ਹਿੰਦੀ ਕਵਿਤਾਵਾਂ
ਰਾਜੇਸ਼ਵਰ ਵਸਿਸ਼ਠ
ਪੰਜਾਬੀ ਅਨੁਵਾਦ – ਨੀਲਮ ਸ਼ਰਮਾ ‘ਅੰਸ਼ੂ’
(1)
ਦੁਰਗਾ ਨੂੰ ਲੱਭਦੇ ਹੋਇਆਂ
ਮੈਨੂੰ ਹਰ ਵਾਰ ਮਿਲੀ ਸੈਲਾਨੀਆਂ ਦੀ ਭੀੜ
ਲੰਬੀਆਂ - ਲੰਬੀਆਂ ਕਤਾਰਾਂ
ਦੁਨਿਆ ਭਰ ਦੇ ਅਜੂਬੇ
ਲਿਸ਼ਕਪੁਸ਼ਕ ਅਤੇ ਭੜਕੀਲੀ ਕਲਾ।
ਵੱਜ ਰਹਿਆਂ ਹਨ ਘੰਟਿਆਂ ਅਤੇ ਘੜਿਆਲ
ਰੌਲੇ-ਰੱਪੇ ਦੀਆਂ ਸਾਰਿਆਂ ਹੱਦਾਂ ਤੋਂ ਬਾਹਰ
ਲਿਸ਼ਕਦਿਆਂ ਪੁਸ਼ਾਕਾਂ’ਚ ਪਤਵੰਤੇ ਸੱਜਣ ਨੱਚ ਰਹੇ ਹਨ
ਸ਼ਾਇਦ ਹੀ ਕਿਸੇ ਨੇ ਰੱਖਿਆ ਹੋਣਾ ਵਰਤ
ਕੀਤਾ ਹੋਣਾ ਚੰਡੀ ਮੰਤਰ ਦਾ ਜਾਪ
ਇੱਥੇ ਹਰ ਕਿਸੇ ਲਈ ਪੂਜਾ ਇੱਕ ਜਸ਼ਨ ਹੈ
ਜਿਸ ਵਿੱਚ ਦੁਰਗਾ ਦੀ ਨਹੀਂ ਪੰਡਾਲਾਂ ਦੀ ਤਲਾਸ਼ ਕੀਤੀ ਜਾਂਦੀ ਹੈ।
ਪੰਡਾਲ ਦੇ ਪਿੱਛੇ ਪੱਸਰਿਆ ਹੋਇਆ ਹੈ
ਹਨੇਰੇ ਦਾ ਚਾਨਣ
ਜਿੱਥੇ ਤਾਰਿਆਂ ਵਾਂਗ ਲਿਸ਼ਕਦਾ ਹੈ ਪਿਆਰ
ਕਿੰਨੇ ਹੀ ਜੋੜੇ ਰੁੱਝੇ ਹੋਏ ਹਨ ਪਿਆਰ ’ਚ ਤਾਰਿਆਂ ਲਾਉਣ ’ਚ
ਉਨ੍ਹਾਂ ਲਈ ਤਿਉਹਾਰ ਇੱਕ ਮੌਕਾ ਹੈ
ਤਾਂ ਜੋ ਸਰੀਰ ਵੀ ਹੋ ਜਾਵੇ ਤ੍ਰਿਪਤ ।
ਮੈਂਨੂੰ ਹੈਰਾਨ ਦੇਖ ਘੋਸ਼ ਬਾਬੂ ਕਹਿੰਦੇ ਨੇ
ਮਜ਼ਹਬ ਦੀ ਸਹਿਜਤਾ ਇੱਕ ਜਸ਼ਨ ਹੈ
ਜਸ਼ਨ ਜਿੰਦਗੀ ਦੇ ਸਵਾਸਾਂ ਵਿੱਚ ਤਾਜ਼ਗੀ ਭਰਦੇ ਹਨ
ਰੂੜ੍ਹੀਆਂ ਨਾਲ ਬੱਝੇ ਤ੍ਰਿਪਤੀਰਹਿਤ ਸਰੀਰ ਅਰਾਜਕਤਾ ਫੈਲਾਉਣਗੇ
ਭਾਵੇਂ ਉਹ ਰੱਖ ਲੈਣ ਵਰਤ ਅਤੇ ਕਰ ਲੈਣ ਪੂਜਾ-ਪਾਠ
ਦੁਰਗਾ ਦਾ ਇਲਾਕਾ ਹੈ ਬੰਗਾਲ
ਇੱਥੇ ਹਰ ਔਰਤ ਵਿੱਚ ਹੈ ਦੁਰਗਾ ਦਾ ਵਾਸ!
ਹੈਰਾਨ ਹਾਂ
ਇਹ ਫਲਸਫਾ ਮੇਰੇ ਲਈ ਅਜਨਬੀ ਹੈ
ਅਖ਼ਬਾਰਾਂ ਭਰੀਆਂ ਪਈਆਂ ਹਨ
ਬਲਾਤਕਾਰ ਅਤੇ ਔਰਤਾਂ ਸੰਬੰਧੀ ਹਿੰਸਾ ਦੀਆਂ ਖ਼ਬਰਾਂ ਨਾਲ
ਕਿਹਾ ਜਾਂਦਾ ਸੀ ਕਿ
ਸੁਰੱਖਿਅਤ ਹੈ ਇਹ ਸ਼ਹਿਰ ਔਰਤਾਂ ਲਈ
ਸ਼ਾਇਦ ਹੁਣ ਤਿਉਹਾਰ ਵੀ ਸਾਨੂੰ ਸੰਤੋਖ ਨਹੀਂ ਦਿੰਦੇ!
ਸੁਨੇਤਰਾ ! ਪਰ ਮੈਂ ਅਜੇ ਵੀ ਲੱਭ ਰਿਹਾ ਹਾਂ
ਇਸ ਮਹਾਂਨਗਰ ਵਿੱਚ ਦੁਰਗਾ
ਇਸ ਭਰੋਸੇ ਨਾਲ
ਕਿ ਸੁਰੱਖਿਅਤ ਰਹਿਣਗੀਆਂ ਔਰਤਾਂ ਇਸ ਦੇਸ਼ ਵਿੱਚ
ਹਰ ਤਰ੍ਹਾਂ ਦੀ ਹਿੰਸਾ ਤੋਂ
ਖਿੜਦੇ ਫੁੱਲਾਂ ਵਾਂਗ।
===
ਮਹਾਰਾਣੀ ਵਿਕਟੋਰਿਆ
ਨੂੰ ਵੀ ਠੰਡ ਲਗਦੀ ਹੈ!
ਸੁਨੇਤਰਾ !
ਅੱਜ ਸਵੇਰੇ ਮਹਾਰਾਣੀ
ਵਿਕਟੋਰੀਆ ਨੇ ਕਿਹਾ-
ਅਸਮਾਨ ਵਿੱਚ ਕੋਈ ਬਾਰੀ
ਖੁੱਲੀ ਰਹਿ ਗਈ ਹੋਣੀ ਸ਼ਾਇਦ
ਸਾਰੀ ਰਾਤ ਬਹੁਤ ਠੰਢ
ਸੀ
ਇੰਨੇ ਕੱਪੜੇ ਪਾ ਕੇ
ਵੀ ਮੈਂਨੂੰ
ਠਰਨਾ ਪਿਆ ਕੋਲਕਾਤਾ
ਵਿੱਚ
ਆਪਣੇ ਹੀ ਇਸ ਵਿਲੱਖਣ
ਘਰ ਵਿੱਚ !
