮੁੰਦਰ ਕੰਢੇ ਚਹਲ-ਕਦਮੀ ਕਰਣ ਲੱਗਾ। ਪਾਣੀ ਵੱਲ ਕਾਫ਼ੀ ਅੱਗੇ ਤੱਕ ਵਧ ਗਿਆ। ਹੁਣ ਵੀ
ਜਿੱਥੇ ਖੜਾ ਹੈ, ਚਹੁੰ ਪਾਸੇ ਸੀਪੀਆਂ
ਅਤੇ ਗੰਦਲੇ ਪੱਥਰ ਬਾਤ ਪਾ ਰਹੇ ਸਨ ਕਿ ਇੱਥੇ ਨਿਯਮ ਨਾਲ ਪਾਣੀ ਆਉਂਦਾ ਹੈ। ਇਸ ਤੋਂ ਥੋੜੀ ਹੀ ਦੂਰ
ਇੱਕ ਤੋਂ ਬਾਅਦ ਇੱਕ ਛੱਲਾਂ ਰੇਤ ਉੱਤੇ ਛਾਲਾਂ ਮਾਰ ਕੇ ਡਿੱਗ ਰਹੀਆਂ ਸਨ। ਰਾਤ ਦੀ ਰੌਸ਼ਨੀ ਵਿੱਚ ਇੰਝ
ਲੱਗਦਾ ਸੀ ਕਿ ਪਾਣੀ ਵਿੱਚ ਲੱਖਾਂ ਹੀਰੇ ਇਕੱਠੇ ਲਿਸ਼ਕਾਂ ਮਾਰ ਰਹੇ ਹੋਣ।
ਇਨ੍ਹਾਂ ਛੱਲਾਂ ਦੀ ਵੀ ਜਿਵੇਂ ਆਪਣੀ ਇੱਕ ਜ਼ਬਾਨ ਹੈ। ਘੰਟਿਆਂ ਤਾਂਈ ਰੇਤ
ਉੱਤੇ ਖੜ੍ਹ ਕੇ ਛੱਲਾਂ ਦੀਆਂ ਗੱਲਾਂ ਸੁਣਦਿਆਂ ਸਭ
ਕੁਝ ਭੁੱਲਿਆ ਜਾ ਸਕਦਾ ਹੈ।
— ਵ੍ਹਟ ਅ ਲਵਲੀ ਨਾਈਟ, ਇਜ਼ਨ’ਟ ਇਟ?
ਸਵਾਲ ਸੁਣ ਕੇ ਪੁਸ਼ਪੇਨ ਇੱਕਦਮ ਹੈਰਾਨ ਹੋ ਗਿਆ।
ਇੱਕ ਜਵਾਨ ਕੁੜੀ ਉਸਦੇ
ਨੇੜੇ ਆ ਖੜੋਈ ਹੈ। ਉਸੇ ਨੇ ਇਹ ਸਵਾਲ ਕੀਤਾ ਸੀ। ਕਾਲੀ ਜੀਨਸ ਉੱਤੇ ਇੱਕ ਛੋਟਾ ਟੌਪ ਪਾਇਆ ਹੋਇਆ ਹੈ।
ਕਦ ਕਾਫ਼ੀ ਲੰਮਾ। ਇਸ ਹਨੇਰੇ-ਉਜਾਲੇ ਵਿੱਚ ਉਸਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦਿੱਸ ਰਿਹਾ।
ਕੌਣ ਹੈ ਇਹ ਕੁੜੀ? ਲੱਗਦਾ ਹੈ ਲਗਭਗ ਉਸਦੀ ਹੀ ਹਮਉਮਰ ਹੋਵੇਗੀ।
ਅਚਾਨਕ ਉਸਨੂੰ ਖ਼ਿਆਲ ਆਇਆ ਕਿ ਅੱਜ ਜਿਹੜੀ ਟ੍ਰੇਨਿੰਗ
ਸ਼ੁਰੂ ਹੋਈ ਹੈ, ਉਸ ਵਿੱਚ ਕੁਝ ਕੁੜੀਆਂ
ਵੀ ਸਨ। ਸ਼ਾਇਦ ਉਹਨਾਂ ਵਿੱਚੋਂ ਹੀ ਕੋਈ ਹੋਵੇ। ਪਹਿਲਾ ਦਿਨ ਹੋਣ ਕਰਕੇ
ਅਜੇ ਤਾਂਈ ਕਿਸੇ ਨਾਲ ਜਾਣ-ਪਛਾਣ ਨਹੀਂ ਹੋਈ ਸੀ। ਪੁਸ਼ਪੇਨ ਤਾਂ ਆਪ ਹੀ ਸੰਗਾਉ ਸੁਭਾ ਦਾ ਹੈ। ਪਹਿਲ
ਕਰਕੇ ਜਾਣ-ਪਛਾਣ ਨਹੀਂ ਕਰ ਸਕਦਾ। ਉਨ੍ਹਾਂ 'ਤੇ ਉਸਨੇ ਇੰਨਾ ਧਿਆਨ
ਵੀ ਨਹੀਂ ਦਿੱਤਾ ਸੀ।
