ਬੰਗਲਾ ਕਹਾਣੀ ਸਿਆ
0
ਕ੍ਰਿਸ਼ਣੇਂਦੁ
ਮੁਖੋਪਾਧਿਆਏ
ਅਨੁਵਾਦ
- ਨੀਲਮ ਸ਼ਰਮਾ ‘ਅੰਸ਼ੁ’
ਸਿਖਰ ਦੁਪਹਿਰੇ ਇੱਕ ਦਰੱਖ਼ਤ
ਹੇਠਾਂ ਸਾਈਕਲ ਖੜਾ ਕਰਕੇ ਸਪਨ ਹੱਫ ਰਿਹਾ ਸੀ। ਅਜੇ ਵੀ ਲੂ ਚੱਲ ਰਹੀ ਹੈ। ਕੋਲਕਾਤਾ ਵਿੱਚ ਅਜਿਹੀ
ਸੁੱਕੀ ਗਰਮੀ ਪਹਿਲਾਂ ਨਹੀਂ ਪੈਂਦੀ ਸੀ। ਹੁਣ ਗਰਮੀਆਂ ਵਿੱਚ ਨਮੀ ਜਿਵੇਂ ਹੋਰ ਵੀ ਘੱਟ ਗਈ ਹੈ ’ਤੇ ਸ਼ਾਇਦ ਇਸੇ ਗਰਮੀ ਕਰਕੇ ਲੋਕਾਂ ਨੇ ਬਾਹਰੋਂ ਖਾਣਾ ਮੰਗਾਉਣਾ ਘੱਟ
ਕਰ ਦਿੱਤਾ ਹੈ। ਲੋਕਾਂ ਵੱਲੋਂ ਔਰਡਰ ਘੱਟ ਹੋਣ ਕਰਕੇ ਸਪਨ ਵਰਗੇ ਡਿਲਿਵਰੀ ਬੁਆਏ ਦਾ ਕੰਮ ਘੱਟ ਗਿਆ ਹੈ। ਇਸ ਇਲਾਕੇ ਵਿੱਚ ਤਾਂ ਦਿਨੋਂ-ਦਿਨ ਲੜਕੇ ਵਧ ਰਹੇ ਹਨ ’ਤੇ ਰੇਟ ਘੱਟ ਹੁੰਦਾ ਜਾ ਰਿਹਾ ਹੈ।
ਸਪਨ ਜਿਸ ਕੰਪਨੀ
ਵਿੱਚ ਡਿਲਿਵਰੀ ਬੁਆਏ ਦੇ ਤੌਰ ਤੇ ਕੰਮ ਕਰਦਾ ਹੈ, ਉੱਥੇ ਦੋ ਤਰ੍ਹਾਂ ਦੀਆਂ ਡਿਲਿਵਰੀਆਂ ਹੁੰਦੀਆਂ ਹਨ-ਇੱਕ
"ਐਕਸਪ੍ਰੈਸ ਡਿਲਿਵਰੀ", ਦੂਜੀ "ਗ੍ਰੀਨ ਡਿਲਿਵਰੀ"। ਐਕਸਪ੍ਰੈਸ ਉਹ ਕਰਦੇ ਹਨ
ਜਿਨ੍ਹਾਂ ਕੋਲ ਬਾਈਕ ਹੁੰਦੀ ਹੈ। ਸਮਾਂ ਘੱਟ ਲੱਗਦਾ ਹੈ, ਵੱਧ ਡਿਲਿਵਰੀਆਂ ਹੋ ਸਕਦੀਆਂ ਹਨ। ਗ੍ਰੀਨ ਡਿਲਿਵਰੀ
ਯਾਨੀ ਸਾਈਕਲ ਨਾਲ ਡਿਲਿਵਰੀ। ਪੈਟਰੋਲ ਦਾ ਪ੍ਰਦੂਸ਼ਣ ਨਹੀਂ ਹੁੰਦਾ। ਪਰ ਫਿਰ ਵੀ ਦਿਨ ਭਰ ਸਾਈਕਲ
ਚਲਾ ਕੇ ਬਹੁਤ ਘੱਟ ਡਿਲਿਵਰੀਆਂ ਕਰ ਹੁੰਦੀਆਂ ਹਨ। ਇਸ ਨਾਲ ਵਾਤਾਵਰਣ ਦਾ ਜੋ ਭਲਾ ਹੋਣਾ ਹੋਵੇ, ਹੋ ਜਾਂਦਾ ਹੈ, ਪਰ ਸਪਨ ਦਾ ਕੁਝ ਨਹੀਂ ਬਣਦਾ। ਸਪਨ ਵੀ ਸੁਪਨੇ
ਦੇਖਦਾ ਹੈ ਕਿ ਥੋੜ੍ਹੇ ਪੈਸੇ ਹੋਰ ਜਮਾ ਹੋ ਜਾਣ ’ਤੇ ਬੈਂਕ ਤੋਂ ਕੁਝ
ਲੋਨ ਲੈ ਕੇ ਬਾਈਕ ਖਰੀਦ ਲਵੇ। ਉਹ ਵੀ ਐਕਸਪ੍ਰੈਸ ਡਿਲਿਵਰੀ ਕਰਕੇ ਵੱਧ ਕਮਾ ਸਕੇਗਾ।
ਗਰਮ ਲੂ ਦੀ ਹਵਾ ਵਿੱਚ
ਉਸਦਾ ਲੰਮਾ ਹੌਕਾ ਗੁਆਚ ਗਿਆ। ਪਿਛਲੇ ਇੱਕ ਘੰਟੇ ਤੋਂ ਸਪਨ ਇੰਤਜ਼ਾਰ ਕਰ ਰਿਹਾ ਹੈ। ਵਾਰ-ਵਾਰ ਮੋਬਾਈਲ
ਵੱਲ ਦੇਖ ਲੈਂਦਾ ਹੈ ਕਿ ਕੋਈ ਡਿਲਿਵਰੀ ਕਾਲ ਨਾ ਆਈ ਹੋਵੇ। ਪਿੱਠੂ ਬੈਗ ’ਚੋਂ ਪਾਣੀ ਦੀ ਬੋਤਲ
ਕੱਢੀ। ਪਲਾਸਟਿਕ ਦੀ ਬੋਤਲ ਵਿਚਲਾ ਪਾਣੀ ਵੀ ਗਰਮ ਹੋ ਗਿਆ ਸੀ। ਕੁਝ ਘੁੱਟਾਂ ਤੋਂ ਵੱਧ ਪੀਤਾ ਨਹੀਂ
ਜਾ ਰਿਹਾ। ਪੀਣ ਨਾਲ ਪਿਆਸ ਨਹੀਂ ਬੁਝਦੀ। ਦੋ ਘੁੱਟ ਪਾਣੀ ਪੀ ਕੇ,
ਬੋਤਲ ਬੈਗ ਵਿੱਚ
ਰੱਖ ਕੇ ਝੁਮੁਰ ਨੂੰ ਫ਼ੋਨ ਕੀਤਾ।
“ਹੈਲੋ! ਕੀ ਕਰ ਰਹੀ ਏਂ?”
ਸਪਨ ਦਾ ਫ਼ੋਨ ਦੇਖ ਕੇ ਝੁਮੁਰ ਖੁਸ਼ ਹੋ ਗਈ। ਮੋਹ
ਭਿੱਜੇ ਸੁਰ ਵਿੱਚ ਬੋਲੀ, “ਲੇਟ ਕੇ ਅਰਾਮ ਕਰ ਰਹੀ ਹਾਂ। ਪਤਾ ਹੈ, ਪੱਖੇ ਹੇਠਾਂ ਲੇਟਿਆਂ-ਲੇਟਿਆਂ ਤੁਹਾਡੀ ਬਹੁਤ ਯਾਦ ਆ ਰਹੀ ਹੈ। ਮੈਂ ਤਾਂ
ਮਜ਼ੇ ਨਾਲ ਹਵਾ ਖਾ ਰਹੀ ਹਾਂ, ਤੇ ਤੁਸੀ ਇਸ ਭਖਦੀ ਗਰਮੀ ਵਿੱਚ ਬਾਹਰ ਸੜਕ 'ਤੇ ਫਿਰ ਰਹੇ ਹੋ।
ਸਪਨ ਨੇ ਮਾੜਾ ਜਿਹਾ ਹੱਸ ਕੇ ਕਿਹਾ—“ਨਹੀਂ, ਮੈਨੂੰ ਕੋਈ ਤਕਲੀਫ਼ ਨਹੀਂ।” ਫਿਰ ਐਵੇਂ ਹੀ ਝੂਠ-ਮੂਠ ਕਿਹਾ, “ਅੱਜ ਗਰਮੀ ਬਹੁਤ ਘੱਟ ਹੈ।”
“ਤੁਸੀ ਹੁਣ ਕਿੱਥੇ ਹੋ?”
“ਇੱਥੇ ਹੀ ਸਾਲਟ ਲੇਕ ’ਚ। ਸੁਣ, ਤੂੰ ਅੱਜ ਕੋਈ ਭਾਰਾ ਵਜ਼ਨ ਤਾਂ ਨਹੀਂ ਚੁੱਕਿਆ ਨਾ?”
ਝੁਮੁਰ ਹਾਮਲਾ ਹੈ। ਦਿਨ ਪੂਰੇ ਹੋਣ ਵਾਲੇ ਹਨ। ਤਬੀਅਤ ਵਿੱਚ ਕੁਝ ਸਮੱਸਿਆ ਆ ਰਹੀ ਹੈ। ਡਾਕਟਰ ਨੇ ਕਈ ਚੀਜ਼ਾਂ ਦੀ ਨਿਖੇਧੀ ਕੀਤੀ ਹੈ। ਸਪਨ ਨੂੰ ਇਸ ਬਾਰੇ ਝੁਮੁਰ ਤੋਂ ਵੀ ਵੱਧ ਫਿਕਰ ਰਹਿੰਦਾ ਹੈ। ਜਿਵੇਂ ਕਿ ਵਜ਼ਨ ਚੁੱਕਣਾ ਮਨ੍ਹਾ ਹੈ, ਪਰ ਫਿਰ ਵੀ ਝੁਮੁਰ ਸਵੇਰੇ ਭਰੀ ਹੋਈ ਬਾਲਟੀ ਚੁੱਕ ਬੈਠੀ ਸੀ। ਝੁਮੁਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ—“ਫ਼ਿਕਰ ਨਾ ਕਰੋ, ਮੈਂ ਆਪਣਾ ਪੂਰਾ ਖਿਆਲ ਰੱਖਦੀ ਹਾਂ।”
“ਖਾਣਾ ਖਾ ਲਿਆ?”