ਸੂਰਜ ਨੇ ਹੌਲੀ ਜਿਹੇ
ਬੂਹਾ ਖੜਕਾਇਆ
ਹਰੇ ਪੱਤਿਆਂ ਨੂੰ ਚੁੰਮਿਆ
ਅਤੇ
ਵਿਕਟੋਰਿਆ ਦੀ ਬੁੱਕਲ
ਵਿੱਚ ਪਸਰ ਗਿਆ।
ਰਾਣੀ ਸਾਹਿਬਾ ਨੇ
ਨਿਗਾਹ ਚੁੱਕ ਕੇ ਉਸ
ਨੂੰ ਨਹੀਂ ਤੱਕਿਆ
ਉਹ ਨਰਾਜ਼ ਸਨ।
1901 ਦੀ ਜਨਵਰੀ ਹੀ ਸੀ
ਜਦੋਂ ਮੈਂ ਵਿਦਾ ਹੋਈ
ਸੀ ਇਸ ਦੁਨੀਆਂ ਤੋਂ
ਠੰਡ ਨਾਲ ਕੰਬ ਰਿਹਾ
ਸੀ ਗ੍ਰੇਟ ਬ੍ਰਿਟੇਨ
ਕਬਰ ਦੀ ਮਿੱਟੀ ਨੂੰ
ਕੋਈ ਵੀ ਗਰਮ ਨਹੀਂ
ਕਰਦਾ
ਭਾਵੇਂ ਦਫ਼ਨਾਇਆ ਜਾ
ਰਿਹਾ ਹੋਵੇ
ਕਿਸੇ ਬਾਦਸ਼ਾਹ ਨੂੰ
ਹੀ
ਇਸੇ ਕਰਕੇ ਠੰਡ ਨਾਲ
ਕੰਬਦੀ ਰਹੀ ਮੈਂ ਵੀ
ਉਸ ਸਭ ਤੋਂ ਕੀਮਤੀ
ਲੱਕੜ ਦੇ ਤਾਬੂਤ ਵਿੱਚ!
ਮੇਰੀ ਆਤਮਾ ਨੇ
ਦੁਨੀਆ ਭਰ ਦੀ ਫੇਰੀ
ਲਾਈ
ਅਤੇ ਸੰਤੋਖ ਕੀਤਾ
ਕਿ ਵਾਕਈ ਸੂਰਜ ਨਹੀਂ
ਡੁੱਬਦਾ
ਇੰਗਲੈਂਡ ਦੇ ਤਖਤ ਦਾ
!
ਮੈਂ ਆਖ਼ਰਕਾਰ ਠਹਿਰ
ਗਈ
ਭਾਰਤ ਦੇ ਇਸ ਕੈਲਕਾਟਾ
ਸ਼ਹਿਰ ਵਿੱਚ
ਜਿੱਥੇ ਹੁਗਲੀ ਦਾ ਵਗਦਾ
ਪਾਣੀ ਸੀ
ਹਰੇ ਘਾਹ ਦਾ ਮੈਦਾਨ
ਸੀ
ਚਿੜਿਆਂ ਦੀ ਚਹਿਕ ਸੀ
ਅਤੇ ਸਭ ਤੋਂ ਵਫ਼ਾਦਾਰ
ਬਾਬੂ ਸਨ
ਜਿਨ੍ਹਾਂ ਨੂੰ ਅਸੀਂ
ਕਦੇ ਬੈਬੂਨ ਕਿਹਾ ਸੀ
ਅਤੇ ਉਨ੍ਹਾਂ ਵਿੱਚ
ਜਿਦ ਆ ਗਈ ਬਾਬੂ ਬਣਨ ਦੀ
ਲੋੜ ਤੋਂ ਪੈਦਾ ਹੋਇਆ
ਭਰੋਸਾ
ਸ਼ਬਦਾਂ ਦੇ ਮਤਲਬ ਹੀ
ਬਦਲ ਦਿੰਦਾ ਹੈ!
ਮੈਨੂੰ ਚੇਤੇ ਸੀ ਬ੍ਰਿਟੇਨ
ਦੀ ਠੰਡ
ਜੋ ਰਾਜਿਆਂ ਨੂੰ ਵੀ
ਲਗਦੀ ਸੀ
ਮੈਂਨੂੰ ਰਸ਼ਕ ਸੀ ਤਾਜਮਹਿਲ
ਨਾਲ
ਜੋ ਇੰਡੀਆ ਵਿੱਚ ਹੀ
ਆਗਰਾ ’ਚ ਸੀ
ਜੀ ਕਰਦਾ ਸੀ ਕਿ ਮੇਰੇ
ਲਈ ਵੀ ਬਣੇ ਇੱਕ ਤਾਜਮਹਿਲ
ਅਤੇ ਮੈਂ ਇੱਥੇ ਹੀ
ਰਹਿ ਪਈ ਕੈਲਕਾਟਾ ਵਿੱਚ
ਇੱਥੇ ਬਣ ਸਕਦਾ ਸੀ
ਮੇਰਾ ਵੀ ਤਾਜਮਹਿਲ !
1906 ਤੋਂ ਲੈਕੇ 1921 ਤੱਕ
ਰਾਖੀ ਕਰਦੀ ਰਹੀ ਮੇਰੀ
ਆਤਮਾ
ਆਪਣੇ ਇਸ ਮਹਿਲ ਦੀ
ਜੋ ਕੋਈ ਘੱਟ ਸ਼ਾਨਦਾਰ
ਨਹੀਂ ਸੀ।
ਸੰਸਾਰ ਜੰਗ ਆਈ
ਕਿੰਨੀਆਂ ਸਰਦ ਅਤੇ
ਗਰਮ ਰੁੱਤਾਂ
ਆਈਆਂ ਅਤੇ ਲੰਘ ਗਈਆਂ
ਪਰ ਮੈਂ ਬੈਠੀ ਹੀ ਰਹੀ
ਇਸ ਸ਼ਾਨਦਾਰ ਉੱਚੇ
ਸਿੰਘਾਸਣ ਉੱਤੇ!
ਅਜ਼ਾਦੀ ਤੋਂ ਬਾਅਦ
ਵੀ ਇਹ ਮੇਰਾ ਹੀ ਦੇਸ਼ ਹੈ
ਰਾਸ਼ਟਰਮੰਡਲ ਦਾ ਮੈਂਬਰ
ਹੈ
ਅੰਗਰੇਜ਼ੀ ਬੋਲਦਾ ਹੈ
ਅਤੇ ਵਿਛ ਜਾਂਦਾ ਹੈ
ਗੋਰੀ ਚਮੜੀ ਮੁਹਰੇ
ਅਜੇ ਵੀ ਛੱਡਣੀ ਨਹੀਂ
ਚਾਹੁੰਦਾ
ਮੈਕਾਲੇ ਦੀ ਸਿੱਖਿਆ
ਪ੍ਰਣਾਲੀ
ਅਤੇ ਬ੍ਰਿਟਿਸ਼ ਕਾਨੂੰਨ
ਦਾ ਮੋਹ!