ਉਹ ਬੋਲਿਆ— ਹਾਂ, ਬਿਲਕੁਲ… ਰਾਤ ਦੇ ਹਨੇਰੇ ਵਿੱਚ ਸਮੁੰਦਰ ਕੋਈ ਵੱਖਰਾ ਹੀ ਖੂਬਸੂਰਤ
ਨਜ਼ਾਰਾ ਪੇਸ਼ ਕਰ ਰਿਹਾ ਹੈ। ਜਿਵੇਂ ਕਿਸੇ ਨੇ ਹੀਰੇ ਦੇ ਅਨਗਿਣਤ ਟੁੱਕੜੇ ਪਾਣੀ ਵਿੱਚ ਚਹੁੰ ਪਾਸੇ
ਖਿਲੇਰ ਦਿੱਤੇ ਹੋਣ।
ਕੁੜੀ ਹੁਣ ਹਿੰਦੀ ਵਿੱਚ
ਬੋਲ ਪਈ — ਸਹੀ ਕਿਹਾ। ਪਰ ਨੇੜੇ ਜਾਉ ਤਾਂ ਉਹ ਹੀਰੇ ਗਾਇਬ ਹੋ ਜਾਂਦੇ
ਹਨ…ਬਿਲਕੁਲ ਸਾਡੇ ਵਾਂਗ। ਦੂਰੋਂ ਜੋ ਲਿਸ਼ਕ ਮਾਰਦਾ ਹੈ, ਨੇੜੇ ਜਾਣ ’ਤੇ ਸਧਾਰਣ ਜਿਹਾ ਲੱਗਦਾ ਹੈ।
ਪੁਸ਼ਪੇਨ ਚੰਗੀ ਹਿੰਦੀ
ਬੋਲ ਲੈਂਦਾ ਹੈ, ਯੂਨੀਵਰਸਿਟੀ ਵਿੱਚ ਉਸਦਾ
ਇੱਕ ਦੋਸਤ ਸੀ ਯੂ ਪੀ ਤੋਂ। ਲਖਨਵੀ ਅੰਦਾਜ਼ ਦੀ ਖ਼ੜ੍ਹੀ ਹਿੰਦੀ ਬੋਲਦਾ ਸੀ। ਉਸੇ ਤੋਂ ਉਸਨੇ ਹਿੰਦੀ
ਸਿੱਖੀ ਸੀ।
ਹਿੰਦੀ ਅਤੇ ਅੰਗਰੇਜ਼ੀ
ਰਲਾ ਕੇ ਦੋਵੇਂ ਗੱਲਾਂ ਕਰ ਰਹੇ ਸਨ।
ਕੁੜੀ ਉਸਦੇ ਨਾਲ-ਨਾਲ
ਤੁਰਣ ਲੱਗ ਪਈ ਸੀ। ਜ਼ਰੂਰ ਉਹ ਉਸਨੂੰ ਜਾਣਦੀ ਹੋਵੇਗੀ। ਨਹੀਂ ਤਾਂ ਪਹਿਲ ਕਰਕੇ ਕਿਉਂ ਗੱਲ ਕਰਦੀ?
ਪਰ ਪਰਿਚੈ ਪੁੱਛਣ ਵਿੱਚ
ਪੁਸ਼ਪੇਨ ਨੂੰ ਝਿਜਕ ਹੋ ਰਹੀ ਸੀ। ਜ਼ਰੂਰ ਹੀ ਦਫ਼ਤਰ ਵਿੱਚ ਮੁਲਾਕਾਤ ਹੋਈ ਹੋਵੇਗੀ। ਹੁਣ ਪੁੱਛਣ ’ਤੇ ਨਾ ਪਛਾਨਣ ਦੀ
ਗੱਲ ਕਹਿ ਕੇ ਬਾਅਦ ਵਿੱਚ ਦੋਸਤਾਂ ਵਿੱਚ ਉਸਦਾ ਮਖੌਲ ਉਡਾਏਗੀ।
-ਇਸ ਤਰ੍ਹਾਂ ਦਾ ਬੱਦਲਾਂ ਰਹਿਤ ਅਸਮਾਨ ਬਹੁਤ ਘੱਟ
ਹੁੰਦਾ ਹੈ। ਅੱਜ ਪੂੰਨਿਆ ਦੇ ਚਾਨਣ ਵਿੱਚ ਚਹੁੰ ਪਾਸਿਆਂ ਦਾ ਨਜ਼ਾਰਾ ਹੋਰ ਵੀ ਸੁਹਣਾ ਲੱਗ ਰਿਹਾ ਹੈ, ਹੈ ਨਾ? ਜਿਵੇਂ ਕਿਸੇ ਨੇ ਰੌਸ਼ਨੀ ਦੀ ਚਾਦਰ
ਵਿਛਾ ਦਿੱਤੀ ਹੋਵੇ। ਅਜਿਹੇ ਅਸਮਾਨ ਹੇਠ ਖੜ੍ਹੋਣ ਨਾਲ ਮਨ ਦੇ ਸਾਰੇ ਬੱਦਲ ਗਾਇਬ ਹੋ ਜਾਂਦੇ ਹਨ।
ਉਹ ਦੋਵੇਂ ਬਾਰੀਕ ਰੇਤ ਉੱਤੇ ਤੁਰ ਰਹੇ ਸਨ।
-ਮੈਨੂੰ ਇਸ ਨਰਮ ਰੇਤ 'ਤੇ ਤੁਰਨਾ ਬਹੁਤ ਚੰਗਾ ਲੱਗਦਾ
