सुस्वागतम्

"संस्कृति सेतु" पर पधारने हेतु आपका आभार। आपकी उपस्थिति हमारा उत्साहवर्धन करती है, कृपया अपनी बहुमूल्य टिप्पणी अवश्य दर्ज़ करें। -- नीलम शर्मा 'अंशु'

रविवार, जनवरी 11, 2026

काव्य श्रृंखला 7 (पंजाबी) राजेश्वर वसिष्ठ

 

                                       हिन्दी से अनुवाद - नीलम शर्मा 'अंशु'


                                            

1.  ਕਰਾਚੀ ਜੰਕਸ਼ਨ

 

ਸਤੰਬਰ 1946 ਦੇ ਆਖਰੀ ਦਿਨ ਸਨ,

ਬਹੁਤ ਸੁਹਾਵਣਾ ਮੌਸਮ ਸੀ ਅਤੇ ਤਾਰਿਆਂ ਭਰੀ ਰਾਤ ਸੀ।

ਘਰ ਦੇ ਬੂਹੇ ਦੀ ਕੁੰਡੀ ਖੜਕੀ

ਤਾਂ ਇੱਕ ਛੇ ਸਾਲ ਦੀ ਕੁੜੀ ਨੇ ਬੂਹਾ ਖੋਲ੍ਹਿਆ।

ਉਹ ਕੁੜੀ ਮੇਰੀ ਮਾਂ ਸੀ।

 

ਹਸਨ ਚਾਚਾ ਆਏ ਹਨ’ - ਮਾਂ ਨੇ ਨਾਨਾ ਜੀ ਨੂੰ ਅਵਾਜ਼ ਮਾਰੀ

ਉਸ ਦਿਨ ਹਸਨ ਚਾਚੇ ਨੇ ਮਾਂ ਦਾ ਸਿਰ ਨਹੀਂ ਸੀ ਪਲੋਸਿਆ,

ਕੋਈ  ਚੁਟਕਲਾ ਵੀ ਨਹੀਂ ਸੁਣਾਇਆ,

ਨਾ ਹੀ ਨਾਨੀ ਤੋਂ ਮਿਠਾਈ ਮੰਗੀ;

ਬੱਸ, ਉਹ ਮੂੰਹ ਵੱਟ ਕੇ ਮੂੜ੍ਹੇ ਤੇ ਬੈਠ ਗਿਆ।

 

ਨਾਨਾ ਜੀ ਨੇ ਪੂਜਾ ਵਾਲੇ ਕਮਰੇ ਚੋਂ ਬਾਹਰ ਆਕੇ

ਹਸਨ ਦੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ-

ਪਰੇਸ਼ਾਨ ਏਂ, ਹਸਨ ਭਾਈ?’

ਨਹੀਂ... ਅੱਜ ਮੈਨੂੰ ਤੇਰਾ ਫਿਕਰ ਹੈ।

 

ਪਰੇਸ਼ਾਨੀ ਨਾਨਾ ਜੀ ਦੀਆਂ ਅੱਖਾਂ ਵਿੱਚ

ਮੱਛਿਆਂ ਵਾਂਗ ਤੈਰ ਗਈ

ਉਹਨਾਂ ਡੂੰਘਾ ਸਾਹ ਲਿਆ।

 

ਹਸਨ ਚਾਚਾ ਨੇ ਲਾਲਟੈਣ ਦੀ ਕੰਬਦੀ ਲੋ ਨੂੰ

ਕਿਸੇ ਕਿਤਾਬ ਦੇ ਪੰਨਿਆਂ ਵਾਂਗ ਪੜ੍ਹਦਿਆਂ ਕਿਹਾ-

ਪੰਡਿਤਾ! ਮੁਦੱਸਰ ਚੌਧਰੀ ਨੇ ਫੈਸਲਾ ਕੀਤਾ ਹੈ,

ਸਾਡੇ ਪਾਕਿਸਤਾਨ ਵਿੱਚ ਇੱਕ ਵੀ ਕਾਫਿਰ ਨਹੀਂ ਰਹੇਗਾ,

ਹੁਣ ਉਹਨਾਂ ਦੀ ਜਾਇਦਾਦ ਵੀ ਨਹੀਂ ਵਿਕ ਸਕੇਗੀ।

ਤੇਰਾ ਘਰ ਚੌਧਰੀ ਦੇ ਜਵਾਈ ਨੂੰ ਪਸੰਦ ਆ ਗਿਆ ਹੈ।

 