ਅਜੇ ਵੀ ਅਜਿਹੇ ਲੋਕ
ਜ਼ਿਉਂਦੇ ਹਨ
ਜੋ ਮਾਣ ਨਾਲ ਕਹਿੰਦੇ
ਹਨ
ਇਨ੍ਹਾਂ ਕਾਲੇ ਅੰਗਰੇਜ਼ਾਂ
ਨਾਲੋਂ ਚੰਗੇ ਸਨ ਗੋਰੇ ਅੰਗਰੇਜ਼
ਮੇਰੀ ਛਾਤੀ ਚੌੜੀ ਹੋ
ਜਾੰਦੀ ਹੈ ਇਹ ਸੁਣ ਕੇ!
ਹੁਣ ਸੂਰਜ ਤਪਣ ਲੱਗਿਆ
ਹੈ
ਕੁਝ ਹੀ ਚਿਰ ਵਿੱਚ ਖੁੱਲ ਜਾਣਗੀਆਂ
ਜੰਮੀਆਂ ਹੋਇਆਂ ਬੁੱਢਿਆਂ
ਹੱਡਾਂ
ਬਹੁਤ ਹੀ ਮਜੇਦਾਰ ਲੱਗਦੀ
ਹੈ ਮੈਂਨੂੰ
ਤੁਹਾਡੇ ਇਸ ਕੋਲਕਾਤਾ
ਦੀ ਠੰਡ।
ਪਰ ਸੁਣੋ,
ਤੁਸੀਂ ਠੰਡ ਤੋਂ ਬਚੋ
ਬਾਬੂਆਂ ਨੂੰ ਠੰਡ ਛੇਤੀ
ਹੀ ਲੱਗ ਜਾਂਦੀ ਹੈ
ਨਵੇਂ ਸਾਲ ਵਿੱਚ,
ਨਵੀਆਂ ਛੁੱਟਿਆਂ ਜੋ
ਖਾਤੇ ਵਿੱਚ ਆ ਗਈਆਂ ਹਨ!
ਮੇਰਾ ਕੀ ਹੈ
ਮੈਂ ਤਾਂ ਠੰਡੇ ਮੁਲਕ
ਦੀ ਪੈਦਾਇਸ਼ ਹਾਂ!
===
(3)
ਬਾਬੂ ਘਾਟ’ਤੇ ਜੌਬ ਚਾਰਣਕ!
ਬਾਬੂ ਘਾਟ ’ਤੇ ਹੁਣ ਬਸ ਬਾਬੂ ਹੀ
ਨਜ਼ਰ ਨਹੀਂ ਆਉਂਦੇ
ਬਾਬੂ ਨਜ਼ਰੀਂ ਆਉਂਦੇ
ਹੋਣਗੇ ਜੌਬ ਚਾਰਣਕ ਦੇ ਜ਼ਮਾਨੇ ’ਚ
ਜਦੋਂ ਬਣਾਈਆਂ ਗਈਆਂ
ਸਨ ਆਲੀਸ਼ਾਨ ਇਮਾਰਤਾਂ
ਅਤੇ ਵਸਾਇਆ ਗਿਆ ਸੀ
ਸ਼ਹਿਰ ਕਲਕੱਤਾ
ਉਦੋਂ ਉਹ ਜਾਂਦੇ ਹੋਣਗੇ
ਆਸ-ਪਾਸ ਦੇ ਠਿਕਾਣਿਆਂ ਤੱਕ
ਬਾਬੂ ਘਾਟ ਤੋਂ ਲੈਕੇ
ਕਸ਼ਤਿਆਂ
ਦਰਿਆ ਦੇ ਆਰ-ਪਾਰ।
ਬਾਬੂ ਘਾਟ : ਰਾਤ 10.00 ਵਜੇ…
ਰਾਤ ਤਾਂਈ ਨਜ਼ਰ ਆਉਂਦੀ
ਹੈ ਮੁਸਾਫਿਰਾਂ ਦੀ ਭੀੜ
ਜਿਹਨਾਂ ਨੂੰ ਕਾਹਲ
ਹੈ ਬਸਾਂ ’ਚ ਚੜ੍ਹਨ ਦੀ
ਉਹਨਾਂ ਨੇ ਪੁੱਜਣਾ
ਹੈ ਬੰਗਾਲ, ਉੜੀਸਾ
ਅਤੇ ਬਿਹਾਰ ਦੇ ਦੂਰ-ਦਰਾਜ
ਦੇ ਹਿੱਸਿਆਂ ਤੱਕ।
ਇਹਨਾਂ ਰੰਗ-ਬਰੰਗਿਆਂ
ਬੱਸਾਂ ਕੋਲ ਹਨ ਅੱਧੇ-ਅਧੂਰੇ ਪਰਮਿਟ
ਛਤਾਂ ’ਤੇ ਲੱਦਿਆ ਹੋਇਆ ਹੈ
ਬਗੈਰ ਪਰਚੇ ਦਾ ਮਾਲ
ਜਿਸਨੂੰ ਲੈਕੇ ਜਾ ਰਹੇ
ਹਨ ਛੋਟੀ ਬਸਤਿਆਂ ਦੇ ਦੁਕਾਨਦਾਰ,
ਮਿਹਰਬਾਨ ਹੈ ਪੁਲਿਸ
ਅਤੇ ਸਰਕਾਰੀ ਬਾਬੂ
ਸ਼ਾਇਦ ਇਸੇ ਕਰਕੇ ਅਜੇ
ਵੀ ਨਹੀਂ ਬਦਲਿਆ ਹੈ ਨਾਂਉ
ਇਸ ਪੁਰਾਣੇ ਗੰਗਾ ਘਾਟ ਦਾ।
ਉਸ ਦਿਨ ਸਾਢੇ ਬਾਰਾਂ
ਵੱਜੇ ਹੋਣਗੇ ਸ਼ਾਇਦ
ਰਾਤ ਦੇ ਹਨੇਰੇ ਵਿੱਚ
ਸੁਣਦੀ ਹੈ ਇੱਕ ਚੀਖ
ਉਸ ਕੁੜੀ ਦੀ ਜਿਸ ਨੂੰ
ਸੁੱਟ ਦਿੱਤਾ ਜਾਂਦਾ ਹੈ
ਬਲਾਤਕਾਰ ਤੋਂ ਬਾਅਦ
ਬਾਬੂ ਘਾਟ ’ਤੇ ਸੜਕ ਦੇ ਕੰਢੇ,
ਇਹ ਕਹਿੰਦੇ ਹੋਇਆਂ– ਲੈ ਛੱਡ ਦਿੱਤਾ ਤੈਂਨੂੰ, ਜਾਹ, ਮਰ ਪਰਾਂ
ਸੁੱਤੀ ਰਹਿੰਦੀ ਹੈ
ਪੁਲਿਸ
ਜਾਗਦੇ ਨਹੀਂ ਉਹ ਬੰਦੇ
ਜਿਹੜੇ ਰਹਿੰਦੇ ਹਨ ਉਸ ਸੜਕ ’ਤੇ।
ਲਹੂ-ਲੁਹਾਨ, ਲੁੱਟੀ-ਪੁੱਟੀ ਕੁੜੀ
ਲੱਭਦੀ ਹੈ ਪੁਲਿਸਨੂੰਉੱਥੋਂ
ਤਿੰਨ ਕਿਲੋਮੀਟਰ ਦੂਰ