“ਹਾਂ-ਹਾਂ, ਖਾ ਲਿਆ। ਖਾ ਕੇ ਹੀ ਹੁਣ ਲੇਟ ਕੇ ਅਰਾਮ ਕਰ ਰਹੀ ਹਾਂ। ਤੁਸੀ ਖਾਧਾ?”
“ਖਾ ਲਵਾਂਗਾ, ਦੋ ਡਿਲਿਵਰੀਆਂ ਹੋਰ ਦੇ ਲਵਾਂ।”
“ਚੰਗਾ ਸੁਣੋ, ਟਿਫ਼ਿਨ ਬੌਕਸ ਡਿਲਿਵਰੀ ਬੈਗ ਵਿੱਚ ਰੱਖਣ ਨੂੰ ਕਿਹਾ ਸੀ। ਰੱਖਿਆ? ਢੱਕਣ ਢਿੱਲਾ ਹੋ ਗਿਆ ਹੈ, ਬਦਲਣਾ ਪੈਣਾ। ਟੇਪ ਲਗਾਈ ਸੀ?”
ਸਪਨ ਦਾ ਡਿਲਿਵਰੀ ਬੈਗ ਝੁਮੁਰ ਨੂੰ ਅਜੀਬ ਲਗਦਾ ਹੈ - ਠੰਡੀ ਚੀਜ਼ ਠੰਡੀ ਅਤੇ ਗਰਮ ਚੀਜ਼ ਗਰਮ। ਸਵੇਰੇ ਤੁਰਣ ਤੋਂ ਪਹਿਲਾਂ ਟਿਫ਼ਿਨ ਤਿਆਰ ਕਰ ਦਿੰਦੀ ਹੈ। ਜ਼ਿਆਦਾਤਰ ਰੋਟੀ-ਸਬਜ਼ੀ। ਹਰ ਦਿਨ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੀ ਟਿਫ਼ਿਨ ਨੂੰ ਚੰਗੀ ਤਰ੍ਹਾਂ ਬੈਗ ਵਿੱਚ ਰੱਖਣ ਦੀ ਹਿਦਾਇਤ ਵੀ। ਸਪਨ ਨੇ ਫਿਰ ਝੂਠ ਬੋਲਿਆ—“ਹਾਂ, ਟੇਪ ਲਗਾ ਕੇ ਹੀ ਰੱਖਿਆ ਹੈ।”
ਪਰ ਝੂਠ ਬੋਲਣਾ ਉਸਨੂੰ ਚੰਗਾ ਨਹੀਂ ਲੱਗਿਆ। ਝੁਮੁਰ ਦੀ ਐਨੀ ਕੁ ਹੀ ਤਾਂ ਸੀ ਖ਼ਾਹਿਸ਼। ਇਸ ਹਾਲਤ ਵਿੱਚ ਵੀ ਮੋਹ ਨਾਲ ਟਿਫ਼ਿਨ ਬਣਾ ਕੇ ਦਿੰਦੀ ਹੈ।
ਫ਼ੋਨ ਰੱਖ ਕੇ ਬੈਗ ਵਿੱਚੋਂ ਟਿਫ਼ਿਨ ਕੱਢਿਆ। ਵੇਲਾ ਕਾਫ਼ੀ ਹੋ ਗਿਆ ਸੀ।
ਭੁੱਖ ਵੀ ਲੱਗੀ ਹੋਈ ਸੀ। ਹੁਣ ਖਾ ਲੈਣਾ ਚਾਹੀਦਾ ਸੀ। ਉਦੋਂ ਹੀ ਪਿਕ-ਅਪ ਦਾ ਮੈਸੇਜ ਆ ਗਿਆ। ਢਿੱਲੇ
ਢੱਕਣ ਕਾਰਣ ਟਿਫ਼ਿਨ ਖੁਲ ਗਿਆ ਸੀ। ਕੰਪਨੀ ਵਾਲੀ ਟੇਪ ਲਗਾ ਕੇ ਸਫ਼ੈਦ ਟਿਫ਼ਿਨ ਬੌਕਸ ਡਿਲਿਵਰੀ ਬੈਗ
ਵਿੱਚ ਰੱਖ ਦਿੱਤਾ।
2
ਮੌਮਿਤਾ ਅਤੇ ਦੇਵਪ੍ਰਤਿਮ ਤੋਂ ਇਲਾਵਾ ਕੈਫੇ
ਵਿੱਚ ਹੋਰ ਕੋਈ ਗਾਹਕ ਨਹੀਂ ਸੀ। ਕੰਧ 'ਤੇ ਲੱਗੀ ਸ਼ੀਸ਼ੇ ਦੀ ਖਿੜਕੀ ਦੇ ਸਾਹਮਣੇ ਵਾਲੀ ਕੌਫੀ ਟੇਬਲ ਦੇ ਦੋਹਾਂ
ਪਾਸੇ ਉਹ ਬੈਠੇ ਸਨ। ਟੇਬਲ 'ਤੇ ਦੋ ਕਾਕਟੇਲ ਸਨ। ਉਹਨਾਂ ਵਿੱਚ ਬਰਫ਼ ਤੈਰ ਰਹੀ ਸੀ।
ਇਹੀ ਜਗ੍ਹਾ ਸਭ ਤੋਂ ਵਧੀਆ ਹੈ। ਸ਼ੀਸ਼ੇ 'ਤੇ ਕੌਫੀ ਰੰਗ ਦੀ
ਫ਼ਿਲਮ ਲੱਗੀ ਹੋਈ ਹੈ ਇਸ ਲਈ ਬਾਹਰ ਦੀ ਭਖਦੀ ਗਰਮੀ ਵਾਲੀ ਧੁੱਪ ਅੰਦਰ ਨਹੀਂ ਆ ਰਹੀ, ਉਸ ਤੋਂ ਇਲਾਵਾ ਏ.
ਸੀ. ਦੀ ਠੰਡਕ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਬਾਹਰ ਸ਼ਹਿਰ ਕਿੰਨੇ ਡਿਗਰੀ ਤਾਪਮਾਨ ਵਿੱਚ ਉੱਬਲ
ਰਿਹਾ ਹੈ। ਡ੍ਰਿੰਕ ਦੋ ਗਿਲਾਸਾਂ ਦੇ ਵਿਚਕਾਰ ਬਲੌਗ ਬਣਾਉਣ ਵਾਲੇ ਕੈਮਰੇ ਰੱਖੇ ਹਨ ਅਤੇ ਹੋਰ
ਚੀਜ਼ਾਂ। ਉਹਨਾਂ ਸਾਰੀਆਂ ਚੀਜ਼ਾਂ ਨੂੰ ਹਟਾ ਕੇ ਮੌਮਿਤਾ ਦੇ ਹੱਥ 'ਤੇ ਜਿਵੇਂ ਹੀ
ਦੇਵਪ੍ਰਤਿਮ ਨੇ ਹੱਥ ਰੱਖਿਆ, ਇੱਕ ਝਟਕੇ ਨਾਲ ਹੱਥ ਹਟਾ ਕੇ ਉਸ ਨੇ ਕਿਹਾ, “ਧੱਤ, ਕੁਝ ਵੀ ਚੰਗਾ ਨਹੀਂ
ਲੱਗ ਰਿਹਾ।”
“ਰਹਿ-ਰਹਿ ਕੇ ਇੱਕੋ ਗੱਲ ਕਿਉਂ ਕਹਿ ਰਹੀ ਏਂ?”