ਹੈ…ਤੇ ਤੁਹਾਨੂੰ? ਕੁੜੀ ਫਿਰ ਬੋਲ ਪਈ।
-ਹਾਂ, ਮੈਨੂੰ ਵੀ।
-ਕਦੇ ਸੋਚਦੀ ਹਾਂ…ਜੇ ਸਾਡੀ ਜ਼ਿੰਦਗੀ ਵੀ ਅਜਿਹੀ ਹੁੰਦੀ ਕਿ ਜਿਸ ਰਸਤੇ 'ਤੇ ਤੁਰਦੇ ਜਾਈਏ, ਉਹ ਰਾਹ ਹਵਾ ਵਿੱਚ ਮਿਟ ਜਾਵੇ, ਕੋਈ ਨਿਸ਼ਾਨ ਨਾ ਰਹ੍ਵੇ…ਸਭ ਕੁਝ ਨਵਾਂ ਸ਼ੁਰੂ ਹੁੰਦਾ…ਕਿੰਨਾ ਵਧੀਆ ਹੁੰਦਾ, ਹੈ ਨਾ? ਕਈ ਵਾਰੀ ਲੱਗਦਾ ਹੈ ਕਿ ਕਿੱਥੋਂ
ਆਏ ਹਾਂ, ਕਿੱਥੇ ਜਾ ਰਹੇ ਹਾਂ…ਇਹ ਸਭ ਝੂਠ ਹੈ। ਸਿਰਫ਼ ਇਹ ਤੁਰਦੇ ਜਾਣ ਦਾ ਨਾਂ ਹੀ ਜ਼ਿੰਦਗੀ
ਹੈ। ਜਿਵੇਂ ਹੁਣ ਮੈਂ ਤੁਹਾਡੇ ਨਾਲ ਤੁਰ ਰਹੀ ਹਾਂ।
-ਤੁਸੀ ਗੱਲਾਂ ਬਹੁਤ
ਸੋਹਣੀਆਂ ਕਰਦੇ ਹੋ। ਕੀ ਤੁਸੀ ਪਹਿਲਾਂ ਕਵਿਤਾ ਲਿਖਿਆ ਕਰਦੇ ਸੀ? — ਪੁਸ਼ਪੇਨ ਤੋਂ ਕਹਿ ਹੋ ਗਿਆ।
-ਹਾਂ, ਹੁਣ ਵੀ ਲਿਖਦੀ ਹਾਂ। ਹਿੰਦੀ ਵਿੱਚ।
ਬਹੁਤ ਵਧੀਆ ਲਿਖਦੀ ਹਾਂ…ਅਜਿਹਾ ਨਹੀਂ ਕਹਿ ਸਕਦੀ।
ਅਸਲ ਵਿੱਚ ਜੋ ਸੋਚਦੀ ਹਾਂ, ਉਹ ਸਾਰਾ ਲਿਖ ਨਹੀਂ
ਹੁੰਦਾ। ਪਰ ਇੱਥੇ ਸਮੁੰਦਰ ਕੰਢੇ ਆ ਕੇ
ਉਹ ਸਭ ਕਹਿਣ ’ਚ ਡਰ ਨਹੀਂ ਲੱਗਦਾ ਕਿਉਂਕਿ ਇੱਥੇ ਸਾਰੇ ਸਿਰਫ਼ ਸਮੁੰਦਰ ਦੀਆਂ ਗੱਲਾਂ ਸੁਣਨ
ਆਉਂਦੇ ਹਨ। ਮੇਰੀਆਂ ਗੱਲਾਂ ਫਿਰ ਸਿਰਫ਼ ਮੇਰੇ ਤੱਕ ਹੀ ਰਹਿ ਜਾਂਦੀਆਂ ਹਨ। ਹੌਸਲਾ ਵੱਧ ਜਾਂਦਾ ਹੈ।
-ਫਿਰ ਕਵਿਤਾ ਵਰਗੀਆਂ ਗੱਲਾਂ।
-ਇੱਥੇ ਸਮੁੰਦਰੀ ਹਵਾ ਜੋ ਗੱਲਾਂ ਕਰਦੀ ਹੈ…ਉਸਦੇ ਅੱਗੇ ਮੇਰੀ ਕੀ ਬਿਸਾਤ। ਤੁਸੀ ਤਾਂ ਬੰਗਾਲੀ ਹੋ। ਬੰਗਲਾ ਵਿੱਚ ਬਹੁਤ ਸੋਹਣੀਆਂ
ਕਵਿਤਾਵਾਂ ਪੜ੍ਹੀਆਂ ਨੇ ਮੈਂ।
ਹੁਣ ਪੁਸ਼ਪੇਨ ਨੂੰ ਯਕੀਨ
ਹੋ ਗਿਆ ਕਿ ਉਸਨੇ ਇਸ ਕੁੜੀ ਨੂੰ ਦਫ਼ਤਰ ਵਿੱਚ ਹੀ ਵੇਖਿਆ ਹੈ। ਨਹੀਂ ਤਾਂ ਉਸਦੇ ਬਾਰੇ ਇੰਨਾ ਕੁਝ ਕਿਵੇਂ
ਜਾਣਦੀ ਹੋਵੇਗੀ।
ਰੇਤ ਵਿੱਚੋਂ ਇੱਕ ਸੀਪੀ