ਹਾਵੜਾ ਸਟੇਸ਼ਨ ’ਤੇ।
ਬਾਬੂ ਘਾਟ : ਸਵੇਰੇ
05.30 ਵਜੇ…
ਦਿਨ ਚੜ੍ਹ ਰਿਹਾ ਹੈ।
ਭੱਠਿਆਂ, ਅਂਗੀਠਿਆਂ ਵਿੱਚ ਮਘ
ਰਿਹਾ ਹੈ ਚੋਰੀ ਦਾ ਕੋਲਾ।
ਨਿੱਤੇਨੇਮ ਤੋਂ ਵਿਹਲੇ
ਹੋਏ ਲੋਕੀਂ
ਬਹੁਤ ਛੋਟੇ ਜਿਹੇ ਕੁਲ੍ਹੜ
ਵਿੱਚ ਘੁੱਟ ਕੁ ਚਾਹ ਪੀਕੇ
ਇਕੱਠੇ ਹੋਣ ਲੱਗਦੇ
ਹਨ ਕੰਮ-ਧੰਦੇ ਲਈ,
ਲੱਗਦਾ ਹੈ ਛੇਤੀ ਹੀ
ਸ਼ੁਰੂ ਹੋਣ ਵਾਲੀ ਹੈ
ਸੱਤਿਆਜੀਤ ਰੇਅ ਦੀ
ਕਿਸੀ ਫਿਲਮ ਦੀ ਸ਼ੂਟਿੰਗ।
ਤੇਲ ਨਾਲ ਲਿਥੜਿਆਂ
ਬੋ ਮਾਰਦੀਆਂ ਦਰੀਆਂ ਕੱਛ ਵਿੱਚ ਦੱਬੀ
ਸਰ੍ਹੋਂ ਦੇ ਤੇਲ ਦੀਆਂ
ਸ਼ੀਸ਼ਿਆਂ ਹੱਥੀਂ ਫੜੀ
ਨਮੂਦਾਰ ਹੁੰਦੇ ਹਨ
ਕੁਝ ਬੰਦੇ
ਅਤੇ ਗੰਗਾ ਕੰਢੇ ਸ਼ੁਰੂ
ਹੋ ਜਾਂਦਾ ਹੈ ਮਸਾਜ ਪਾਰਲਰ
ਜਿੱਥੇ ਆਉਂਦੇ ਹਨ ਬੜੇ
ਬਜਾਰ ਦੇ ਸੇਠ ਅਤੇ ਵਿਉਪਾਰੀ
ਨਵੇਂ ਨਕੋਰ ਬਣਨ ਲਈ।
ਬਾਬੂ ਘਾਟ : ਸਵੇਰੇ 08.30 ਵਜੇ….
ਗੰਗਾ ਇਸਨਾਨ ਕਰਕੇ
ਪਰਤ ਰਹੇ ਹਨ ਲੋਕੀਂ
ਗਿੱਲੇ ਲੀੜੇਆਂ ਵਿੱਚ
ਬਿਰਧ, ਜਵਾਨ, ਜਨਾਨਿਆਂ, ਨਿਆਣੇ
ਸਟ੍ਰੈਂਡ ਰੋਡ ਤੋਂ
ਬੜੇ ਬਜਾਰ ਦੀਆਂ ਚਾਲਨੁਮਾ ਹਵੇਲਿਆਂ ਵਲ੍ਹ।
ਕੁਝ ਆਪਣੇ ਸੰਸਕਾਰਾਂ
ਨੂੰ ਲਿਸ਼ਕਾ ਕੇ ਪਰਤ ਰਹੇ ਹਨ ਅਤੇ
ਕੁਝ ਅਰਾਧਨਾ ਕਰਕੇ
ਦੁਰਗਾ, ਸ਼ਿਵ ਅਤੇ ਹਨੁਮਾਨ ਦੀ
ਜੋ ਇਹਨਾਂ ਨੂੰ ਦੇਣਗੇ
ਰਿਜਕ, ਸੁਖ ਅਤੇ ਸੰਤੋਖ
ਇਹਨਾਂ ਨੂੰ ਹੋਰ ਕੁਝ
ਨਹੀਂ ਚਾਹੀਦਾ ਜਿੰਦਗੀ ਵਿੱਚ
ਅਕਲਮੰਦਾਂ ਨੂੰ ਤਾਂ
ਇਹ ਨੌਕਰ ਰੱਖ ਲੈਂਦੇ ਹੀ ਹਨ।
ਗਰੀਬੜੇ ਰੁੱਝੇ ਹੋਏ
ਹਨ ਆਪਣੇ ਧੰਧੇ ਵਿੱਚ
ਦਾਨ, ਦੱਖਣਾ, ਭੀਖ ਜੋ ਵੀ ਮਿਲ ਜਾਵੇ
ਉਸਨੂੰ ਸਾਂਭਣ ’ਚ
ਸਿਰ ਮੁੰਨਣ, ਹਜਾਮਤ ਬਨਾਉਣ ’ਚ।
ਬਾਬੂ ਘਾਟ : ਸਵੇਰੇ
09.30 ਵਜੇ….
ਮਿਲ ਲਵੋ ਇਸ ਅਘੋਰੀ
ਨੂੰ
ਇਹ ਬਦਲਦਾ ਹੈ ਲੋਕਾਂ
ਦੀ ਕਿਸਮਤ
ਲੈ ਕੇ ਪੰਜਾਂ ਰੁਪੱਇਆਂ
ਤੋਂ ਗਿਆਰਾਂ ਤੱਕ।
ਬੜੀ ਤੇਜੀ ਨਾਲ ਬੋਲਦਾ
ਹੈ ਬਾਂਗਲਾ।
ਇਸ ਨੂੰ ਪੂਰੀ ਜਾਨਕਾਰੀ
ਹੈ
ਕਲਿਕਾਤਾ, ਸੂਤਾਨਾਤੀ ਅਤੇ ਗੋਬਿੰਦਪੁਰ
ਤੋਂ ਲੈਕੇ
ਬ੍ਰਿਟਿਸ਼ ਇੰਡੀਆ ਦੇ
ਇਤਿਹਾਸ ਦੀ।
ਇਸਨੂੰ ਪਤਾ ਹੈ ਕਿਸ
ਕਾਰਣ ਰਹਿੰਦੇ ਹਨ
ਬੰਗਾਲੀ ਬਾਬੂ ਪਰੇਸ਼ਾਨ,
ਦੇਸ਼ ਦੀ ਸਭ ਤੋਂ ਪੜ੍ਹੀ-ਲਿਖੀ
ਕੌਮ
ਨਿਆਂ ਅਤੇ ਸੰਸਕ੍ਰਿਤੀ
ਦੇ ਪ੍ਰਤੀ ਸਜਗ।
ਹਰ ਸਮੱਸਿਆ ਦਾ ਇਲਾਜ
ਕਰਦਾ ਹੈ ਦਾਦੂ
ਮੁੰਦਰਿਆਂ ਪੁਆ ਕੇ
ਗੰਡੇ ਅਤੇ ਤਬੀਤ ਬੰਨ੍ਹ
ਕੇ।
ਕਿਸੇ ਬੰਗਾਲੀ ਨੂੰ
ਦੇਖਿਆ ਤੂਸੀ
ਬਗੈਰ ਤਬੀਤ ਅਤੇ ਮੁੰਦਰਿਆਂ
ਦੇ ?