“ਕਹਾਂ ਨਾ। ਇੱਕ ਵੀ ਢੰਗ ਦਾ ਵੀਡੀਓ ਨਹੀਂ ਬਣ ਪਾ ਰਿਹਾ ਜਿਸਨੂੰ ਵਾਇਰਲ
ਕੀਤਾ ਜਾ ਸਕੇ, ਜਦਕਿ ਦੇਖੋ ਲੋਕੀਂ ਕਿਹੋ-ਕਿਹੋ ਜਿਹੇ ਵੀਡੀਓ ਬਣਾਕੇ ਵਾਇਰਲ ਕਰ ਰਹੇ ਹਨ।”
ਮੌਮਿਤਾ ਨੇ ਯੂ ਟਿਊਬ 'ਤੇ ਇੱਕ ਚੈਨਲ ਸ਼ੁਰੂ
ਕੀਤਾ ਹੈ। ਸਿਰਫ਼ ਇੱਕ ਮਹੀਨਾ ਹੋਇਆ ਹੈ। ਸਿਰਫ਼ ਚਾਰ ਵੀਡੀਓ ਅਪਲੋਡ ਕੀਤੇ ਹਨ। ਨਾ ਤਾਂ ਵੀਡੀਓ
ਦੇ ਵਿਊਜ਼ ਮਿਲ ਰਹੇ ਹਨ, ਨਾ ਲਾਇਕ, ਅਤੇ ਨਾ ਹੀ ਸਬਸਕ੍ਰਾਈਬਰ ਵੱਧ ਰਹੇ ਹਨ। ਮੌਮਿਤਾ ਵੀਡੀਓ ਬਣਾਉਂਦੀ ਹੈ, ਅਤੇ ਦੇਵਪ੍ਰਤਿਮ
ਐਡਿਟਿੰਗ ਕਰਦਾ ਹੈ। ਜੋ ਗੱਲ ਕਈ ਵਾਰੀ ਮੌਮਿਤਾ ਨੂੰ ਸਮਝਾ ਚੁੱਕਾ ਹੈ ਉਹੀ ਗੱਲ ਫਿਰ ਕਹੀ -
“ਤੈਨੂੰ ਤਾਂ ਕਿਹਾ ਸੀ ਕਿ ਥੋੜਾ ਸਮਾਂ ਲੱਗੇਗਾ ਬਾਬਾ। ਇਹ ਜਾਦੂ ਨਹੀਂ ਹੈ। ਥੋੜ੍ਹਾ ਧੀਰਜ ਰੱਖ।”
ਮੌਮਿਤਾ ਭੁੜਕ ਪਈ, “ਜਾਦੂ ਹੀ ਹੈ। ਵੀਡੀਓ ਜਾਦੂ ਵਾਂਗ ਵਾਇਰਲ ਹੁੰਦੇ ਹਨ। ਸਿਰਫ਼ ਕੰਟੈਂਟ ਠੀਕ-ਠਾਕ ਹੋਣਾ ਚਾਹੀਦਾ ਹੈ।”
“ਬਿਲਕੁਲ ਸਹੀ। ਸਾਨੂੰ ਓਹ ਠੀਕ-ਠਾਕ ਕੰਟੈਂਟ ਹੀ ਤਾਂ ਨਹੀਂ ਮਿਲ ਰਿਹਾ। ਅਸੀਂ ਹੋਰਾਂ ਦੇ ਵਾਇਰਲ ਵੀਡੀਓ ਨੂੰ ਫੌਲੋ ਕਰਕੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਵੱਖਰਾ, ਗ੍ਰਿਪਿੰਗ, ਐਨਗੇਜਿੰਗ ਸਟੋਰੀ ਚਾਹੀਦੀ ਹੈ। ਖੁਦ ਹੀ ਵੀਡੀਓ ਵਾਇਰਲ ਹੋ ਜਾਵੇਗਾ।”
“ਸਟੋਰੀ, ਸਟੋਰੀ ।” ਬੇਧਿਆਨ ਹੋ ਕੇ ਮੌਮਿਤਾ ਨੇ ਬਾਹਰ ਵੱਲ੍ਹ ਤੱਕਿਆ। ਫਿਰ ਅੱਖਾਂ ਚਮਕ ਉਠੀਆਂ, ਦੇਖ ਬਾਹਰ ਦੇਖ।
ਬਾਹਰ ਭਖਦੀ ਧੁੱਪ ਹੈ। ਲੋਕ-ਬਾਗ ਤਾਂ ਹਨ ਹੀ ਨਹੀਂ। ਸਿਰਫ਼ ਇੱਕ ਦਰੱਖ਼ਤ ਹੇਠਾਂ ਲਾਲ ਟੀ-ਸ਼ਰਟ ਵਾਲਾ ਇੱਕ ਡਿਲਿਵਰੀ ਬੁਆਏ ਇੰਤਜ਼ਾਰ ਕਰ ਰਿਹਾ ਹੈ।
ਦੇਵਪ੍ਰਤਿਮ ਨੇ ਪੁੱਛਿਆ, “ਕੀ ਦੇਖ ਰਹੀ ਏਂ?”
“ਸਟੋਰੀ। ਦੇਖ ਇਸ ਭਿਆਨਕ ਗਰਮੀ ਵਿੱਚ ਇੱਕ ਡਿਲਿਵਰੀ ਬੁਆਏ ਔਰਡਰ ਡਿਲਿਵਰ ਕਰਨ ਲਈ ਇੰਤਜ਼ਾਰ ਕਰ ਰਿਹਾ ਹੈ। ਸੋਚ, ਇਸ ਭਖਦੀ ਗਰਮੀ ਵਿੱਚ ਕਿੰਨੇ ਲੋਕ ਖੁਲ੍ਹੇ ਅਸਮਾਨ ਹੇਠ ਆਪਣਾ ਕੰਮ ਕਰ ਰਹੇ ਹਨ। ਟ੍ਰੈਫਿਕ ਸਿਗਨਲ ਪੁਲਿਸ, ਡਿਲਿਵਰੀ ਬੁਆਏ। ਅੱਛਾ, ਅਸੀਂ ਇਹਨਾਂ ਦੇ ਕੰਮ ਬਾਰੇ ਇੱਕ ਸੀਰੀਜ਼ ਬਣਾਈਏ?”
“ਹਮਮ, ਕਰ ਸਕਦੇ ਹਾਂ। ਪਰ ਵਾਇਰਲ ਕਰਨ ਲਈ ਸਟੋਰੀ ਵਿੱਚ ਕੁਝ ਐਕਸ ਫੈਕਟਰ ਦੀ ਲੋੜ ਹੁੰਦੀ ਹੈ। ਤੂੰ ਜੋ ਸੋਚ ਰਹੀ ਏਂ ਨਾ ਉਹ ਥੌਟ ਹੈ। ‘ਵਿਚਾਰਗੀ’ ਵਰਗੀ ਹਮਦਰਦੀ ਐਕਸ ਫੈਕਟਰ ਨਹੀਂ ਹੋ ਸਕਦੀ। ਲੋਕ ਪੰਜ-ਸੱਤ ਸੈਕੰਡ ਦੇਖਣ ਤੋਂ ਬਾਅਦ ਅੱਗੇ ਵਧਾ ਕੇ ਅੰਤ ਦੇਖਣਗੇ।”
“ਪਰ!”
ਦੇਵਪ੍ਰਤਿਮ ਨੇ ਅਚਾਨਕ ਮੌਮਿਤਾ ਨੂੰ ਰੋਕਦਿਆਂ ਕਿਹਾ - “ਉਏ ਠਹਿਰ ਜ਼ਰਾ। ਲੱਗਦਾ ਹੈ ਸਟੋਰੀ ਵਿੱਚ ਕੁਝ ਟਵਿਸਟ ਹੈ।”
ਮੌਮਿਤਾ ਨੇ ਦੇਖਿਆ ਕਿ ਡਿਲਿਵਰੀ ਬੁਆਏ ਨੇ ਆਪਣੇ ਪਿੱਠੁ ਬੈਗ ਵਿੱਚੋਂ ਇੱਕ ਸਫ਼ੈਦ ਕੰਟੇਨਰ ਕੱਢ ਕੇ ਟੇਪ ਲਗਾ ਕੇ ਡਿਲਿਵਰੀ ਬੈਗ ਵਿੱਚ ਰੱਖਿਆ।
“ਕੁਝ ਸਮਝ ਲੱਗੀ?”
ਮੌਮਿਤਾ ਨੇ ਇੱਕ ਵਾਰੀ ਦੇਵਪ੍ਰਤਿਮ ਵੱਲ੍ਹ ਤੱਕਿਆ, ਫਿਰ ਬਾਹਰ ਵੱਲ੍ਹ।
“ਲਗਦਾ ਏ ਕਿ ਮਾਮਲਾ ਗੜਬੜ ਹੈ। ਡਿਲਿਵਰੀ ਬੁਆਏ ਦਾ ਕੰਮ ਹੁੰਦਾ ਹੈ ਔਰਡਰ ਪਿਕ-ਅੱਪ ਕਰਨਾ, ਡਿਲਿਵਰ ਕਰਨਾ। ਪਰ ਬੰਦੇ ਨੇ ਦਰਖ਼ਤ ਹੇਠਾਂ ਖੜੇ ਹੋ ਕੇ - ਕੀ ਕੀਤਾ ਦੇਖਿਆ ਨਾ? ਇਹ ਹੈ ਐਕਸ ਫੈਕਟਰ। ਪਿਕ-ਅੱਪ ਅਤੇ ਡਿਲਿਵਰੀ ਦੇ ਵਿਚਕਾਰ ਕਿੰਨਾ ਕੁ ਕੁਝ ਵਾਪਰ ਜਾਂਦਾ ਹੈ, ਇਹ ਸਮਝਣਾ ਪਵੇਗਾ। ਚਲੋ, ਹੋ ਸਕਦਾ ਤੇਰੀ ਵਾਇਰਲ ਸਟੋਰੀ ਅੱਜ ਹੀ ਮਿਲ ਜਾਵੇ।”
ਤੇਜ਼ੀ ਨਾਲ ਡ੍ਰਿੰਕ ਦੇ ਬਾਕੀ ਘੁੱਟ ਮੁਕਾ ਕੇ ਦੇਵਪ੍ਰਤਿਮ ਬਿੱਲ ਦਾ ਭੁਗਤਾਨ ਕਰਕੇ ਮੌਮਿਤਾ ਨੂੰ ਲੈ ਕੇ ਜਿਵੇਂ ਹੀ ਕੈਫੇ ਤੋਂ ਬਾਹਰ ਨਿਕਲਿਆ, ਅੱਖਾਂ ਅਤੇ ਚਿਹਰੇ 'ਤੇ ਅੱਗ ਦਾ ਭਭਕਾ ਲੱਗ ਗਿਆ। ਹੈਲਮੇਟ ਲਗਾ ਕੇ ਬਾਈਕ ਸਟਾਰਟ ਕੀਤੀ ਦੇਵਪ੍ਰਤਿਮ ਨੇ। ਮੌਮਿਤਾ ਨੂੰ ਕਿਹਾ, “ਕੈਮਰਾ ਔਨ ਰੱਖ। ਉਸ ਡਿਲਿਵਰੀ ਬੁਆਏ ਨੂੰ ਦੂਰ ਤੋਂ ਫੌਲੋ ਕਰਾਂਗੇ।”