ਪੰਡਿਤਾ ! ਅੱਜ ਤੈਨੂੰ ਇਹ ਦੱਸ ਕੇ

ਮੈਂ ਆਪਣੀ ਕੌਮ ਨਾਲ ਗੱਦਾਰੀ ਕਰ ਰਿਹਾ ਹਾਂ,

ਪਰ ਪਤਾ ਨਹੀਂ ਪਿਛਲੇ ਕਿੰਨੇ ਵਰ੍ਹਿਆਂ ਤੋਂ

ਸਾਡੇ ਟੱਬਰ ਇੱਕ ਦੂਜੇ ਦੇ ਦੁੱਖ-ਸੁੱਖ ਨਾਲ ਜੁੜੇ ਰਹੇ ਹਨ।

 

ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ,

ਲੁੱਟਮਾਰ, ਕਤਲ ਅਤੇ ਹਿੰਸਾ ਦੇ ਮਨਸੂਬੇ ਘੜੇ ਜਾ ਰਹੇ ਹਨ;

ਤੂੰ ਤੁਰੰਤ ਜੁਆਕਾਂ ਨੂੰ

ਇੱਥੋਂ ਕੱਢ ਕੇ ਪੂਰਬੀ ਪੰਜਾਬ ਭੇਜ ਦੇ

ਇੱਥੇ ਅਸੀਂ ਤੁਹਾਨੂੰ ਨਹੀਂ ਬਚਾ ਸਕਾਂਗੇ।

 

ਇਹ ਸਭ ਸੁਣਨ ਤੋਂ ਬਾਅਦ

ਨਾਨਾ ਜੀ ਦਾ ਰੰਗ ਪੀਲਾ ਪੈ ਗਿਆ।

 

ਉਹਨਾਂ ਦਾ ਜਨਮ ਕਰਾਚੀ ਸ਼ਹਿਰ ਦੇ

ਇਸੇ ਹਵੇਲੀਨੁਮਾ ਮਕਾਨ ਵਿੱਚ ਹੋਇਆ ਸੀ

ਉਹਨਾਂ ਦੇ ਸਾਰੇ ਸੁੱਖ - ਦੁੱਖ

ਇਨ੍ਹਾਂ ਕਮਰਿਆਂ ਅਤੇ ਦਲਾਨਾਂ ਦੀਆਂ ਕੀਲਿਆਂ ਉੱਤੇ ਟੰਗੇਹੋਏ ਸਨ

ਇਹ ਘਰ ਉਹਨਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ।

ਪ੍ਰਮਾਤਮਾ ਦੀ ਮਿਹਰ ਨਾਲ ਜੱਦੀ ਕਾਰੋਬਾਰ ਵੀ ਠੀਕ ਚੱਲ ਰਿਹਾ ਸੀ।

 

ਉਹਨਾਂ ਨੇ ਕੰਬਦੀ ਅਵਾਜ਼ ਵਿੱਚ

ਆਪਣੇ ਭਰੋਸੇ ਨੂੰ ਦਾਅ ਤੇ ਲਾਉਂਦੇ ਹੋਇਆਂ ਕਿਹਾ -

ਹਸਨ, ਕੀ ਗਾਂਧੀ ਅਤੇ ਜਵਾਹਰ ਲਾਲ ਅਜਿਹਾ ਹੋਣ ਦੇਣਗੇ?’

 

ਹਸਨ ਨੇ ਥੁੱਕ ਨਿਗਲਦੇ ਹੋਇਆਂ ਕਿਹਾ -

ਉਹਨਾਂ ਦਾ ਅਸਲੀ ਚਿਹਰਾ ਤੂੰ ਆਪਣੇ ਹਿੰਦੁਸਤਾਨ ਵਿਚ ਦੇਖ ਲਵੀਂ

ਕੱਲ ਦੁਪਹਿਰ  ਬਾਅਦ ਕਰਾਚੀ ਰੇਲਵੇ ਸਟੇਸ਼ਨ ਤੋਂ ਇੱਕ ਰੇਲਗੱਡੀ ਰਵਾਨਾ ਹੋਵੇਗੀ,

ਭਰਝਾਈ ਅਤੇ ਧੀ ਨੂੰ ਉਸ ਵਿੱਚ ਜ਼ਰੂਰ ਚੜ੍ਹਾ ਦੇਵੀਂ - ਬੱਸ।

 