ਇੱਥੋਂ ਹੀ ਨਿਅੰਤ੍ਰਿਤ
ਹੁੰਦੀ ਹੈ
ਇੱਥੋਂ ਦੇ ਵਿਚਾਰਵਾਨਾਂ
ਦੀ ਕਿਸਮਤ
ਜੋ ਦਿਨ ਦੀ ਰੋਸ਼ਨੀ
ਵਿੱਚ ਨਹੀਂ ਕਰਦੇ ਰੱਬ ’ਤੇ ਯਕੀਨ।
ਚਲੋ ਹੁਣ ਮੁੜ ਚੱਲਿਏ
ਆਪਣੇ ਇਸ ਸੁਆਲ ਦੇ ਨਾਲ
ਕਿ ਨੌ ਗ੍ਰਹਾਂ ਦੀ
ਅਠਾਰਾਂ ਮੁੰਦਰਿਆਂ ਪਾ ਕੇ ਵੀ
ਇਹ ਅਘੋਰੀ ਕਿਉਂ ਬੈਠਾ
ਹੈ ਬਾਬੂ ਘਾਟ ਦੇ ਫੁਟਪਾਥ ’ਤੇ?
ਕੀ ਇਸਦੀਆਂ ਸੇਵਾਵਾਂ
ਲਈਆਂ ਹੋਣਗੀਆਂ ਜੌਬ ਚਾਰਣਕ ਨੇ?
===
(4)
ਤੂੰ ਕਿੱਥੇ ਹੈਂ ਪਿਯਾਲੀ
ਘੋਸ਼ ?
ਜਦੋਂ ਵੀ ਮੇਰਾ ਕੋਈ
ਦੋਸਤ ਕੋਲਕਾਤਾ ਪਹੁੰਚਦਾ ਹੈ;
ਕਿਸੇ ਨਾ ਕਿਸੇ ਬਹਾਨੇ
ਨਾਲ
ਮੈਂਥੋਂ ਜ਼ਰੂਰ ਪੁੱਛਦਾ ਹੈ ਤੇਰਾ ਪਤਾ।
ਮੈਂ ਇਹੀ ਆਖਦਾ ਹਾਂ
- ਪਿਯਾਲੀ ਘੋਸ਼ ਮੈਨੂੰ ਆਖਰੀ ਵਾਰ
ਨੈਸ਼ਨਲ ਲਾਇਬ੍ਰੇਰੀ
ਦੀਆਂ ਪੌੜੀਆਂ ’ਤੇ 2013 ’ਚ ਮਿਲੀ ਸੀ
ਮੇਰੇ ਦੋਸਤ ਤੈਨੂੰ
ਲੱਭਣ ਲਈ
ਕਈ ਵਾਰੀ ਨੈਸ਼ਨਲ ਲਾਇਬ੍ਰੇਰੀ
ਗਏ,
ਪਰ ਉਹਨਾਂ ਨੂੰ ਵੱਡੀਆਂ-ਵੱਡੀਆਂ
ਬੋਲਦੀਆਂ ਅੱਖਾਂ ਵਾਲੀ
ਅਤੇ ਚਾਂਦੀ ਦੀਆਂ ਰਿਸ਼ਮਾਂ
ਵਾਂਗ ਲਿਸ਼ਕਦੇ ਵਾਲਾਂ ਵਾਲੀ
ਪਿਯਾਲੀ ਘੋਸ਼ ਨਹੀਂ
ਮਿਲੀ।
ਉਹ ਸੀ ਪੀ ਆਈ ਐਮ ਦੇ
ਅਲੀਮੁਦੀਨ ਸਟ੍ਰੀਟ
ਵਾਲੇ ਦਫ਼ਤਰ ਵੀ ਗਏ,
ਪਰ ਤੇਰੀ ਕੋਈ ਉੱਘ-ਸੁੱਘ
ਨਾ ਮਿਲੀ।
ਇੱਕ ਦੋਸਤ ਜੋ ਇਨ੍ਹੀਂ
ਦਿਨੀਂ ਕੋਲਕਾਤਾ ’ਚ ਹੈ,
ਅੱਜ ਸਵੇਰੇ ਫ਼ੋਨ ’ਤੇ ਕਹਿ ਰਿਹਾ ਸੀ
-
ਤੂੰ ਕਿਉਂ ਨਹੀਂ ਦਿੰਦਾ
ਆਪਣੀ ਦੋਸਤ ਦਾ ਪਤਾ ?
ਤੇਰੀ ਕਵਿਤਾ ਪੜ੍ਹ
ਕੇ
ਮੈਂ ਸੀ ਪੀ ਐਮ ਦੇ
ਚੋਣ ਉਮੀਦਵਾਰਾਂ ਦੀ
ਬੰਗਾਲ ਦੀ ਪੂਰੀ ਸੂਚੀ
ਖੰਗਾਲ ਛੱਡੀ ਹੈ।
ਜੇਕਰ ਉਹ ਭਾਰਤ ਵਿੱਚ
ਹੁੰਦੀ
ਤਾਂ ਉਹ ਪਾਰਟੀ ਦੀ
ਸਰਗਰਮ ਵਰਕਰ ਬਣੀ ਰਹਿੰਦੀ
ਮੈਂਨੂੰ ਕਿਸੇ ਚੋਣ
ਰੈਲੀ ਵਿਚ ਜ਼ਰੂਰ ਮਿਲ ਸਕਦੀ ਸੀ।
ਮੈਂ ਕਿਹਾ - ਕਿਊਬਾ, ਉੱਤਰੀ ਕੋਰੀਆ, ਵੀਅਤਨਾਮ,
ਲਾਓਸ ਜਾਂ ਚੀਨ ਚਲੀ
ਗਈ ਹੋਵੇਗੀ ।
ਆਪਣੇ ਮਰਹੂਮ ਪਤੀ ਦੇ
ਅਧੂਰੇ ਕੰਮਾਂ ਨੂੰ
ਨੇਪਰੇ ਚਾੜ੍ਹਣ ਲਈ
ਕਿਸੇ ਨਕਸਲੀ ਦਬਦਬੇ
ਵਾਲੇ ਇਲਾਕੇ ਵਿੱਚ ਚਲੀ ਗਈ ਹੋਵੇਗੀ !
ਇਹ ਵੀ ਮੁਮਕਿਨ ਹੈ
ਕਿ ਆਪਣੇ ਪਤੀ ਵਾਂਗ ਹੀ ਕਿਸੇ ਮੁਹਿਮ ਵਿੱਚ ਮਾਰੀ ਗਈ ਹੋਵੇ?