3
ਸਪਨ ਸਾਈਕਲ ਚਲਾ ਰਿਹਾ ਸੀ। ਹੁਣ ਲੂ ਜਿਵੇਂ ਉਸਦੇ ਸਰੀਰ ਨੂੰ ਲੱਗ ਹੀ ਨਹੀਂ ਰਹੀ ਸੀ। ਇੱਕ ਘੰਟਾ ਇੰਤਜ਼ਾਰ ਕਰਨ ਦੇ ਬਾਅਦ ਹੱਬ ਨੇ ਜਿਵੇਂ ਉਸਦੀ ਸੁਣ ਲਈ ਹੋਵੇ - ਆਖ਼ਿਰਕਾਰ ਇੱਕ ਡਿਲਿਵਰੀ ਮਿਲ ਹੀ ਗਈ। ਸਮੇਂ 'ਤੇ ਇਹ ਡਿਲਿਵਰੀ ਕਰ ਦੇਣ ਨਾਲ ਉਸਦੀ ਪੰਜ ਗ੍ਰੀਨ ਡਿਲਿਵਰੀਆਂ ਪੂਰੀਆਂ ਹੋ ਜਾਣਗੀਆਂ। ਰੱਬ ਜੇ ਅੱਜ ਇੱਕ ਹੋਰ ਡਿਲਿਵਰੀ ਦੁਆ ਦੇਵੇ ਤਾਂ ਛੇ ਦਾ ਟਾਰਗੇਟ ਪੂਰਾ ਹੋ ਜਾਵੇਗਾ ਅਤੇ ਬੋਨਸ ਵੀ।
ਮਨ ਹੀ ਮਨ ਮੱਥਾ ਟੇਕਦੇ ਹੋਇਆਂ ਵੀ ਸਪਨ ਨੇ ਇਸ ਅੰਨਦਾਤਾ ਰੱਬ ਨੂੰ ਕਦੇ ਨਹੀਂ ਦੇਖਿਆ। ਪਰਿਮਲ ਦਾ ਇਸ ਫ਼ੀਲਡ ’ਚ ਸੀਨੀਅਰ ਹਨ। ਜਦੋਂ ਅਚਾਨਕ ਏ.ਟੀ.ਐਮ. ਦੇ ਸਿਕਿਉਰਟੀ ਗਾਰਡ ਦੀ ਉਸਦੀ ਨੌਕਰੀ ਬੈਂਕ ਨੇ ਬਗੈਰ ਕਾਰਨ ਦੇ ਖ਼ਤਮ ਕਰ ਦਿੱਤੀ ਸੀ, ਸਪਨ ਦੀ ਦੁਨੀਆ ਹੀ ਉੱਜੜ ਗਈ ਸੀ। ਕੋਈ ਕੰਮ ਹੱਥ ਨਹੀਂ ਲੱਗ ਰਿਹਾ ਸੀ। ਇਸੇ ਦੌਰਾਨ ਝੁਮੁਰ ਹਾਮਲਾ ਵੀ ਹੋ ਗਈ। ਸਾਰੇ ਸੁਪਨੇ ਚੂਰ-ਚੂਰ ਹੋ ਗਏ ਸਨ। ਰੱਬ ਦੇ ਦੂਤ ਵਾਂਗ ਪਰਿਮਲ ਦਾ ਨੇ ਆ ਕੇ ਉਸਦੇ ਢੱਠੇ ਸੁਪਨਿਆਂ ਨੂੰ ਫਿਰ ਪਰਵਾਜ਼ ਦੇ ਦਿੱਤੀ।
ਡਿਲਿਵਰੀ ਬੁਆਏ ਦੀ ਨੌਕਰੀ - ਜਿਸ ਕੋਲ ਬਾਈਕ ਹੈ ਉਸਨੂੰ ਐਕਸਪ੍ਰੈਸ ਡਿਲਿਵਰੀ, ਜਿਸ ਕੋਲ ਸਾਈਕਲ ਹੈ ਉਸਨੂੰ ਗ੍ਰੀਨ ਡਿਲਿਵਰੀ। ਪਰਿਮਲ ਦਾ ਦੇ ਮੋਬਾਈਲ ਤੋਂ ਸਿਰਫ਼ ਅਧਾਰ ਕਾਰਡ ਅਤੇ ਬੈਂਕ ਖਾਤਾ ਅਪਲੋਡ ਕਰਨਾ ਪਿਆ ਸੀ। ਕੁਝ ਔਨਲਾਈਨ ਫਾਰਮ ਵੀ ਭਰੇ ਸਨ। ਇਹ ਸਭ ਪਰਿਮਲ ਦਾ ਨੇ ਹੀ ਕਰ ਦਿੱਤਾ ਸੀ। ਕੁੱਝ ਦਿਨਾਂ ਬਾਅਦ ਅਧਾਰ ਕਾਰਡ ਉੱਤੇ ਦਰਜ਼ ਘਰ ਦੇ ਪਤੇ 'ਤੇ ਕੰਪਨੀ ਦੀ ਲਾਲ ਟੀ-ਸ਼ਰਟ, ਆਈ. ਡੀ. ਕਾਰਡ ਅਤੇ ਕਾਲਾ ਡਿਲਿਵਰੀ ਬੌਕਸ ਆ ਗਿਆ ਸੀ। ਝੁਮੁਰ ਬਹੁਤ ਖ਼ੁਸ਼ ਹੋਈ ਸੀ। ਕਹਿੰਦੀ ਸੀ - ਇਹ ਡਿਲਿਵਰੀ ਬੌਕਸ ਕਿਸਮਤ ਸਵਾਰਣ ਵਾਲਾ ਮੈਜਿਕ ਬੌਕਸ ਹੈ।
ਸੱਚਮੁੱਚ ਓਹੋ ਜਿਹਾ ਹੀ ਸੀ। ਸਪਨ ਨੇ ਕਦੇ ਰੱਬ ਜਾਂ ਮਾਲਕ ਨੂੰ ਨਹੀਂ ਦੇਖਿਆ ਸੀ, ਪਰ ਉਹਨਾਂ ਦੇ ਬਣਾਏ ਇਸ ਸਿਸਟਮ ਨੂੰ ਮਨ ਹੀ ਮਨ ਸਲਾਮ ਕਰਦਾ ਹੈ।
ਸਾਰਾ ਕੰਮ ਮੋਬਾਈਲ ਰਾਹੀਂ ਹੋ ਜਾਂਦਾ ਹੈ। ਕੰਮ ਵੀ ਬਹੁਤਾ ਔਖਾ ਨਹੀਂ। ਮੋਬਾਈਲ 'ਤੇ ਲੋਕੇਸ਼ਨ ਆਉਂਦੀ ਹੈ, ਮੈਪ ਦੇਖ ਕੇ ਪਿਕ-ਅਪ ਪਲੇਸ 'ਤੇ ਚਲੇ ਜਾਓ। ਫਿਰ ਖਾਣੇ ਦਾ ਪੈਕਟ ਪਿਕ ਕਰਕੇ ਮੈਪ ਦੇ ਜ਼ਰੀਏ ਕਸਟਮਰ ਤੱਕ ਪਹੁੰਚਾ ਦਿਓ। ਸਮੇਂ ਤੋਂ ਪਹਿਲਾਂ ਪਹੁੰਚਣ 'ਤੇ ਇਨਸੈਂਟਿਵ ਮਿਲਦਾ ਹੈ। ਕੰਪਨੀ ਨੇ ਕਦੇ ਵਾਅਦਾ ਨਹੀਂ ਤੋੜਿਆ। ਪੇਮੇਂਟ ਵਾਲੇ ਦਿਨ ਬਿਲਕੁਲ ਸਮੇਂ ਸਿਰ ਪੈਸੇ ਬੈਂਕ ਵਿੱਚ ਆ ਜਾਂਦੇ ਹਨ।
ਮੁਕਾਬਲਾ ਤਾਂ ਸਿਰਫ਼ ਇਹ ਮੌਕਾ ਮਿਲਣ ਦਾ ਹੀ ਹੈ। ਇਸ ਵਿੱਚ ਸਪਨ ਦਾ ਕੋਈ ਵੱਸ ਨਹੀਂ। ਪਰਿਮਲ ਦਾ ਨੇ ਇੱਕ ਦਿਨ ਸਮਝਾਇਆ ਸੀ ਕਿ ਇਹ ਸਾਰਾ ਕੁਝ ਕੰਪਨੀ ਦਾ ਕੰਪਿਊਟਰ ਨਿਰਧਾਰਤ ਕਰਦਾ ਹੈ - ਕਿਹੜੀ ਦੁਕਾਨ ਦਾ ਔਰਡਰ, ਸਭ ਤੋਂ ਨੇੜੇ ਖਾਲੀ ਕਿਹੜਾ ਡਿਲਿਵਰੀ ਬੁਆਏ ਹੈ ਆਦਿ। ਸਪਨ ਇਨ੍ਹਾਂ ਚੀਜ਼ਾਂ ਵਿਚ ਮਗਜ਼ਮਾਰੀ ਨਹੀਂ ਕਰਦਾ। ਉਸਨੂੰ ਸਿਰਫ਼ ਟਾਰਗੇਟ ਪੂਰਾ ਕਰਕੇ ਕੁੱਝ ਵਾਧੂ ਕਮਾ ਕੇ ਬੋਨਸ ਮਿਲਣ ਨਾਲ ਮਤਲਬ ਹੁੰਦਾ ਹੈ। ਘਰ ਵਿੱਚ ਨਵਾਂ ਮਹਿਮਾਨ ਆਉਣ ਵਾਲਾ ਹੈ। ਕਬੀਲਦਾਰੀ ਵਧਣ ਵਾਲੀ ਹੈ।