ਚੁੱਕ ਕੇ ਤੁਰਦੇ-ਤੁਰਦੇ ਕੁੜੀ ਬੋਲਦੀ ਗਈ — ਜਦੋਂ ਮੈਂ ਛੋਟੀ ਸੀ
ਨਾ, ਤਾਂ ਮਾਂ ਅਤੇ ਨਾਨੀ
ਦੇ ਨਾਲ ਇੱਥੇ ਆ ਕੇ ਇਹੀ ਖਿੱਲਰਿਆਂ ਹੋਈਆਂ ਸੀਪਿਆਂ ਅਤੇ ਪੱਥਰ ਚੁਗਦੀ ਰਹਿੰਦੀ। ਕਿੰਨੇ ਹੀ ਕਿਸਮਾਂ
ਦੇ…ਕਿੰਨੇ ਰੰਗਾਂ ਦੇ…ਕਿੰਨੇ ਅਕਾਰਾਂ ਦੇ।
ਦੋ ਸਾਲ ਪਹਿਲਾਂ ਬੈਗ ਵਿੱਚ ਭਰ ਕੇ ਫਿਰ ਇੱਥੇ ਹੀ ਸਮੁੰਦਰ ਕੰਢੇ ਦੁਬਾਰਾ ਖਿਲੇਰ ਦਿੱਤੇ ਸਨ। ਸਮੁੰਦਰ
ਨੇ ਉਹਨਾਂ ਨੂੰ ਆਪਣੇ ਅੰਦਰ ਸਮੋ ਲਿਆ ਸੀ। ਫਿਰ ਕਦੇ ਲੱਭੇ ਨਹੀਂ।
ਕਿਉਂ? ਸਮੁੰਦਰ ਵਿੱਚ ਕਿਉਂ ਸੁੱਟ ਦਿੱਤੇ? — ਪੁਸ਼ਪੇਨ ਨੇ ਪੁੱਛਿਆ।
ਕੁੜੀ ਨੇ ਮੁਸਕਰਾ ਕੇ
ਕਿਹਾ — ਦਰਅਸਲ ਮੇਰਾ ਹੀ ਤਾਂ ਆਪਣਾ ਕੋਈ ਘਰ ਨਹੀਂ, ਤਾਂ ਉਹਨਾਂ ਨੂੰ ਕਿਵੇਂ ਸਾਂਭ
ਕੇ ਰੱਖਦੀ…?
ਫਿਰ ਉਸਨੇ ਦੂਰ ਇਸ਼ਾਰਾ ਕੀਤਾ— ਉਹ ਦੂਰ
ਜੋ ਸਮੁੰਦਰ ਕੰਢੇ ਇੰਨੀਆਂ ਉੱਚੀਆਂ ਇਮਾਰਤਾਂ ਦੇਖ ਰਹੇ ਹੋ ਨਾ…ਰੌਸ਼ਨੀ ਅਤੇ ਹਨੇਰੇ ਵਿੱਚ ਪਰਛਾਵੇਂ ਵਾਂਗ ਖੜ੍ਹੀਆਂ। ਕਿੰਨੀਆਂ
ਉੱਚੀਆਂ ਹਨ ਨਾ — ਤੀਹ, ਚਾਲੀ ਮੰਜ਼ਿਲਾ। ਪਰ ਜ਼ਿਆਦਾਤਰ ਅਜੇ ਵੀ
ਘਰ ਨਹੀਂ ਬਣ ਸਕੀਆਂ। ਇਨਸਾਨ ਨੂੰ ਢੰਗ ਦਾ ਆਸਰਾ ਨਹੀਂ
ਦੇ ਸਕੀਆਂ ਹਨ। ਮੈਂ ਇੱਕ ਘਰ ਲੱਭਿਆ ਸੀ…ਮਿਲਿਆ ਨਹੀਂ। ਚਹੁੰ ਪਾਸੇ ਸਿਰਫ਼ ਇੱਟਾਂ ਅਤੇ ਸੰਗਮਰਮਰ
ਦੀਆਂ ਕੰਧਾਂ ਲੱਭਿਆਂ। ਅੰਤ ਵਿੱਚ ਕੁਝ ਨਾ ਮਿਲਣ ‘ਤੇ ਮੈਂ ਫਿਰ ਸਮੁੰਦਰ ਦੇ ਕੋਲ ਆ ਗਈ।
ਇਹ ਕਹਿ ਕੇ ਉਸਦੀਆਂ ਅੱਖਾਂ ਸਿਲ੍ਹਿਆਂ ਹੋ
ਗਈਆਂ।
ਨੇੜੇ ਹੀ ਕੁਝ ਛੋਟੀਆਂ ਕਿਸ਼ਤੀਆਂ ਖੜ੍ਹੀਆਂ ਸਨ।
ਉਹਨਾਂ ਨੂੰ ਵੇਖ ਕੇ ਪੁਸ਼ਪੇਨ ਬੋਲਿਆ— ਮਛੀਆਂ ਫੜਣ ਵਾਲਿਆਂ
ਦੀਆਂ ਕਿਸ਼ਤੀਆਂ ਹਨ। ਤੁਸੀ ਕਦੇ ਉਹਨਾਂ ਦੇ ਨਾਲ ਮਛੀਆਂ ਫੜਦੇ ਦੇਖਣ ਗਏ ਹੋ?