ਤੂੰ ਕਿਹੋ ਜਿਹਾ ਪ੍ਰੇਮੀ
ਏ ? ਦੋਸਤ ਖਿਝਦਾ ਹੈ।
ਮੇਰੇ ਜ਼ਹਿਨ ਵਿੱਚ
ਇੱਕ ਲੰਮੀ
‘ਬਲੈਕ ਐਂਡ ਵ੍ਹਾਈਟ’ ਫਿਲਮ ਚੱਲਦੀ ਹੈ।
ਮੈਂ ਆਪਣੇ ਆਪ ਨੂੰ
ਪੁੱਛਦਾ ਹਾਂ -
ਕੀ ਮੈਂ ਕਦੇ ਪਿਯਾਲੀ
ਘੋਸ਼ ਨੂੰ ਪਿਆਰ ਕੀਤਾ ਸੀ?
ਜਦੋਂ 1984 ਵਿੱਚ ਮੈਂ ਉਸ ਨੂੰ
ਪਹਿਲੀ ਵਾਰ ਮਿਲਿਆ ਸੀ
ਉਹ ਇੱਕ ਸੋਹਣੀ ਮੁਟਿਆਰ
ਸੀ
ਜੋ ਪ੍ਰੈਜ਼ੀਡੈਂਸੀ
ਕਾਲਜ ਵਿੱਚ
ਰਾਜਨੀਤੀ ਸ਼ਾਸਤਰ ਅਤੇ
ਸੰਗੀਤ ਦੀ ਪੜ੍ਹਾਈ ਕਰਦਿਆਂ
ਸੀ ਪੀ ਐਮ ਦੀ ਅਹਿਮ
ਵਰਕਰ ਬਣ ਗਈ ਸੀ।
ਉਹ ਜੋਤੀ ਬਾਬੂ ਦੀ
ਪ੍ਰਚੰਡ ਸਮਰਥਕ ਸੀ
ਅਤੇ ਪ੍ਰੋਲਤਾਰੀ ਦੇ
ਹੱਕਾਂ ਨਾਲ ਸਬੰਧਤ
ਮੁਹਿਮ ਵਿੱਚ ਸਰਗਰਮ
ਸੀ।
ਮੈਂ ਕੀ ਸੀ? ਵ੍ਹਾਈਟ ਕਾਲਰ ਜੌਬ
ਨਾਲ ਬੱਝਾ ਬੈਂਕ ਅਫ਼ਸਰ,
ਸੁਰੱਖਿਅਤ ਪਿਆਰ ਵਿੱਚ
ਜੀ ਰਿਹਾ ਇੱਕ ਆਮ ਆਦਮੀ।
ਕੀ ਮੈਨੂੰ ਉਸ ਨੂੰ
ਪਿਆਰ ਕਰਨ ਦਾ ਕੋਈ ਨੈਤਿਕ ਹੱਕ ਸੀ?
ਉਹ ਇੱਕ ਚੰਗੀ ਦੋਸਤ
ਸੀ,
ਜਿਸ ਦੀ ਹਰ ਅਦਾ ਹੈਰਾਨ
ਕਰਨ ਵਾਲੀ ਸੀ।
ਮੈਂ ਪਿਯਾਲੀ ਘੋਸ਼
ਨੂੰ ਸਮੇਂ ਦੇ ਨਾਲ ਉਸੇ ਤਰ੍ਹਾਂ ਭੁੱਲ ਗਿਆ
ਜਿਵੇਂ ਬੱਚਾ ਮਾਂ ਦੇ
ਦੁੱਧ ਦਾ ਸੁਆਦ ਭੁੱਲ ਜਾਂਦਾ ਹੈ।
ਪਰ ਕਦੇ ਨਹੀਂ ਭੁੱਲਦਾ
ਮਾਂ ਦਾ ਸਾਥ,
ਜਿਸ ਨਜ਼ਰ ਨੇ ਉਸਨੂੰ
ਰਿਸ਼ਤਿਆਂ ਨੂੰ ਸਮਝਣਾ ਸਿਖਾਇਆ।
ਪਿਯਾਲੀ ਘੋਸ਼ ਵਿੱਚ
ਇੱਕ ਸੰਪੂਰਨ ਔਰਤ ਦੇਖੀ ਸੀ।
ਮੈਂ ਸੁਣਿਆ ਸੀ ਕਿ
ਧਰਤੀ ਗੋਲ ਹੈ ਅਤੇ ਸਮਾਂ ਕਦੇ ਨਹੀਂ ਮੁੜਦਾ।
ਪਰ ਉਸ ਦਿਨ ਮੇਰੇ ਸਾਹਮਣੇ
ਕਿਸੇ ਬਲਵਾਨ ਗ੍ਰਹਿ ਦੀ ਮਹਾਂ-ਦਸ਼ਾ ਵਾਂਗ
29 ਸਾਲਾਂ ਬਾਅਦ ਸਮਾਂ
ਪਰਤ ਆਇਆ ਸੀ;
ਪਿਯਾਲੀ ਘੋਸ਼ ਸਵਰਗ
ਦੀ ਅਪਸਰਾ ਵਾਂਗ ਮੇਰੇ ਸਾਹਮਣੇ ਖੜ੍ਹੀ ਸੀ।
ਨੈਸ਼ਨਲ ਲਾਇਬ੍ਰੇਰੀ
ਦੀਆਂ ਪੌੜੀਆਂ ’ਤੇ।
ਉਮਰ-ਸਬੰਧਤ ਪਰਿਪੱਕਤਾ
ਤੋਂ ਇਲਾਵਾ
ਉਸ ਵਿੱਚ ਕੋਈ ਬਦਲਾਅ
ਨਹੀਂ ਸੀ ਆਇਆ।
ਉਹ ਪਹਿਲਾਂ ਨਾਲੋਂ
ਵੀ ਸੋਹਣੀ ਹੋ ਗਈ ਸੀ,
ਉਸਦੇ ਅਨੁਭਵ ਅਤੇ ਜੀਵਨ-ਦ੍ਰਿਸ਼ਟੀ
ਨੇ
ਉਸਦੇ ਚਿਹਰੇ ਨੂੰ ਹੋਰ
ਤੇਜ਼ਵਾਨ ਬਣਾ ਦਿੱਤਾ ਸੀ।
ਉਹ ਮਹਾਭਾਰਤ ਦੇ ਯੁੱਧ
ਤੋਂ ਬਾਅਦ ਦਰੌਪਦੀ ਵਰਗੀ
ਚੈਤੰਨ ਇਸਤਰੀ ਬਣ ਗਈ
ਸੀ;
ਜਿਸ ਨੇ ਲੜਾਈ, ਖੂਨ ਅਤੇ ਕਤਲਾਂ ਨੂੰ
ਬਗੈਰ ਹਾਰੇ ਸ਼ਾਲੀਨਤਾ
ਨਾਲ ਸਹਿ ਲਿਆ ਸੀ।
ਪਿਯਾਲੀ ਘੋਸ਼ ਦੇ ਅਦਭੁਤ
ਕਾਇਆਕਲਪ ਅੱਗੇ
ਮੇਰੀ ਜ਼ਿੰਦਗੀ ਵਿੱਚ
ਭੌਤਿਕ ਸੁਖਾਂ ਦੀ ਇੱਕ ਮੱਧਮ ਰੌਸ਼ਨੀ ਸੀ,
ਜਿਸ ਨੂੰ ਮੈਂ ਹਰ ਪਲ
ਹਾਰ-ਹਾਰ ਕੇ ਸੰਜੋਇਆ ਸੀ।
ਉਸ ਦੀ ਹਿੰਮਤ ਅਤੇ
ਸੰਘਰਸ਼ ਦੀ ਰੌਸ਼ਨੀ ਸੂਰਜ ਵਾਂਗ ਸੀ
ਜਿਸ ਵਿੱਚ ਮੇਰੀਆਂ
ਅੱਖਾਂ ਚੁੰਧਿਆ ਗਈਆਂ ਸਨ।
ਮੈਂ ਉਸ ਦੇ ਕਿਸੇ ਸੱਦੇ ਨੂੰ ਕਿਵੇਂ ਸਵੀਕਾਰ ਕਰ ਸਕਦਾ ਸੀ?