ਰਾਤ ਦੇ ਹਨੇਰੇ ਵਿੱਚ ਕਾਲਾ ਪਠਾਨੀ ਸੂਟ ਪਾਈ

ਹਸਨ ਚਾਚਾ ਸਾਡੇ ਘਰੋਂ ਨਿੱਕਲ ਕੇ

ਨਾਲ ਦੇ ਘਰ ਵਿੱਚ ਭੂਤ ਵਾਂਗ ਵੜ ਗਿਆ।

ਉਸ ਨੇ ਪਿੱਛੇ ਮੁੜ ਕੇ ਨਹੀਂ ਤੱਕਿਆ।

ਪਰ ਵਰ੍ਹਿਆਂ ਪੁਰਾਣੀ ਪਹਿਚਾਣ,

ਦੁਸ਼ਮਣੀ ਵਿੱਚ ਬਦਲਣ ਤੋਂ ਪਹਿਲਾਂ

ਆਪਣਾ ਕਰਜ਼ਾ ਅਦਾ ਕਰ ਗਈ ਸੀ।

 

ਉਸ ਰਾਤ ਸਾਡੇ ਘਰ ਕੋਈ ਨਹੀਂ ਸੁੱਤਾ।

ਨਾਨੀ ਨੇ ਲੋਹੇ ਦੇ ਟਰੰਕ ਵਿੱਚ ਗਹਿਣੇ,

ਕੀਮਤੀ ਸਮਾਨ ਅਤੇ ਕੁਝ ਕੱਪੜੇ ਰੱਖੇ,

ਪੂਰੀਆਂ ਤਲੀਆਂ, ਅੰਬ ਦਾ ਅਚਾਰ

ਅਤੇ ਪਾਣੀ ਲਈ ਇੱਕ ਗੜਵੀ ਨਾਲ ਰੱਖ ਲਈ

 

ਉਸ ਰਾਤ ਨਾਨਾ ਜੀ ਨੇ

ਘਰ ਦੇ ਦਲਾਨ ਵਿਚ ਮੁੱਠੀ ਬੰਨ੍ਹ ਕੇ ਟਹਿਲਦੇ ਹੋਇਆਂ,

ਕੰਧ ਤੇਲੱਗੀ ਗਾਂਧੀ ਦੀ ਵੱਡੀ ਸਾਰੀ ਤਸਵੀਰ

ਹੇਠਾਂ ਲਾਹ ਕੇ

ਕਬਾੜਖਾਨੇ ਦੇ ਕੋਲ ਰੱਖ ਦਿੱਤੀ

ਉਹਨਾਂ ਨੂੰ ਉਮੀਦ ਨਹੀਂ ਸੀ ਕਿ ਗਾਂਧੀ ਹਿੰਦੁਸਤਾਨ ਦੀ ਅਜ਼ਾਦੀ

ਇਸ ਕੀਮਤ ਤੇ ਹਾਸਿਲ ਕਰਨਗੇ

 

ਮੈਂ ਪੁੱਛਿਆ -

ਮਾਂ, ਤੇਰੀ ਉਸ ਗੁੱਡੀ ਦਾ ਕੀ ਬਣਿਆ?

ਜਿਸਨੂੰ ਤੂੰ ਕਰਾਚੀ ਤੋਂ

ਆਪਣੇ ਨਾਲ ਲੈ ਕੇ ਆਈ ਸੀ?’

 

ਉਹ ਗੁੱਡੀ ਨਹੀਂ ਸੀ - ਭਾਰਤ ਮਾਤਾ ਸੀ

ਜਿਸਨੂੰ  ਤੇਰੀ ਨਾਨੀ ਨੇ

ਚਰਖੇ ਤੇ ਕੱਤੇ ਹੋਏ ਸੂਤ ਦੇ ਮੋਟੇ ਗੁੱਛਿਆਂ

ਅਤੇ  ਰੰਗ-ਬਰੰਗੇ ਕੱਪੜਿਆਂ ਨਾਲ ਬਣਾਇਆ ਸੀ।

ਮੈਂ ਰੋਜ਼ ਉਸਨੂੰ ਆਪਣੇ ਨਾਲ ਲੈਕੇ ਹੀ ਸੌਂਦੀ ਸੀ।

 

ਰੇਲਗੱਡੀ ਦੇ ਉਸ ਭੀੜ-ਭੜੱਕੇ ਵਾਲੇ ਡੱਬੇ ਵਿੱਚ

ਬਠਿੰਡਾ ਸਟੇਸ਼ਨ ਤੱਕ ਉਹ ਮੇਰੀ ਗੋਦੀ ਵਿੱਚ ਹੀ ਸੀ।

ਇਸ ਤੋਂ ਬਾਅਦ ਉਹ ਮੈਂਨੂੰ ਬਾਰ-ਬਾਰ

ਲੱਭਣਤੇ ਵੀ ਨਹੀਂ ਮਿਲੀ।

ਮੈਂ ਅਜੇ ਵੀ ਇਸ ਦੇਸ਼ ਵਿੱਚ ਉਸਨੂੰ ਲੱਭ ਰਹੀ ਹਾਂ।

ਮਾਂ ਦੀਆਂ ਅੱਖਾਂ ਸਿੱਲ੍ਹੀਆਂ ਸਨ।

ਅਫ਼ਸੋਸ ਇਸ ਗੱਲ ਦਾ ਹੈ;