-ਨਹੀਂ। ਦਰਅਸਲ ਮੈਨੂੰ ਚੰਗੀ ਤਰ੍ਹਾਂ ਤੈਰਨਾ ਨਹੀਂ
ਆਉਂਦਾ, ਇਸ ਲਈ ਡਰ ਲੱਗਦਾ ਹੈ।
ਹਾਂ, ਜਾ ਤਾਂ ਸਕਦੀ ਹਾਂ…ਪਰ ਜ਼ਿੰਦਗੀ ਦੀ ਤੈਰਾਕੀ ਬਾਰੇ ਵੀ ਮੈਨੂੰ ਕੁਛ ਨਹੀਂ ਪਤਾ। ਪਰ ਡੁੱਬਣ ਦੇ ਡਰੋਂ
ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠੇ ਰਿਹਾ ਜਾ ਸਕਦਾ ਨਾ। ਹੋ ਸਕਦਾ ਹੈ ਜਦ ਕਦੇ
ਮੈਂ ਸਮੁੰਦਰ ਵਿੱਚ ਡੁੱਬ ਜਾਵਾਂ, ਸਮੁੰਦਰ ਮੈਨੂੰ ਵਾਪਸ
ਬਾਹਰ ਸੁੱਟ ਦੇਵੇ ਅਤੇ ਕਹੇ— ‘ਤੈਨੂੰ ਹੁਣ ਨਵੇਂ ਸਿਰਿਉਂ
ਦੁਬਾਰਾ ਕੀ ਡੋਬਣਾ… ਤੂੰ ਤਾਂ ਪਹਿਲਾਂ ਹੀ ਡੁੱਬੀ ਹੋਈ ਏਂ।’
ਕੁੜੀ ਦੀਆਂ ਇਹ ਰਹੱਸਮਈ ਤੇ ਕਾਵਿਮਈ ਗੱਲਾਂ ਸੁਣ
ਕੇ ਪੁਸ਼ਪੇਨ ਹੈਰਾਨ ਸੀ।
ਕੀ ਇਹ ਇੰਜੀਨੀਅਰਿੰਗ ਪੜ੍ਹ ਰਹੀ ਹੈ? ਇਸਨੂੰ ਤਾਂ ਕਹਾਣੀਆਂ ਤੇ ਕਵਿਤਾਵਾਂ
ਲਿਖਣੀਆਂ ਚਾਹੀਦੀਆਂ ਸਨ। ਪਰ ਅੱਜਕੱਲ੍ਹ ਠੀਕ-ਠਾਕ ਪੜ੍ਹਾਈ ਵਾਲੇ ਵੀ ਇੰਜੀਨੀਅਰਿੰਗ ਵੱਲ ਆ ਜਾਂਦੇ
ਹਨ — ਯਕੀਨੀ ਰੁਜਗਾਰ ਦੀ ਸੰਭਾਵਨਾ ਕਾਰਨ।
ਕੁੜੀ ਨੇ ਹੋਰ ਵੀ ਵਥੇਰਿਆਂ ਗੱਲਾਂ ਕੀਤੀਆਂ — ਆਪਣੇ ਘਰ ਬਾਰੇ, ਮਾਂ-ਪਿਉ ਬਾਰੇ। ਦੱਸਿਆ ਕਿ ਉਸਦਾ ਘਰ ਇੱਥੋਂ ਤਿੰਨ ਘੰਟੇ ਦੂਰ ਮਹਾਰਾਸ਼ਟਰ
ਅਤੇ ਕੇਰਲ ਦੀ ਸੀਮਾ ਦੇ ਇੱਕ ਪਿੰਡ ਵਿਚ ਹੈ। ਉਹ ਆਪਣੇ ਵੱਖ-ਵੱਖ ਸ਼ੌਂਕਾਂ ਬਾਰੇ ਦੱਸ ਰਹੀ ਸੀ — ਜੋ ਅਜੇ ਵੀ ਸਿਰੇ ਨਹੀਂ ਚੜ੍ਹ ਸਕੇ ਸੀ। ਕਦੀ ਮੌਡਲਿੰਗ ਦੀ ਬਹੁਤ ਖ਼ਵਾਹਿਸ਼ ਸੀ, ਜੋ ਪੂਰੀ ਨਹੀਂ
ਹੋ ਸਕੀ।
ਪੁਸ਼ਪੇਨ ਨੇ ਵੀ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ—ਕਾਲਜ ਦੀਆਂ, ਦੋਸਤਾਂ ਦੀਆਂ,
ਮਾਤਾ-ਪਿਤਾ ਦੀਆਂ।
ਲਗਭਗ ਇੱਕ ਘੰਟਾ ਸਮੁੰਦਰ ਕੰਢੇ ਤੁਰਨ ਤੋਂ ਬਾਅਦ
ਕੁੜੀ ਬੋਲੀ— ਚੱਲੋ ਹੁਣ ਜ਼ਰਾ ਰੇਤ ’ਤੇ ਬੈਠ ਜਾਈਏ।
ਇਸ ਹਨੇਰੇ ਵਿੱਚ ਇੱਕ
ਅਣਜਾਣ ਕੁੜੀ ਦੇ ਨਾਲ ਬੈਠਣ ਵਿੱਚ ਪੁਸ਼ਪੇਨ ਥੋੜ੍ਹਾ ਝਿਜਕ ਰਿਹਾ ਸੀ, ਕਿਹਾ — ਨਹੀਂ, ਮੈਨੂੰ ਤਾਂ ਤੁਰਨਾ ਚੰਗਾ ਲੱਗ
ਰਿਹਾ ਹੈ। ਤੁਸੀ ਥੱਕ ਗਈ ਹੋ?