ਸੁਨੇਤਰਾ,
ਤੂੰ ਇਸ ਥੱਕੇ - ਹਾਰੇ
ਹੋਏ ਆਦਮੀ ਦੇ
ਕਠੋਰ ਹਉਮੈ ਨੂੰ ਚੰਗੀ
ਤਰ੍ਹਾਂ ਜਾਣਦੀ ਏਂ;
ਦੱਸ ਮੈਂ ਪਿਯਾਲੀ ਘੋਸ਼
ਦਾ ਪਤਾ
ਆਪਣੀ ਕਿਸ ਜੇਬ ਵਿੱਚ
ਸਾਂਭਦਾ ?
===
(5)
ਪਿਯਾਲੀ ਘੋਸ਼
ਬਹੁਤ ਸਾਲਾਂ ਬਾਅਦ
ਅੱਜ ਦੁਪਹਿਰੇ ਮਿਲੀ ਪਿਯਾਲੀ ਘੋਸ਼
ਨੈਸ਼ਨਲ ਲਾਇਬ੍ਰੇਰੀ
ਦੀਆਂ ਪੌੜੀਆਂ 'ਤੇ,
ਜੇਕਰ ਕਿਤੇ ਹੋਰ ਮਿਲਦੀ
ਤਾਂ ਵੀ ਮੈਂ ਉਸ ਨੂੰ ਪਛਾਣ ਲੈਣਾ ਸੀ
ਪਰ ਉਸ ਲਈ ਮੈਨੂੰ ਪਛਾਣਨਾ
ਆਸਾਨ ਨਹੀਂ ਹੁੰਦਾ
ਇਤਨਾ ਬਦਲ ਜੋ ਗਿਆ
ਹਾਂ ਮੈਂ।
ਕਿੰਨਾ ਘੱਟ ਬਦਲਾਅ
ਹੋਇਆ ਸੀ ਉਸ ਵਿੱਚ,
ਉਹੀ ਦੁਬਲਾ ਪਤਲਾ ਸਰੀਰ
ਅਲਸਾਇਆ ਜਿਹਾ ਕਣਕ
ਵੰਨਾ ਰੰਗ
ਵੱਡੀਆਂ- ਵੱਡੀਆਂ ਅੱਖਾਂ
ਅਤੇ ਛਣਕਦੀ ਜਿਹੀ ਅਵਾਜ਼,
ਤਾਂਤ ਦੀ ਸਾੜੀ ਵਿੱਚ
ਵਲੇਟੀ ਹੋਈ ਗੁੱਡੀ ਜਿਹੀ...
ਬਸ ਵਾਲਾਂ’ਚ ਚਾਂਦੀ ਦੀਆਂ ਕੁਝ
ਰਿਸ਼ਮਾਂ ਉੱਭਰ ਆਈਆਂ ਸਨ
ਉਸ ਦਾ ਚਿਹਰਾ ਪੜ੍ਹਨਾ
ਅਜੇ ਵੀ ਸੌਖਾ ਨਹੀਂ ਸੀ
ਪਰ ਮੈਨੂੰ ਫੇਰ ਤੋਂ
ਪਿਯਾਲੀ ਘੋਸ਼ ਦਿਲਕਸ਼ ਲੱਗੀ।
ਕੀ ਚਲ ਰਿਹਾ ਹੈ ਜ਼ਿੰਦਗੀ
ਵਿਚ?
ਰਸਮੀ ਤੌਰ ’ਤੇ ਪੁੱਛਣਾ ਠੀਕ ਵੀ ਤਾਂ ਨਹੀਂ ਸੀ।
ਪਰ ਇਹ ਮੇਰੀ ਬੇਚੈਨੀ
ਕਾਰਨ ਪੁੱਛ ਹੋ ਗਿਆ।
ਮੇਰੇ ਸਵਾਲ ਦਾ ਕੋਈ
ਜਵਾਬ ਨਹੀਂ ਦਿੱਤਾ ਉਸਨੇ
ਚੁੱਪ ਪੰਘਰਦੀ ਰਹੀ
ਸਾਡੇ ਵਿਚਕਾਰ ।
ਅਸੀਂ ਸਾਰੀ ਜ਼ਿੰਦਗੀ
ਨੂੰ
ਖੰਡਾਂ ਵਿੱਚ ਵੰਡ ਕੇ ਤਾਂ ਨਹੀਂ ਲਿਖਦੇ ਕਿਸੇ ਵੀ ਡਾਇਰੀ ਵਿੱਚ
ਤਾਂ ਜੋ ਸੁਣਾ ਛੱਡਿਏ
ਹਾਲ ਹੀ ਵਿੱਚ ਲਿਖੇ ਕੁਝ ਪੰਨੇ।
ਕਿਸੇ ਡਾਇਰੀ ਵਿੱਚ
ਲੱਗਿਆਂ ਹੁੰਦਿਆਂ ਹਨ ਕੀਲਿਆਂ
ਜਿਹਨਾਂ ਉੱਤੇ ਦੁੱਖ
ਅਤੇ ਸੁਖ ਟੰਗ ਦਿੱਤੇ ਜਾਣ
ਵੱਖ ਵੱਖ ਰੰਗਾਂ ਦੀਆਂ
ਪਤੰਗਾਂ ਵਾਂਗ
ਸਭ ਕੁਝ ਉਲਝਿਆ ਹੀ
ਰਹਿੰਦਾ ਹੈ ਜ਼ਿੰਦਗੀ ਦੇ ਕਬਾੜ ਵਿਚ ।
ਵਿਆਹ ਕਰਵਾ ਲਿਆ? ਬੱਚੇ ਹਨ? ਨੌਕਰੀ ਵੀ ਕਰ ਰਿਹਾ
ਹੋਵੋਗਾਂ...