ਮੈਂ ਇਸ ਦੇਸ਼ ਵਿੱਚ ਅਜ਼ਾਦੀ ਦੇ ਕਈ ਸਾਲਾਂ ਬਾਅਦ ਵੀ

ਆਪਣੀ ਮਾਂ ਦੇ ਸੁਪਨਿਆਂ ਤੋਂ ਬਣੀ

ਉਸ  ਭਾਰਤ ਮਾਤਾ ਦੀ ਖੋਜ ਕਰ ਰਿਹਾ ਹਾਂ।

 

ਮੈਂ ਉਸ ਭਰੋਸੇ ਨੂੰ ਲੱਭ ਰਿਹਾ ਹਾਂ,

ਜੋ ਇੱਕ ਛੇ ਸਾਲ ਦੀ ਬੱਚੀ ਦੀ ਗੋਦ ਵਿੱਚ

ਵਰ੍ਹਿਆਂ ਪਹਿਲਾਂ ਕਰਾਚੀ ਤੋਂ

ਹਿੰਦੁਸਤਾਨ  ਰਵਾਨਾ ਹੋਇਆ ਸੀ।

 

ਕੀ ਤੁਸੀਂ ਵੀ ਮੇਰੇ ਨਾਲ ਰਲ ਕੇ ਉਸਨੂੰ ਲੱਭੋਗੇ?

                     ----

[ ਮਾਂ ਦਾ ਜਨਮ 15 ਅਗਸਤ 1940 ਨੂੰ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਵਿੱਚ ਹੋਇਆ                  ਸੀ। ਆਪਣੀ ਜਿੰਦਗੀ ਵਿੱਚ ਉਹ ਪੰਜਾਬ-ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਰਹੀ ਸੀ ਅਤੇ                                          19 ਮਾਰਚ 2016 ਨੂੰ ਦਿੱਲੀ ਦੀ ਧਰਤੀ ਤੇ ਪੰਜ ਤੱਤਾਂ ਵਿੱਚ ਸਮਾ ਗਈ]


           2. 

ਸੋਨਾਗਾਛੀ ਦੀ ਮੁਸਕਰਾਹਟ।

 

ਉਹਨਾਂ ਉਦਾਸ ਤੰਗ ਗਲੀਆਂ ਵਿੱਚ

ਹਰ ਪਾਸੇ ਖੂਨ ਦੇ ਨਿਸ਼ਾਨ ਸਨ

ਖੂਨ ਜੋ ਥੱਕੇ ਵਾਂਗ ਜੰਮ ਗਿਆ ਸੀ

ਉਹਨਾਂ ਸਾਰਿਆਂ ਬਦਕਿਸਮਤ ਦਹਲੀਜਾਂਤੇ

 

ਜਿੱਥੇ ਪਤਾ ਨਹੀਂ ਕਿੱਥੋਂ-ਕਿੱਥੋਂ ਲਿਆਂਦਿਆਂ ਗਈਆਂ ਸਨ

ਜ਼ਖਮੀ ਮੂਨਾਂ, ਭੇਡਾਂ ਅਤੇ ਬੱਕਰੀਆਂ

ਜਿਹਨਾਂ ਕੋਲ ਜੀਭ ਤਾਂ ਸੀ

ਪਰ ਜ਼ੁਬਾਨ ਨਹੀਂ ਸੀ।

 

ਉਨ੍ਹਾਂ ਤਹਿਖਾਨਿਆਂ ਵਰਗੇ ਖੰਡਰ ਹੁੰਦੇ ਮਕਾਨਾਂਤੇ

ਚਿਪਕੇ ਹੋਏ ਸਨ ਪੁਰਾਣੇ ਚੋਣ ਪੋਸਟਰ

ਦਾਤਰੀ ਅਤੇਹਥੌੜੇਨੂੰ ਢਕ ਲਿਆ ਸੀ

ਕੰਧ ਵਿੱਚੋਂ ਨਿਕਲਦੇ ਹਰੇ ਘਾਹ ਨੇ

 