ਪੈਡਲ ਮਾਰਣ ਦੀ ਸਪੀਡ ਵਧਾ ਕੇ ਨਿਰਧਾਰਿਤ ਦੁਕਾਨ 'ਤੇ ਪਹੁੰਚ ਕੇ ਸਪਨ ਕਾਊਂਟਰ 'ਤੇ ਗਿਆ ਅਤੇ ਪਿਨ ਨੰਬਰ ਦੱਸਿਆ। ਕਾਊਂਟਰ ਵਾਲੀ ਲੜਕੀ ਨੇ ਇੱਕ ਰਜਿਸਟਰ ਅੱਗੇ ਰੱਖ ਦਿੱਤਾ। ਜ਼ਿਆਦਾਤਰ ਦੁਕਾਨਾਂ ਵਾਂਗ ਇਸਦੀ ਵੀ ਇਹੀ ਰੀਤ ਸੀ -ਰਜਿਸਟਰ ਵਿੱਚ ਆਪਣਾ ਪਿਨ ਯਾ ਡੀ. ਡੀ. ਅਤੇ ਮੋਬਾਈਲ ਨੰਬਰ ਲਿਖਣਾ। ਇਹ ਸਭ ਲਿਖਣ ਤੋਂ ਬਾਅਦ ਲੜਕੀ ਨੇ ਦੁਕਾਨ ਦੇ ਮੋਬਾਈਲ 'ਤੇ ਉਸਦੀ ਐਂਟਰੀ ਕਰਕੇ, ਦੋ ਪੈਕਟਾਂ 'ਤੇ ਕੰਪਨੀ ਦੇ ਸਟੀਕਰ ਲਾਉਂਦੇ ਹੋਏ ਕਿਹਾ, “ਵੱਡੇ ਪੈਕਟ ਵਿੱਚ ਆਇਸਿੰਗ ਕੇਕ ਹੈ, ਧਿਆਨ ਨਾਲ ਲੈਕੇ ਜਾਣਾ।”
ਇਹ ਕਹਿਣ ਦੀ ਵੀ ਲੋੜ ਨਹੀਂ ਸੀ ਕਿਉਂਕਿ ਸਪਨ ਕਦੇ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਪੈਕਟ ਵਿੱਚ ਕੀ ਹੈ। ਉਸਨੂੰ ਸਿਰਫ਼ ਪਤਾ ਹੈ ਕਿ ਬਸ ਜਿੰਨਾ ਜਲਦੀ ਹੋ ਸਕੇ ਦੱਸੀ ਗਈ ਥਾਂਹ ’ਤੇ ਪਹੁੰਚਾ ਦੇਣਾ ਹੈ। ਕੰਪਨੀ ਦਾ ਕੰਪਿਊਟਰ ਵੀ ਗਿਣਦਾ ਹੈ ਕਿ ਪਿਕ-ਅਪ ਕਦੋਂ ਕੀਤਾ ਅਤੇ ਡਿਲਿਵਰੀ ਕਦੋਂ ਕੀਤੀ। ਸਮਾਂ ਨਿਕਲ ਜਾਣ 'ਤੇ ਇਨਸੈਂਟਿਵ ਨਹੀਂ ਮਿਲਦਾ।
ਦੋਵੇਂ ਪੈਕਟ ਲੈ ਕੇ ਮੋਬਾਈਲ 'ਤੇ ਰੂਟ ਦੇਖਿਆ। ਸਾਲਟ ਲੇਕ ਦੇ ਡਬਲ–ਈ ਬਲਾਕ ਦੀ ਡਿਲਿਵਰੀ ਸੀ। ਦੁਕਾਨ ਤੋਂ ਢਾਈ ਕਿਲੋਮੀਟਰ ਦੂਰ। ਰੂਟ ਨੂੰ ਦਿਮਾਗ਼ ਵਿੱਚ ਬਿਠਾ ਕੇ ਸਪਨ ਦੁਕਾਨ ਤੋਂ ਨਿਕਲ ਹੀ ਰਿਹਾ ਸੀ ਕਿ ਕੈਸ਼ ਕਾਊਂਟਰ 'ਤੇ ਬੈਠੇ ਬੰਦੇ ਨੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, “ਠਹਿਰਣਾ ਜ਼ਰਾ।”
ਫਿਰ ਉਸ ਨੇ ਲੜਕੀ ਨੂੰ ਕਿਹਾ -“ਕੇਕ ਉੱਤੇ ਨਾਂ ਦੀ ਸਪੈਲਿੰਗ ਠੀਕ ਲਿਖੀ ਹੈ ਨਾ?”
ਲੜਕੀ ਨੇ ਝਿਜਕਦੇ ਹੋਏ ਕਿਹਾ - “ਹਾਂ, ਠੀਕ ਹੀ ਲਿਖਿਆ ਹੈ, ਜਿਵੇਂ ਔਰਡਰ ਵਿੱਚ ਸੀ।”
“ਔਰਡਰ ਵਿੱਚ ਤਾਂ ਹਮੇਸ਼ਾ ਠੀਕ ਹੀ ਲਿਖਿਆ ਹੁੰਦਾ ਹੈ, ਗ਼ਲਤੀ ਤਾਂ ਤੁਸੀਂ ਹੀ ਕਰਦੇ ਹੋ। ਚੈਕ ਕਰੋ। ਦੋ ਸ਼ਿਕਾਇਤਾਂ ਪਹਿਲਾਂ ਹੀ ਆ ਚੁੱਕੀਆਂ ਹਨ।”
ਲੜਕੀ ਨੇ ਵੱਡਾ ਪੈਕਟ ਖੋਲ੍ਹਿਆ। ਫਿਰ ਮੋਬਾਈਲ ਦੇਖਿਆ ਅਤੇ ਦੰਦਾ ਨਾਲ ਆਪਣੀ ਜੀਭ ਟੁੱਕੀ - “ਅਰੇ, ਮੈਂ ‘ਐਚ’ ਕਿਉਂ ਲਿਖ ਦਿੱਤਾ…?”
ਕੈਸ਼ ਕਾਊਂਟਰ ਵਾਲੇ ਨੇ ਗੁੱਸੇ ਨਾਲ ਕਿਹਾ - “ਫਿਰ ਗ਼ਲਤੀ?”
“ਮੈਂ ਹੁਣੇ ਠੀਕ ਕਰ ਦਿੰਦੀ ਹਾਂ।” ਲੜਕੀ ਨੇ ਜਲਦੀ ਨਾਲ ਕਿਹਾ।
ਸਪਨ ਨੇ ਦੇਖਿਆ - ਇੱਕ ਵੱਡਾ ਗੁਲਾਬੀ ਅਤੇ ਚਿੱਟਾ ਕੇਕ ਸੀ। ਕ੍ਰੀਮ ਨਾਲ ਬਹੁਤ ਖੂਬਸੂਰਤੀ ਨਾਲ ਸਜਾਇਆ ਹੋਇਆ। ਉਸ 'ਤੇ ਲਿਖਿਆ ਸੀ—“ਹੈਪੀ ਬਰਥ ਡੇ ਸਿਆ”। ਸਿਆ - S H I A. ਲੜਕੀ ਨੇ ‘H’ ਮਿਟਾ ਕੇ ਨਵੀਂ ਸਪੈਲਿੰਗ ਸਟਾਈਲ ਨਾਲ ਲਿਖੇ ਅਤੇ ਕਿਹਾ—“ਜ਼ਰਾ ਦੇਖ ਲੈਣਾ, ਸਰ?”
ਉਹ ਬੰਦਾ ਕੈਸ਼ ਕਾਊਂਟਰ ਤੋਂ ਉੱਠਿਆ, ਕੇਕ ਦੇਖਿਆ ਪਰ ਬਹੁਤ ਸਤੁੰਸ਼ਟ ਨਹੀਂ ਹੋਇਆ - “ਸਾਰਾ ਖ਼ਰਾਬ ਕਰ ਦਿੱਤਾ। ਦਿਨੋਂ-ਦਿਨ ਦੁਕਾਨ ਦੀ ਰੇਪੁਟੇਸ਼ਨ ਖ਼ਰਾਬ ਕਰੀ ਜਾ ਰਹੇ ਹੋ। ਹੁਣ ਮੈਨੂੰ ਆਪ ਹੀ ਸਾਂਭਣਾ ਪਵੇਗਾ।”
ਸਪਨ ਬੇਚੈਨ ਸੀ, ਕਿਉਂਕਿ ਇਹ ਲੋਕ ਪਿਕ-ਅਪ ਸਮਾਂ ਦੇ ਚੁੱਕੇ ਸਨ, ਪਰ ਇਨ੍ਹਾਂ ਨੂੰ ਕਹਿ ਕੇ ਕੋਈ ਫਾਇਦਾ ਨਹੀਂ। ਡਿਲਿਵਰੀ ਬੁਆਇਆਂ ਦੀ ਸੁਣਦਾ ਕੌਣ ਹੈ? ਜ਼ਿਆਦਾ ਕੁਝ ਕਹਿਣ ‘ਤੇ ਸ਼ਿਕਾਇਤ ਕਰ ਦੇਣਗੇ। ਸਮਾਂ ਕਿਸਦੀ ਗ਼ਲਤੀ ਨਾਲ ਖ਼ਰਾਬ ਹੋ ਰਿਹਾ ਹੈ — ਇਹ ਗੱਲ ਕੰਪਨੀ ਦਾ ਕੰਪਿਊਟਰ ਨਹੀਂ ਸਮਝੇਗਾ।
ਕੇਕ ਵਾਲੇ ਪੈਕੇਟ ‘ਤੇ ਮੁੜ ਟੇਪ ਲਗਾਉਣ ਤੋਂ ਬਾਅਦ ਆਖ਼ਿਰਕਾਰ ਜਦੋਂ ਦੋਵੇਂ ਪੈਕੇਟ ਸਪਨ ਨੂੰ ਮਿਲੇ, ਤਦ ਤੱਕ 12 ਮਿੰਟ ਬਰਬਾਦ ਹੋ ਚੁੱਕੇ ਸਨ। ਦੋਵੇਂ ਪੈਕੇਟ ਸਾਈਕਲ ਦੇ ਕੈਰੀਅਰ ਵਾਲੇ ਡਿਲਿਵਰੀ ਬੌਕਸ ਵਿੱਚ ਰੱਖ ਕੇ ਸਪਨ ਤੇਜ਼ੀ ਨਾਲ ਪੈਡਲ ਮਾਰਦਿਆਂ ਡਿਲਿਵਰੀ ਦੇ ਟਿਕਾਣੇ ਵੱਲ ਵਧਣ ਲੱਗਿਆ।
ਰਾਹ ਵਿਚ ਹੀ ਸਪਨ ਦਾ ਮੋਬਾਈਲ ਵੱਜ ਪਿਆ। ਝੁਮੁਰ ਦੀ ਰਿੰਗ ਟੋਨ ਸੀ। ਸਾਈਕਲ ਰੋਕ ਕੇ ਕਾਲ ਰਿਸੀਵ ਕਰਨੀ ਪਈ।
“ਖਾਣਾ ਖਾ ਲਿਆ?”