ਇਹ ਕਹਿ ਕੇ ਅਚਾਨਕ ਉਸ ਕੁੜੀ ਦੇ ਚਿਹਰੇ ਵੱਲ ਤੱਕ
ਕੇ ਹੈਰਾਨ ਰਹਿ ਗਿਆ ਪੁਸ਼ਪੇਨ। ਅਜੇ ਤਾਂਈ ਉਸਦੇ ਚਿਹਰੇ ਵੱਲ੍ਹ ਨਹੀਂ ਤੱਕਿਆ ਸੀ। ਸਮੁੰਦਰ ਵੱਲ੍ਹ ਤੱਕਦਿਆਂ ਤੁਰਿਆ ਜਾ ਰਿਹਾ ਸੀ। ਰੌਸ਼਼ਨੀ
ਵੀ ਜਿਆਦਾ ਨਹੀਂ ਸੀ। ਇੱਕ ਸਟ੍ਰੀਟ ਲਾਈਟ ਦੀ ਹਲਕੀ ਰੋਸ਼ਨੀ ਉਸਦੇ ਚਿਹਰੇ ’ਤੇ ਪੈ ਰਹੀ ਸੀ — ਕਿੰਨੀ ਖੂਬਸੂਰਤ…ਅੱਖਾਂ ਜਿਵੇਂ ਸੌਣ
ਦੇ ਬੱਦਲਾਂ ਵਾਂਗ ਡੁੱਘੀਆਂ ਸਨ… ਚਿਹਰੇ ‘ਤੇ ਇਕ ਸਾਦਗੀ।
ਕੁੜੀ ਨੇ ਉਸਦੀਆਂ ਮੁਗਧ ਨਜ਼ਰਾਂ ਪੜ੍ਹ ਲਈਆਂ।
ਹੌਲੀ-ਹੌਲੀ ਕਿਹਾ — ਬਹੁਤ ਤੁਰ ਹੋ ਗਿਆ। ਹੁਣ ਤਾਂ ਬੈਠ ਹੀ ਜਾਈਏ।
ਮੇਰਾ ਰੇਟ ਪਤਾ ਹੈ ਨਾ? ਦੇ ਸਕੋਗੇ ਨਾ?
ਪੁਸ਼ਪੇਨ ਹੈਰਾਨ ਰਹਿ ਗਿਆ।
-ਕਿਸ ਚੀਜ਼ ਦਾ ਰੇਟ…?
ਕੁੜੀ ਨੇ ਉਸਦੇ ਹੈਰਾਨ ਚਿਹਰੇ ਵੱਲ ਤੱਕਦੇ ਹੋਏ
ਕਿਹਾ — ਮੈਂ ਕੌਣ ਹਾਂ, ਤੁਸੀ ਸਮਝੇ ਨਹੀਂ? ਮੈਂ ਤਾਂ ਦੇਹ-ਵਪਾਰ ਕਰਦੀ ਹਾਂ।
ਤੁਹਾਡੇ ਕੋਲ ਪੈਸੇ ਨਹੀਂ ਹਨ?
ਪੁਸ਼ਪੇਨ ਦੀ ਜ਼ਬਾਨ ਨੂੰ ਜਿਵੇਂ ਜੰਦਰਾ ਵੱਜ ਗਿਆ
ਹੋਵੇ। ਉਸਦੇ ਸੁਰਖ ਹੋਏ ਚਿਹਰੇ ਵੱਲ ਤੱਕ
ਕੇ ਕੁੜੀ ਨੇ ਕਿਹਾ — ਓਹ, ਲੱਗਦਾ ਹੈ ਤੁਸੀਂ ਇੱਥੇ ਨਵੇਂ
ਆਏ ਹੋ? ਪਤਾ ਨਹੀਂ ਸੀ?