ਬਾਰੀਆਂ ਦੇ ਪਿੱਛੇ

ਚੁੱਪ ਵੱਜ ਰਹੀ ਸੀ ਵਾਇਲਨ ਵਾਂਗ

ਹਰ ਥਾਂ ਖਾਮੋਸ਼ੀ ਸੀ

ਇਹ ਧੰਧੇ ਦਾ ਵੇਲਾ ਨਹੀਂ ਸੀ।

ਸਵੇਰ ਦੇ ਦਸ ਵੱਜ ਚੁੱਕੇ ਸਨ

 

ਸ਼ਾਮ ਹੁੰਦੀ ਤਾਂ ਗਲੀ ਦੀ ਨੁੱਕੜ ਤੇ ਹੀ

ਇਨਾਮ ਮੰਗ ਲੈਂਦੇ ਬਾਂਕੇ ਸਿਪਾਹੀ

ਅਗਵਾਨੀ ਕਰਨ ਲਈ ਮਿਲ ਜਾਂਦੇ

ਰਫੀਕ, ਪੀਟਰ, ਬਿਰਜੂ ਅਤੇ ਮੰਡਲਦਾ

ਹਰ ਕੋਈ ਕਹਿੰਦਾ ਹੈ ਕਿ ਸਿਰਫ ਉਹ ਜਾਣਦਾ ਹੈ

ਜੱਨਤ ਦੀ ਰਾਹ

ਜਿੱਥੇ ਲੰਗੂਰ ਲਈ ਵੀ

ਪਲਕਾਂ ਵਿਛਾਈ ਬੈਠੀ ਹੈ ਕੋਈ ਹੂਰ

 

ਕਿਤੇ ਸੁਣ ਜਾਂਦੀ ਹੈ

ਹਰਮੋਨੀਅਮ ਅਤੇ ਤਬਲੇ ਦੀ ਅਵਾਜ਼;

ਬੂਹੇਤੇ ਬੈਠੀਆਂ ਜਗਤ ਮਾਸਿਆਂ

ਸਿਰਫ਼ ਇੱਕ ਨਜ਼ਰ ਵਿੱਚ ਹੀ ਤੌਲ ਲੈਂਦਿਆਂ ਹਨ

ਮਰਦਾਨਗੀ ਦਾ ਵਜ਼ਨ

ਅਤੇ ਜੇਬ ਦੇ ਹਾਲ

 

ਪਰ ਇਸ ਸਮੇਂ

ਡੂੰਘੀ ਨੀਂਦ ਵਿੱਚ ਸੌਂ ਰਹੀ ਸੀ

ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਬਸਤੀ।

 

ਸਵੇਰੇ ਦੇ ਦਸ ਵੱਜ ਚੁੱਕੇ ਸਨ

ਸੁੱਤੇ ਪਏ ਸਨ ਦਲਾਲ,

ਦਰਬਾਨ ਅਤੇ ਖਾਨਸਾਮੇ

ਪਰ ਜਾਗ ਰਹੀ ਸੀ ਮੁੱਠੀ ਭਰ ਜਿੰਦਗੀ

ਇੱਕ ਸੜੀ ਗਲੀ ਟੀਨ ਸ਼ੈੱਡ ਹੇਠਾਂ

ਜਿਸ ਦੀ ਟੁੱਟੀ ਛੱਤ ਤੋਂ

ਸੂਰਜ ਅੰਦਰ ਵੜ ਆਇਆ ਸੀ।

 

ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ ਜ਼ਿੰਦਗੀ ਤੋਂ

ਨਿਡਰ ਤੇ ਜਿੰਦਾਦਿਲ

ਸੁੱਤੀਆਂ ਮਾਵਾਂ ਤੋਂ ਅਣਜਾਣ ਤੇ

ਅਦਿੱਖ ਪਿਓ ਨੂੰ ਦੰਦੀਆਂ ਚਿੜ੍ਹਾਉਂਦੇ

 

ਸੁਨੇਤਰਾ,

ਉਹ ਧਰਤੀ ਦੇ ਲਾਲ ਸਨ

ਉਹਨਾਂ ਨੂੰ ਹੱਕ ਸੀ

ਸਾਡੀ ਇਨਸਾਨੀਅਤ ਤੇ ਹੱਸਣ ਦਾ

                ---


ਧੰਨਵਾਦ ਸਹਿਤ - ਪ੍ਰੀਤਲੜੀ ,  ਅਪ੍ਰੈਲ 2025

कोई टिप्पणी नहीं:

एक टिप्पणी भेजें

ब्लॉग आर्काइव

योगदान देने वाला व्यक्ति