ਸਪਨ ਨੇ ਸੱਚ ਬੋਲਿਆ, “ਇੱਕ ਡਿਲਿਵਰੀ ਦੇਣ ਜਾ ਰਿਹਾ ਹਾਂ, ਦੇ ਕੇ ਖਾ ਲਵਾਂਗਾ। ਹਾਲੇ ਇੰਨੀ ਭੁੱਖ ਵੀ ਨਹੀਂ ਲੱਗੀ।”
ਝੁਮੁਰ ਨੇ ਫਿਕਰਮੰਦ ਲਹਿਜੇ ਵਿੱਚ ਕਿਹਾ, “ਡਿਲਿਵਰੀ ਬਾਅਦ ਵਿੱਚ ਦੇਣਾ, ਪਹਿਲਾਂ ਖਾ ਲਉ। ਮੇਰੀ ਸਹੁਂ! ਤੁਹਾਨੂੰ ਲੋ-ਪ੍ਰੈਸ਼ਰ ਹੈ, ਸ਼ੁਗਰ ਵੀ। ਤਬੀਅਤ ਖ਼ਰਾਬ ਹੋ ਗਈ ਤਾਂ ਸਾਡਾ ਕੀ ਬਣੇਗਾ?”
ਸਪਨ ਨੇ ਮੋਬਾਈਲ ਦੀ ਸਕ੍ਰੀਨ ਵੱਲ ਦੇਖਿਆ, ਫਿਰ ਲੰਮੇਰਾ ਸਾਹ ਛੱਡਿਆ। ਹਾਂ, ਡਿਲਿਵਰੀ ਦੇ ਇਨਸੈਂਟਿਵ ਦਾ ਸਮਾਂ ਲੰਘ ਚੁੱਕਾ ਸੀ। ਲਾਲ ਸਿਗਨਲ ਦਿਖ ਰਿਹਾ ਸੀ। ਸਪਨ ਨੇ ਲਮੇਰਾ ਹੌਕਾ ਲੁਕਾਉਂਦਿਆਂ ਕਿਹਾ, “ਠੀਕ ਹੈ। ਤੂੰ ਫਿਕਰ ਨਾ ਕਰ। ਹੁਣੇ ਖਾ ਲੈਂਦਾ ਹਾਂ।”
ਇੱਕ ਰੁੱਖ ਹੇਠਾਂ ਰੁਕ ਕੇ ਡਿਲਿਵਰੀ ਬੌਕਸ ਤੋਂ ਸਫੇਦ ਟਿਫ਼ਿਨ ਕੱਢ ਕੇ ਆਪਣੀ ਰੋਟੀ ਖਾਣ ਲੱਗਾ। ਵਾਹ! ਝੁਮੁਰ ਦੇ ਹੱਥਾਂ ਵਿੱਚ ਸੱਚਮੁੱਚ ਜਾਦੂ ਹੈ -ਕਿੰਨੀ ਸੁਆਦਲੀ ਬਣੀ ਹੈ ਸਬਜ਼ੀ। ਖਾਣਾ ਮੁਕਾ ਗਰਮ ਪਾਣੀ ਦੀ ਬੋਤਲ ਖ਼ਤਮ ਕਰਕੇ ਸਪਨ ਨੇ ਮੁੜ ਸਾਈਕਲ ਤੋਰਿਆ। ਸਮਾਂ ਲਾਲ ਹੋ ਗਿਆ ਹੈ, ਇਸ ਲਈ ਹੁਣ ਕਾਹਲ ਨਹੀਂ - ਹੌਲੀ–ਹੌਲੀ ਪੈਡਲ ਮਾਰਣ ਲੱਗਾ। ਉਹ ਇਹ ਨਹੀਂ ਸਮਝਿਆ ਕਿ ਥੋੜੀ ਵਿੱਥ ‘ਤੇ ਖੜੇ ਇੱਕ ਬਾਈਕ ਤੋਂ ਉਸਦੇ ਖਾਣ ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਰਿਹਾ ਸੀ।
ਦੇਵਪ੍ਰਤਿਮ ਨੇ ਕਿਹਾ, “ਡਨ।”
ਮੌਮਿਤਾ ਨੇ ਪੁੱਛਿਆ, “ਅਸੀਂ ਕੀ ਵੀਡੀਓ ਬਣ ਰਹੇ ਹਾਂ, ਦੱਸ ਤਾਂ ਸਹੀ।”
“ਕਿਉਂ? ਲਾਈਫ ਆਫ਼ ਅ ਡਿਲਿਵਰੀ ਬੁਆਏ। ਕਿੰਨਾ ਕੁੱਝ ਵੇਖਿਆ ਇਸ ਦੌਰਾਨ - ਕਦੇ ਕੰਟੇਨਰ ਸੀਲ ਕਰ ਰਿਹਾ ਹੈ, ਕਦੇ ਰਾਹ ਵਿੱਚ ਖਾਲੀ ਜਗ੍ਹਾ ਦੇਖ ਕੇ ਸੀਲ ਖੋਲ ਕੇ ਖਾ ਕੇ ਫਿਰ ਲਗਾ ਦਿੱਤੀ। ਇਹ ਸਭ ਕੁਝ ਕੀ ਲੋਕਾਂ ਨੂੰ ਪਤਾ ਹੈ? ਜਦੋਂ ਵੀਡੀਓ ਦੇਖਣਗੇ ਤਦ ਹੀ ਪਤਾ ਲੱਗੁ, ਅਤੇ ਵੀਡੀਓ ਵਾਇਰਲ ਹੋ ਜਾਵੇਗਾ।”
4
ਸਪਨ ਨੇ ਡੋਰਬੈੱਲ ਬਜਾਈ। ਘਰ ਦੇ ਅੰਦਰ ਇੱਕ ਸੁਰੀਲੀ ਧੁਨ ਵੱਜੀ। ਕੁਝ ਚਿਰ ਬਾਅਦ ਇੱਕ ਇਸਤ੍ਰੀ ਨੇ ਦਰਵਾਜ਼ਾ ਖੋਲਿਆ।
“ਮੈਮ, ਡਿਲਿਵਰੀ ਹੈ।” ਸਪਨ ਨੇ ਨਿਮਰਤਾ ਨਾਲ ਦੋਵੇਂ ਪੈਕੇਟ ਅੱਗੇ ਵਧਾਏ।
ਇਸਤ੍ਰੀ ਨੇ ਲੈਂਦੇ ਹੋਇਆਂ ਪੁੱਛਿਆ, “ਓਹ, ਅੱਛਾ। ਪੇਮੈਂਟ ਕੀਤੀ ਹੋਈ ਹੈ?”
“ਨਹੀਂ ਮੈਮ, ਕੈਸ਼ ਔਨ ਡਿਲਿਵਰੀ ਹੈ।”
“ਕਿੰਨੇ?”
“1970 ਰੁਪਏ ਮੈਮ।”
“ਜ਼ਰਾ ਰੁਕੋ, ਲੈ ਕੇ ਆਉਂਦੀ ਹਾਂ।” ਉਹ ਦੋਵੇਂ ਪੈਕੇਟ ਅੰਦਰ ਲੈ ਗਈ। ਸਪਨ ਦਰਵਾਜ਼ੇ ਕੋਲ ਖੜ੍ਹਾ ਰਿਹਾ। ਫਲੈਟ ਦਾ ਅੰਦਰਲਾ ਹਿੱਸਾ ਨਜ਼ਰ ਆ ਰਿਹਾ ਸੀ। ਗੁੱਬਾਰਿਆਂ ਨਾਲ ਸਜਿਆ ਹੋਇਆ। ਵੱਖਰਾ ਹੀ ਮਾਹੌਲ ਸੀ। ਸਪਨ ਦਾ ਮਨ ਖਿੜ ਗਿਆ।
ਇਸੇ ਦੌਰਾਨ ਇੱਕ ਫ਼ਰਾਕ ਵਾਲੀ ਬੱਚੀ ਆ ਕੇ ਬੋਲੀ, “ਤੁਸੀ ਮੇਰੇ ਹੈਪੀ ਬਰਥਡੇ ਵਾਲਾ ਕੇਕ ਲਿਆਏ ਹੋ ਕਾਕੂ?”
ਸਪਨ ਹੱਸਿਆ, “ਹਾਂ, ਹੈਪੀ ਬਰਥਡੇ!”
“ਥੈਂਕ ਯੂ ਕਾਕੂ। ਅੱਜ ਮੇਰੀ ਬਰਥਡੇ ਪਾਰਟੀ ਹੈ। ਕੇਕ ਕੱਟਣ ਵੇਲੇ ਤੁਸੀਂ ਆਓਗੇ?”
ਸਪਨ ਹੌਲਾ ਜਿਹਾ ਮੁਸਕੁਰਾਇਆ।
ਇਸਤ੍ਰੀ ਨੇ ਆਕੇ 500 ਦੇ ਚਾਰ ਨੋਟ ਦਿੱਤੇ। ਸਪਨ ਪਰਸ ਵਿਚੋਂ 30 ਰੁਪਏ ਕੱਢ ਰਿਹਾ ਸੀ, ਪਰ ਇਸਤ੍ਰੀ ਨੇ ਕਿਹਾ, “ਠੀਕ ਹੈ, ਚੇਂਜ ਰਹਿਣ ਦਿਉ।”
ਸਪਨ ਨੇ ਬੈਗ ‘ਚੋਂ ਖਾਲੀ ਬੋਤਲ ਕੱਢ ਕੇ ਕਿਹਾ, “ਮੈਮ, ਥੋੜ੍ਹਾ ਪਾਣੀ ਮਿਲ ਜਾਵੇਗਾ?”