ਜ਼ਰਾ ਰੁਕ ਕੇ ਕਿਹਾ — ਦਰਅਸਲ ਸਮੁੰਦਰ ਕੰਢੇ ਦੇ ਇਸ
ਪਾਸੇ ਜੋ ਲੋਕ ਆਉਂਦੇ ਹਨ, ਉਹ ਸਭ ਜਾਣਦੇ-ਬੁੱਝਦੇ
ਹੀ ਆਉਂਦੇ ਹਨ। ਇਸ ਪਾਸੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ, ਇੱਥੇ ਸਭ ਕੁਝ ਥੋੜ੍ਹਾ ਸੋਫਿਸਟੀਕੇਟਿਡ ਹੈ। ਸਮਝ ਹੀ ਰਹੇ ਹੋ — ਅਮੀਰਾਂ ਦਾ ਇਲਾਕਾ ਹੈ ਇਹ। ਮੈਂ
ਸੋਚਿਆ ਸੀ ਤੁਸੀਂ ਵੀ ਉਹੋ ਜਿਹੇ ਕੋਈ ਗਾਹਕ ਹੋਵੋਗੇ। ਚਲੋ, ਤੁਹਾਨੂੰ ਤੁਹਾਡੇ ਹੋਟਲ ਤੱਕ ਛੱਡ ਆਉਂਦੀ ਹਾਂ।
-ਨਹੀਂ-ਨਹੀਂ, ਮੈਂ ਆਪ ਹੀ ਲੱਭ ਲਵਾਂਗਾ। ਦਰਅਸਲ
ਮੈਂ ਤੁਹਾਨੂੰ... ਮਤਲਬ ਮੈਂ ਤੁਹਾਨੂੰ ਗਲਤੀ ਨਾਲ ਕੋਈ ਹੋਰ ਸਮਝ ਲਿਆ ਸੀ। ਸੋਚਿਆ ਸੀ ਤੁਸੀਂ ਮੇਰੇ
ਦਫ਼ਤਰ ਦੀ ਦੋਸਤ ਹੋ, ਜਾਣ-ਪਛਾਣ ਵਾਲੀ। ਇੱਥੇ
ਤਾਂ ਅਜੇ ਆਇਆ ਹੀ ਹਾਂ। ਸੋਚਿਆ ਸੀ ਸ਼ਾਇਦ ਦਫ਼ਤਰ 'ਚ ਮੁਲਾਕਾਤ ਹੋਈ ਹੋਵੇਗੀ। ਮੈਂਨੂੰ ਜ਼ਿਆਦਾਤਰ ਚਿਹਰੇ ਯਾਦ ਨਹੀਂ ਰਹਿੰਦੇ। ਮੈਂ ਤੁਹਾਨੂੰ ਤੁਹਾਡਾ
ਬਣਦਾ ਭੁਗਤਾਨ ਕਰ ਦਿੰਦਾ ਹਾਂ।
ਕੁੜੀ ਜੋਰ-ਜੋਰ ਨਾਲ ਹੱਸ ਪਈ- ਨਹੀਂ, ਨਹੀਂ, ਪੈਸੇ ਦੇਣ ਦੀ ਲੋੜ ਨਹੀਂ। ਜੋ ਵੀ ਹੋਵੇ
ਥੋੜ੍ਹੀ ਦੇਰ ਲਈ ਮੈਂਨੂੰ ਦੋਸਤ ਤਾਂ ਸਮਝਿਆ ਸੀ ਨਾ। ਉਸ ਸਮੇਂ ਦੀ ਕੀਮਤ ਕੀ ਪੈਸੇ ਦੇ ਕੇ
ਚੁਕਾਉਗੇ। ਮੈਂਨੂੰ ਵਾ ਜਾਪਿਆ ਸੀ ਕਿ ਤੁਸੀ ਵੱਖਰੀ ਕਿਸਮ ਦੇ ਹੋ। ਮੈਂਨੂੰ ਅਜੇ ਸਿਰਫ਼ ਇੱਕ ਮਹੀਨਾ ਹੀ ਹੋਇਆ ਹੈ ਇਸ ਧੰਧੇ
ਵਿੱਚ, ਇਸੇ ਕਰਕੇ ਸਮਝਣ ਵਿੱਚ ਭੁਲੇਖਾ ਪੈ ਗਿਆ। ਨਹੀਂ
ਤਾਂ ਹੁਣ ਤੱਕ ਸਭ ਮੇਰੇ ਸਰੀਰ ਨਾਲ ਖੇਡ ਚੁੱਕੇ ਹੁੰਦੇ — ਮਨ ਨੂੰ ਸਮਝੇ ਬਗੈਰ।
ਕਹਿ ਕੇ ਉਹ ਲਗਭਗ ਇੱਕ ਮਿੰਟ ਚੁੱਪ ਰਹੀ। ਫਿਰ ਲਰਜ਼ਦੀ
ਅਵਾਜ਼ ਵਿੱਚ ਕਿਹਾ — ਮੈਂ ਵੀ ਹਮੇਸ਼ਾ ਤੁਹਾਡੇ
ਵਰਗੇ ਦੋਸਤ ਦੀ ਭਾਲ ਕੀਤੀ ਸੀ। ਮਿਲਿਆ ਨਹੀਂ। ਇਸੇ ਲਈ ਵਾਰ-ਵਾਰ ਇਸ ਸਮੁੰਦਰ ਕੋਲ ਆਉਂਦੀ ਹਾਂ। ਇਸ