ਉਹ ਬਸ ਸਵਾਲ ਪੁੱਛਦੀ
ਰਹੀ,
ਜਵਾਬ ਸ਼ਾਇਦ ਮੇਰੇ
ਚਿਹਰੇ ’ਤੇ ਲਿਖੇ ਹੋਏ ਸਨ
ਅਤੇ ਉਹ ਪੜ੍ਹਨਾ ਜਾਣਦੀ
ਸੀ ।
ਮੈਂ ਤਿੰਨ ਵਿਆਹ ਕੀਤੇ,
ਪਹਿਲੇ ਨੇ ਮੈਨੂੰ ਛੱਡ
ਦਿੱਤਾ
ਕਿਉਂਕਿ ਮੈਂ ਆਪਣੇ
ਮਾਤਾ-ਪਿਤਾ ਨੂੰ ਨਹੀਂ ਛੱਡ ਸਕਦੀ ਸੀ
ਅਤੇ ਨਾ ਹੀ ਪਾਰਟੀ
ਪੋਲਿਟ ਬਿਊਰੋ ਨੂੰ।
ਦੂਜੇ ਨੂੰ ਮੈਂ ਛੱਡ
ਦਿੱਤਾ
ਕਿਉਂਕਿ ਮੈਂ ਇੱਕ ਖੁੱਦਾਰ
ਔਰਤ ਹਾਂ
ਉਸਦੀ ਆਇਆ ਨਹੀਂ ਬਣ
ਸਕਦੀ ਸੀ।
ਤੀਜੇ ਦੀ ਪਿਛਲੇ ਵਰ੍ਹੇ
ਹੀ ਮੌਤ ਹੋਈ ਹੈ
ਉਹ ਨਕਸਲੀ ਲਹਿਰ ਵਿੱਚ
ਸਰਗਰਮ ਸੀ।
ਡਾਕਟਰ ਸੀ ਅਤੇ ਦਿਨ
ਰਾਤ ਜੰਗਲਾਂ ਵਿੱਚ ਘੁੰਮਦਾ ਸੀ
ਆਦਿਵਾਸੀਆਂ ਦਾ ਦੁੱਖ-ਦਰਦ
ਸਾਂਝਾ ਕਰਦਿਆਂ
ਉਸਦੀ ਮੌਤ ਪੁਲਿਸ ਦੀ
ਗੋਲੀ ਨਾਲ ਹੋਈ।
ਮੈਂ ਬਹੁਤ ਖੁਸ਼ ਸੀ
ਉਸ ਨਾਲ
ਇਨ੍ਹੀਂ ਦਿਨੀਂ ਮੈਂ
ਉਸ ਦੇ ਅਧੂਰੇ ਲੇਖਾਂ ਨੂੰ ਪੂਰਾ ਕਰ ਰਹੀ ਹਾਂ।
ਇੰਝ ਅਜੇ ਵੀ ਖੁਸ਼
ਹਾਂ ਉਸਦੇ ਨਾਲ।
ਪਿਯਾਲੀ ਘੋਸ਼ ਮੁਸਕਰਾ ਰਹੀ ਸੀ
ਉਸੇ ਜਾਣੇ-ਪਛਾਣੇ ਅੰਦਾਜ਼
ਵਿੱਚ।
ਇਤਨਾ ਕੁਝ ਖਿੱਲਰਿਆ
ਪਿਆ ਹੈ ਮੇਰੀ ਜ਼ਿੰਦਗੀ ਵਿੱਚ
ਜੋ ਚਾਹੇਂ ਇਕੱਠਾ ਕਰ
ਸਕਦਾ ਏਂ,
ਕਿੰਨੀਆਂ ਸਾਰੀਆਂ ਕਵਿਤਾਵਾਂ
ਅਤੇ ਕਹਾਣੀਆਂ ਲਿਖ ਲਵੇਂਗਾ ਤੂੰ।
ਮੇਰੇ ਘਰ ਵਿੱਚ ਤੇਰਾ
ਸੁਆਗਤ ਹੈ...
ਫ਼ੋਨ ਨੰਬਰ ਰੱਖ ਲੈ।
ਦੁਬਾਰਾ ਕਦੋਂ ਮਿਲਣਾ
ਚਾਹੇਂਗਾ?
ਬਾਏ ਕਹਿ ਕੇ ਤੁਰਦੇ
ਹੋਇਆਂ ਮੈਂ ਸੋਚਦਾ ਹਾਂ
ਕੀ ਹੋਵੇਗਾ ਪਿਯਾਲੀ ਘੋਸ਼ ਨੂੰ ਦੁਬਾਰਾ ਮਿਲ ਕੇ।
ਇਹ ਉਹ ਪਿਯਾਲੀ ਘੋਸ਼ ਨਹੀਂ ਹੈ
ਜਿਸ ਨੂੰ ਮੈਂ ਵਰ੍ਹਿਆਂ
ਪਹਿਲਾਂ ਗੁਆ ਦਿੱਤਾ ਸੀ।
===
ਲੇਖਕ ਪਰਿਚੈ – ਰਾਜੇਸ਼ਵਰ ਵਸਿਸ਼ਠ
ਜਨਮ 30 ਮਾਰਚ 1958 ਨੂੰ ਹਰਿਆਣਾ ਦੇ ਭਿਵਾਨੀ ਵਿੱਖੇ। ਸਿੱਖਿਆ – ਹਿੰਦੀ ਐਮ ਐ ਅਤੇ ਐਮ ਫਿਲ ਸਹਿਤ ਜਰਨਲਿਜਮ ਵਿੱਚ ਪੀ. ਜੀ. ਡਿਪਲੋਮਾ। ਅਕਾਸ਼ਵਾਣੀ ਰੋਹਤਕ ਤੋਂ ਬਤੌਰ ਅਨਾਂਉਸਰ ਕਰਿਅਰ ਦੀ ਸ਼ੁਰੂਆਤ। 1984 ਤੋਂ 2018 ਤੱਕ ਬੈਂਕ ਨੂੰ ਸੇਵਾਂਵਾ ਦੇਣ ਤੋਂ ਬਾਅਦ ਬਤੌਰ ਚੀਫ਼ ਮੈਨੇਜਰ ਰਿਟਾਇਰਮੇਂਟ। 4 ਨਾਵਲ, 9 ਕਵਿਤਾ ਸੰਗ੍ਰਹਿ, ਇੱਕ ਦਰਜਨ ਤੋਂ ਵੱਧ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਿਤ। ਸੁਣੋ ਵਾਲਮੀਕਿ, ਸੋਨਾਗਾਛੀ ਕੀ ਮੁਸਕਾਨ, ਕੁਛ ਤੋ ਕਹੋ ਕਬੀਰ, ਯੁੱਧ ਸਿਰਫ਼ ਸਰਹਦੋਂ ਪਰ ਨਹੀਂ ਹੋਤੇ ਆਦਿ ਕਵਿਤਾ ਸੰਗ੍ਰਹਿ ਅਤੇ ਮੁਟ੍ਠੀ ਭਰ ਲੜਾਈ ਸਹਿਤ ਕਈ ਜਿਕਰਯੋਗ ਨਾਵਲ।
2015 ਵਿੱਚ ਸੁਣੋ ਵਾਲਮੀਕਿ ਕਵਿਤਾ ਸੰਗ੍ਰਹਿ ਵਾਸਤੇ ਹਰਿਆਣਾ ਸਾਹਿਤ ਅਕਾਦਮੀ ਦਾ ਸ਼੍ਰੇਸ਼ਠ ਕਾਵਿ ਕਰਿਤੀ ਸਨਮਾਨ। ਸਾਹਿਤ ਅਰਾਧਨਾ ਸਨਮਾਨ (2018), ਔਰਾ ਸਨਮਾਨ (2018)। ਅੱਜਕਲ - ਫ੍ਰੀ ਲਾਂਸਿੰਗ।
ਧੰਨਵਾਦ ਸਹਿਤ -ਅੱਖਰ, ਜਨਵਰੀ - ਮਾਰਚ, 2026
कोई टिप्पणी नहीं:
एक टिप्पणी भेजें