ਔਰਤ ਕੁਝ ਕਹਿੰਦੀ, ਇਸ ਤੋਂ ਪਹਿਲਾਂ ਹੀ ਬੱਚੀ ਬੋਲ ਪਈ, “ਕੋਲਡ ਡ੍ਰਿੰਕ ਪੀਓਗੇ ਕਾਕੂ?”
ਇਸਤ੍ਰੀ ਨੇ ਬੱਚੀ ਵੱਲ ਤਿੱਖਿਆਂ ਨਿਗਾਹਾਂ ਨਾਲ ਵੇਖਿਆ, “ਹੇਠਾਂ ਵਾਲੇ ਸਿਕਿਊਰਿਟੀ ਗਾਰਡ ਕੋਲ ਜਾਓ। ਉੱਥੇ ਪੀਣ ਵਾਲਾ ਟੈਪ ਹੈ, ਉੱਥੋਂ ਭਰ ਲਓ।”
ਅਚਾਨਕ ਪੌੜਿਆਂ ਤੋਂ ਡਿਗਦੇ-ਢਹਿੰਦੇ ਇੱਕ ਨੌਜਵਾਨ ਅਤੇ ਇੱਕ ਲੜਕੀ ਉੱਪਰ ਆਏ। ਲੜਕੀ ਦੇ ਹੱਥ ਵਿੱਚ ਕੈਮਰਾ ਸੀ। ਨੌਜਵਾਨ ਨੇ ਸਪਨ ਨੂੰ ਤਾੜਦੇ ਹੋਏ ਕਿਹਾ : “ਓਏ, ਤੂੰ ਖੜ ਜ਼ਰਾ! ਕਿਤੇ ਨਾ ਜਾਈਂ।”
ਇਸਤ੍ਰੀ ਨੇ ਹੈਰਾਨੀ ਨਾਲ ਕਿਹਾ, “ਕੀ ਹੋਇਆ? ਤੁਸੀਂ ਕੌਣ ਹੋ?”
“ਅਸੀਂ ਯੂ ਟਿਊਬਰ ਹਾਂ ਮੈਮ। ਸਭ ਦੱਸਦੇ ਹਾਂ। ਇਸ ਬੰਦੇ ਨੇ ਜਿਹੜੇ ਪੈਕੇਟ ਤੁਹਾਨੂੰ ਦਿੱਤੇ ਨੇ, ਜ਼ਰਾ ਲਿਆਓ।”
ਪੈਕੇਟ ਲਿਆਉਂਦੇ ਹੀ ਦੇਵਪ੍ਰਤਿਮ ਨੇ ਕਿਹਾ, “ਇਹ ਵੇਖੋ ਮੈਮ… ਸੀਲ ਖੋਲ੍ਹ ਕੇ ਮੁੜ ਲਗਾਈ ਗਈ ਹੈ। ਪਤਾ ਹੈ ਕਿਉਂ? ਅਸੀਂ ਵੀਡੀਓ ਬਣਾਇਆ ਹੈ। ਮੌਮਿਤਾ, ਤੂੰ ਸੀਲ ਦੀ ਚੰਗੀ ਤਰ੍ਹਾਂ ਫੋਟੋ ਖਿੱਚ ਅੱਜ ਹੀ ਚੈਨਲ ‘ਤੇ ਅੱਪਲੋਡ ਕਰਾਂਗੇ। ਇਹ ਸਭ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਹੁਣ ਪੈਕੇਟ ਖੋਲ੍ਹੋ ਮੈਮ, ਪਲੀਜ਼…”
5
ਹਨੇਰਾ ਉੱਤਰ ਆਇਆ ਹੈ। ਹਵਾ ਵਿੱਚ ਹੁਣ ਲੂ ਦੇ ਥਪੇੜੇ ਨਹੀਂ ਹਨ, ਸਗੋਂ ਠੰਡੀ ਹਵਾ ਵੱਗ ਰਹੀ ਹੈ। ਅਸਮਾਨ ਸਾਫ਼ ਹੈ। ਕੁਝ ਹਲਕੇ ਜਿਹੇ ਤਾਰੇ ਵੀ ਦਿਸ ਰਹੇ ਹਨ। ਸਪਨ ਸਾਈਕਲ ਚਲਾ ਰਿਹਾ ਹੈ, ਪਰ ਲੱਗਦਾ ਹੈ ਕਿ ਕੈਰੀਅਰ ਉੱਤੇ ਰੱਖੇ ਮੈਜਿਕ ਬੌਕਸ ਵਿੱਚ ਜਿਵੇਂ ਬਹੁਤ ਭਾਰੇ ਪੱਥਰ ਭਰੇ ਹੋਏ ਹੋਣ। ਸਾਈਕਲ ਖਿੱਚਿਆ ਨਹੀਂ ਜਾ ਰਿਹਾ। ਇੱਕ ਲੰਮਾ ਸਾਹ ਲੈ ਕੇ ਅਸਮਾਨ ਵੱਲ ਤੱਕਿਆ ਸਪਨ ਨੇ।
ਅੱਜ ਤੱਕ ਜੋ ਕਦੇ ਮਹਿਸੂਸ ਨਹੀਂ ਹੋਇਆ ਸੀ, ਉਹ ਹੁਣ ਹੋ ਰਿਹਾ ਸੀ - ਉਹਨਾਂ ਤਾਰਿਆਂ ਦੇ ਸਮੂਹ ਵਿੱਚ ਮਾਂ ਵੀ ਟੁਕਰ-ਟੁਕਰ ਉਸ ਨੂੰ ਤੱਕ ਰਹੀ ਸੀ।
ਮਾਂ ਕਹਿੰਦੀ ਸੀ ਕਿ ਸਿਆਹ
ਅਤੀਤ ਵੱਲ ਕਦੇ ਮੁੜ ਕੇ ਨਹੀਂ ਵੇਖੀਦਾ, ਨਹੀਂ ਤਾਂ ਅਤੀਤ ਭਵਿੱਖ ਨੂੰ ਵੀ ਉਹੋ ਜਿਹਾ ਹੀ ਬਣਾ ਦੇਵੇਗਾ। ਅੱਛਾ,
ਮਾਂ ਤਾਂ ਜਿਆਦਾ ਪੜ੍ਹੀ–ਲਿਖੀ ਨਹੀਂ ਸੀ, ਫਿਰ ਐਨੀਆਂ ਵੱਡੀਆਂ–ਵੱਡੀਆਂ ਗੱਲਾਂ ਕਿੱਥੋਂ
ਸਿੱਖ ਲਈਆਂ? ਅਤੇ ਕੁਝ ਘੰਟੇ ਲੰਘ ਜਾਣ ’ਤੇ ਮੌਜੂਦਾ ਸਮਾਂ ਵੀ
ਅਤੀਤ ਬਣ ਜਾਂਦਾ ਹੈ? ਲੱਖਾਂ ਕੋਸ਼ਿਸਾਂ ਦੇ ਬਾਵਜੂਦ ਕੁਝ ਘੰਟੇ ਪਹਿਲਾਂ ਵਾਪਰੀਆਂ ਘਟਨਾਵਾਂ ਮਨ ਵਿੱਚੋਂ ਨਹੀਂ ਵਿਸਰ ਰਹੀਆਂ। ਅੰਦਰ ਜੋ ਬੇਚੈਨੀ ਹੈ, ਕੀ ਉਹ ਇੰਨੀ ਸਹਿਜਤਾ ਨਾਲ ਅਤੀਤ ਬਣ ਸਕਦੀ ਹੈ?
“ਇਹ ਵੇਖੋ ਮੈਮ, ਇਹ ਵੇਖੋ ‘ਸਿਆ’ ਲਿਖੇ ਹੋਏ ਨੂੰ। ਵੇਖ ਹੀ ਰਹੇ ਹੋ ਕਿ ਇਸ ਨਾਲ ਛੇੜਛਾੜ ਕੀਤੀ ਗਈ ਹੈ। ਜ਼ਰੂਰ ਹੇਠੋਂ ਥੋੜ੍ਹਾ ਕੇਕ ਵੀ ਖੁਰਚ ਕੇ ਖਾਧਾ ਹੈ - ਛੀ ਛੀ, ਇੱਕ ਬੱਚੀ ਦੇ ਬਰਥਡੇ ਕੇਕ ਤੱਕ ਨੂੰ…”
“ਕੀ ਕਹਿ ਰਹੇ ਹੋ ਤੁਸੀਂ?” ਸਪਨ ਨੇ ਝਿਝਕਦੇ ਹੋਏ ਕਹਿਣ ਦੀ ਕੋਸ਼ਿਸ਼ ਕੀਤੀ, “ਦੁਕਾਨ ‘ਤੇ ਫ਼ੋਨ ਕਰਕੇ ਪੁੱਛ ਲਓ, ਉਹਨਾਂ ਨੇ ਸਪੈਲਿੰਗ ਠੀਕ ਕੀਤੇ ਹਨ।”
“ਚੁੱਪ ਕਰ। ਇੱਕ ਰੱਖਾਂਗਾ ਕੰਨ ‘ਤੇ ਕਿ ਆਪਣੇ ਨਾਮ ਦੇ ਸਪੈਲਿੰਗ ਵੀ ਭੁੱਲ ਜਾਵੇਂਗਾ।” ਦੇਵਪ੍ਰਤਿਮ ਚੀਖਿਆ।
“ਨਾ ਨਾ…! ਇਹ ਸਾਰਾ ਪੰਗਾ ਮੇਰੇ ਘਰ ਦੇ ਸਾਹਮਣੇ ਨਾ ਕਰੋ।”
“ਤੁਸੀਂ ਇਹ ਵੇਖੋ ਮੈਮ। ਕਹਿ ਰਿਹਾ ਹਾਂ ਵੀਡੀਓ ‘ਚ ਸਭ ਰਿਕਾਰਡ ਹੈ। ਵੇਖੋ ਵੇਖੋ - ਸਭ ਤੋਂ ਪਹਿਲਾਂ ਇਹ ਸਫ਼ੈਦ ਕੰਟੇਨਰ ਵੇਖੋ, ਸੀਲ ਖੋਲ੍ਹ ਰਿਹਾ ਹੈ, ਇਹ ਕਿਸ ਦੀ ਡਿਲਿਵਰੀ ਸੀ ਕੀ ਪਤਾ…”
“ਮੈਨੂੰ ਹੋਰ ਦੇਖਣ ਦੀ ਲੋੜ ਨਹੀਂ। ਅਤੇ, ਤੁਸੀਂ ਇਹ ਜੂਠਾ ਕੇਕ ਵਾਪਸ ਲੈ ਜਾਓ।” ਇਸਤ੍ਰੀ ਨੇ ਗੁੱਸੇ ਨਾਲ ਕਿਹਾ।
“ਕੀ ਹੋਏਛੇ ਮੰਮੀ? (ਕੀ ਹੋਇਆ ਮੰਮੀ?)”