ਸਮੁੰਦਰ ਦੇ ਕੰਢੇ ਤੁਹਾਡਾ ਸਾਥ ਮਿਲਿਆ — ਭਾਵੇਂ ਕੁਝ ਸਮੇਂ ਲਈ ਹੀ ਸਹੀ।
ਇੱਥੇ ਰੇਤ 'ਤੇ ਸਾਰੇ ਰਾਹ ਗੁਆਚ
ਜਾਂਦੇ ਹਨ। ਸਮੁੰਦਰੀ ਛੱਲਾਂ ਦਾ ਵਿਰਲਾਪ ਵੀ ਇਹ ਰੇਤ
ਬਹੁਤ ਦੇਰ ਤੱਕ ਯਾਦ ਨਹੀਂ ਰੱਖਦੀ। ਸ਼ਾਇਦ ਤੁਸੀ ਮੈਨੂੰ ਇਸ ਤੋਂ ਵੱਧ ਸਮੇਂ ਲਈ ਯਾਦ ਰੱਖੋ। ਯਾਦ ਰੱਖੋਗੇ ਇਸ ਰਾਤ
ਦੀ ਗੱਲ।
ਇੱਕ ਵਾਰ ਉਸਨੇ ਪੁਸ਼ਪੇਨ ਦਾ ਹੱਥ ਫੜ ਲਿਆ। ਕੁਝ
ਚਿਰ ਤੱਕ ਮੋਹਿਤ ਨਜ਼ਰਾਂ ਨਾਲ ਉਸ ਵੱਲ ਤੱਕਦੀ ਰਹੀ। ਫਿਰ ਹੌਲੀ ਜਿਹਾ ਹੱਥ ਛੱਡ ਦਿੱਤਾ। ਕਿਹਾ —ਦਰਅਸਲ ਮੈਂ ਬਹੁਤ ਦੂਰ ਆ ਗਈ ਹਾਂ।
ਜਿੱਥੇ ਅੱਜ ਮੈਂ ਖੜੀ ਹਾਂ, ਉੱਥੇ ਚਾਹ ਕੇ ਵੀ ਅਸੀਂ
ਇੱਕੋ ਜ਼ਮੀਨ 'ਤੇ ਖੜ੍ਹੇ ਨਹੀਂ ਰਹਿ
ਸਕਾਂਗੇ। ਕਹਿੰਦੇ ਹਨ ਸਮੁੰਦਰ ਸਭ ਕੁਝ ਵਾਪਸ
ਮੋੜ ਦਿੰਦਾ ਹੈ, ਪਰ ਜ਼ਿੰਦਗੀ ਕਦੇ ਗੁਆਚੇ
ਸਮੇਂ ਅਤੇ ਇੱਕ ਔਰਤ ਦੀ ਮਰਯਾਦਾ ਨੂੰ ਵਾਪਸ ਨਹੀਂ ਮੋੜਦੀ।
ਉਹ ਪੁੱਛ ਲੈਂਦੀ ਹੈ ਕਿ ਪੁਸ਼ਪੇਨ ਕਿੱਥੇ
ਠਹਿਰਿਆ ਹੈ?
ਇੱਧਰ ਦਾ ਇਲਾਕਾ ਉੰਨਾ ਚੰਗਾ ਨਹੀਂ ਹੈ। ਉਹ ਉਸ ਨੂੰ ਅੱਗੇ ਤੱਕ ਛੱਡ ਆਉਂਦੀ ਹੈ। ਫਿਰ ਕਹਿੰਦੀ ਹੈ
— ਹੁਣ ਇਸ ਰਸਤੇ ਤੋਂ
ਅਗਾਂਹ ਵਧਦੇ ਜਾਓ, ਤੁਹਾਡਾ ਹੋਟਲ ਆ ਜਾਵੇਗਾ।
ਅੱਜ ਤੋਂ ਬਾਅਦ ਮੈਂ ਵੀ ਕਹਿ ਸਕਾਂਗੀ ਕਿ ਮੈਂ ਵੀ ਕਿਸੇ ਨੂੰ ਸਹੀ ਰਾਹ ਦਿਖਾਇਆ ਸੀ।
ਪੁਸ਼ਪੇਨ ਬੋਲਿਆ —ਤੁਹਾਡਾ ਨਾਂ ਕੀ ਹੈ?
— ਉਮੰਗ।
ਸ਼ਾਇਦ ਫਿਰ ਕਦੇ ਮੁਲਾਕਾਤ ਹੋਵੇ।
ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਚਿਰ ਚੁੱਪਚਾਪ
ਖੜੀ ਉਸ ਵੱਲ ਤੱਕਦੀ ਰਹੀ। ਉਸ ਦੀਆਂ ਅੱਖਾਂ ਸਿਲ੍ਹਿਆਂ ਹੋ ਚੁੱਕੀਆਂ ਸਨ।
ਫਿਰ ਸਿਰ ਝੁਕਾ ਕੇ ਵਿਪਰੀਤ ਦਿਸ਼ਾ ਵੱਲ੍ਹ ਤੁਰਦੀ
ਗਈ।
000
ਧੰਨਵਾਦ ਸਹਿਤ - ਪ੍ਰੀਤਲੜੀ, ਜਨਵਰੀ 2026
कोई टिप्पणी नहीं:
एक टिप्पणी भेजें