“ਤੁਮੀ ਭੇਤੋਰੇ ਜਾਉ ਸਿਆ। (ਤੂੰ ਅੰਦਰ ਜਾਹ ਸਿਆ।)”
ਕੇਕ ਦਾ ਪੈਕੱਟ ਹੱਥ ਵਿੱਚ ਫੜ੍ਹੀ, ਹੱਕਾ-ਬੱਕਾ ਹੋਇਆ ਸਪਨ ਪੌੜਿਆਂ ਉੱਤਰਣ ਲੱਗਾ। ਪਿੱਛੋਂ ਅਵਾਜ਼ ਆਈ, “ਓ ਕਾਕੂ, ਤੁਸੀ ਮੇਰਾ ਹੈਪੀ ਬਰਥਡੇ ਵਾਲਾ ਕੇਕ ਕਿਉਂ ਲੈ ਕੇ ਜਾ ਰਹੇ ਹੋ? ਕੀ ਹੋਰ ਵੱਡਾ ਵਾਲਾ ਕੇਕ ਲਿਆਉਗੇ?”
ਗੱਲਾਂ ਸਪਨ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਉਹ ਨੌਜਵਾਨ ਅਤੇ ਲੜਕੀ ਪਤਾ ਨਹੀਂ ਕੀ-ਕੀ ਕਹਿ ਰਹੇ ਸਨ ਕਿ ਵੀਡੀਓ ਵਾਇਰਲ ਕਰ ਦਿਆਂਗੇ। ਸ਼ਾਇਦ ਕਰ ਵੀ ਦਿੱਤਾ ਹੋਵੇ। ਕੰਪਨੀ ਤੱਕ ਜ਼ਰੂਰ ਖ਼ਬਰ ਪਹੁੰਚ ਗਈ ਹੋਵੇਗੀ। ਉਹ ਤਾਂ ਕੱਢ ਹੀ ਦੇਣਗੇ। ਪਰਿਮਲ ਦਾ ਨੂੰ ਵੀ ਪਤਾ ਲੱਗ ਗਿਆ ਹੋਵੇਗਾ। ਮੁਹੱਲੇ ਵਾਲਿਆਂ, ਗੁਆਢਿਆਂ, ਦੋਸਤਾਂ, ਰਿਸ਼ਤੇਦਾਰਾਂ, ਇੱਥੋਂ ਤੱਕ ਕਿ ਅਸਮਾਨ ਦੇ ਤਾਰਿਆਂ ਨੂੰ ਵੀ ਪਤਾ ਲੱਗ ਗਿਆ ਹੋਣਾ - ਸਪਨ ਚੋਰ ਹੈ। ਡਿਲਿਵਰੀ ਦਾ ਸਮਾਨ ਚੁਰਾ ਕੇ ਖਾਂਦਾ ਹੈ।
ਰਾਹ ਦੇ ਕੰਢੇ ਕੁਝ ਫੁਟਪਾਥੀ ਬੱਚੇ ਖੇਡ ਰਹੇ ਸਨ। ਸਪਨ ਨੇ ਸਾਈਕਲ ਰੋਕਿਆ। ਡਿਲਿਵਰੀ ਬੌਕਸ ਵਿੱਚੋਂ ਕੇਕ ਦਾ ਪੈਕੱਟ ਕੱਢ ਕੇ ਬੱਚਿਆਂ ਵੱਲ ਵਧਾਉਂਦੇ ਹੋਏ ਕਿਹਾ, “ਲਉ ਖਾਓ।”
ਉਹ ਖੁਸ਼ੀ-ਖੁਸ਼ੀ ਕੇਕ ਖਾਣ ਲੱਗੇ। ਆਈਸਿੰਗ ਵਾਲਾ ਕੇਕ ਉਨ੍ਹਾਂ ਦੀਆਂ ਗੱਲ੍ਹਾਂ ’ਤੇ ਲੱਗ ਰਿਹਾ ਸੀ। ਅੱਖਾਂ ਅਸਮਾਨ ਦੇ ਤਾਰਿਆਂ ਤੋਂ ਵੀ ਵੱਧ ਚਮਕ ਰਹੀਆਂ ਸਨ। ਨਹੀਂ, ਪੁਰਾਣਾ ਅਤੀਤ ਭੁਲਾਉਣ ਦੀ ਕੋਈ ਗੱਲ ਨਹੀਂ, ਸਪਨ ਦੇ ਕੰਨਾਂ ਵਿੱਚ ਤਾਂ ਇਕੋ ਵਾਕ ਹੀ ਗੂੰਜ ਰਿਹਾ ਸੀ — “ਓ ਕਾਕੂ, ਹੋਰ ਵੱਡਾ ਕੇਕ ਲਿਆਉਗੇ?”
ਮੋਬਾਈਲ ਵੱਜ ਰਿਹਾ ਸੀ। ਝੁਮੁਰ ਦੀ ਰਿੰਗਟੋਨ ਸੀ। ਝੁਮੁਰ ਨੂੰ ਵੀ ਹੁਣੇ-ਹੁਣੇ ਸਭ ਕੁਝ ਪਤਾ ਲੱਗ ਗਿਆ ਹੋਵੇਗਾ…। ਸਪਨ ਨੇ ਕੌਲ ਰਿਸੀਵ ਕੀਤੀ।
“ਤੁਸੀ ਕਿੱਥੇ ਹੋ? ਘਰ ਪਰਤ ਆਉ ਨਾ। ਪਤਾ ਹੈ, ਉਹ ਕੁੱਖ ਵਿੱਚ ਹਿੱਲ–ਜੁੱਲ ਰਿਹਾ ਹੈ।”
ਥੋੜ੍ਹਾ ਚਿਰ ਚੁੱਪ ਰਹਿ ਕੇ ਸਪਨ ਨੇ ਕਿਹਾ, “ਜਾਣਦੀ ਏਂ, ਜੇਕਰ ਸਾਡੇ ਧੀ ਹੋਈ ਤਾਂ ਮੈਂ ਉਸਦਾ ਨਾਂ ਵੀ ਸੋਚ ਲਿਆ ਹੈ - ਸਿਆ।”
0000000
ਲੇਖਕ ਪਰਿਚੈ - ਕ੍ਰਿਸ਼ਣੇਂਦੁ
ਮੁਖੋਪਾਧਿਆਏ
ਪੇਸ਼ੇ ਤੋਂ ਇੰਜੀਨੀਅਰ। ਬੰਗਾਲੀ ਸਾਹਿਤ ਜਗਤ ਦੇ ਮਹੱਤਵਪੂਰਨ ਹਸਤਾਖਰ। ਲਗਭਗ 30 ਨਾਵਲ ਅਤੇ 200 ਕਹਾਣੀਆਂ ਦੀ ਸਿਰਜਨਾ। ਬਾਲ ਸਾਹਿਤ ਰਚਨਾ ਵੀ। ਬੰਗਲਾ ਦੀ ਮਕਬੂਲ ‘ਦੇਸ਼’ ਪੱਤ੍ਰਿਕਾ ਵੱਲੋਂ ਕਰਵਾਏ ਗਏ ਰਹੱਸ ਅਤੇ ਕਲਪ ਵਿਗਿਆਨ ਕਹਾਣੀ ਮੁਕਾਬਲਿਆਂ ਦੇ ਜੇਤੂ। ਸ਼ੈਲਜਾਨੰਦ ਸਿਮਰਤੀ ਪੁਰਸਕਾਰ, ਗਜੇੰਦਰ ਮਿੱਤਰ ਅਤੇ ਸੁਮਥਨਾਥ ਘੋਸ਼ ਸਾਹਿਤ ਪੁਰਸਕਾਰਾਂ ਸਮੇਤ ਕਈ ਸਨਮਾਨਾਂ ਨਾਲ ਨਵਾਜੇ ਗਏ। ਕਈ ਕੌਮੀ ਅਤੇ ਕੌਮਾਂਤਰੀ ਸਾਹਿਤਕ ਪ੍ਰੋਗ੍ਰਾਮਾਂ ਵਿੱਚ ਸ਼ਿਰਕਤ। ਰਾਧਿਕਾ, ਅੰਤਰਾਲ, ਕਾਲਯਾਤ੍ਰੀ, ਰਾਇਮੰਗਲਪੁਰ ਬੈਂਡ, ਅਸਮਾਪਤ, ਪ੍ਰਗਿਆਸੂਤਰ, ਸਪਰਸ਼, ਫੂਲਮਤੀ, ਸੇਦਿਨ ਚੈਤ੍ਰ ਮਾਸ ਆਦਿ ਉਨ੍ਹਾਂ ਦੇ ਪ੍ਰਸਿੱਧ ਬੰਗਾਲੀ ਨਾਵਲ ਹਨ।
ਧੰਨਵਾਦ ਸਹਿਤ - ਕਹਾਣੀ ਧਾਰਾ, ਜਨਵਰੀ - ਮਾਰਚ 2026
कोई टिप्पणी नहीं:
एक टिप्पणी भेजें